nabaz-e-punjab.com

ਪੰਜਾਬ ਵਿਧਾਨ ਸਭਾ ਵਿੱਚ ਦੂਜੇ ਦਿਨ ਵੀ ਹੋਇਆ ਹੰਗਾਮਾ, ਤਣਾਅ ਵਾਲਾ ਮਾਹੌਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੂਨ:
ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੇ ਦੂਜੇ ਦਿਨ ਵੀ ਸਦਨ ਵਿੱਚ ਹੰਗਾਮੇ ਵਾਲਾ ਮਾਹੌਲ ਰਿਹਾ। ਇਸ ਦੌਰਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਸਦਨ ਨੂੰ ਦੋ ਵਾਰ ਮੁਲਤਵੀ ਵੀ ਕਰਨਾ ਪਿਆ। ਵਿਧਾਨ ਸਭਾ ਵਿੱਚ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੀ ਬਾਦਲ ਸਰਕਾਰ ਉਪਰ ਵਿਅੰਗ ਕਰਦਿਆਂ ਕਹਿ ਦਿੱਤਾ ਕਿ ਜੀਜਾ ਸਾਲਾ ਲੁੱਟ ਕੇ ਖਾ ਗਏ, ਤੇ ਗਾਇਬ ਹੋ ਗਏ ਹੁਣ ਚੋਰ ਮਚਾਏ ਸ਼ੋਰ। ਇਸ ਕਾਰਨ ਅਕਾਲੀ ਵਿਧਾਇਕ ਭੜਕ ਗਏ ਅਤੇ ਉਹਨਾਂ ਨੇ ਸਦਨ ਵਿੱਚ ਨਾਰੇਬਾਜੀ ਸ਼ੁਰੂ ਕਰ ਦਿੱਤੀ। ਸਪੀਕਰ ਨੇ ਸਿੱਧੂ ਦੇ ਇਹਨਾਂ ਸ਼ਬਦਾਂ ਨੂੰ ਸਦਨ ਦੀ ਕਾਰਵਾਈ ’ਚੋਂ ਕੱਢ ਦਿੱਤਾ ਪਰ ਸਿੱਧੂ ਵਾਰ ਵਾਰ ਇਹ ਸ਼ਬਦ ਦੁਹਰਾਉਂਦੇ ਰਹੇ, ਜਿਸ ਕਾਰਨ ਮਾਹੌਲ ਤਣਾਓ ਪੂਰਨ ਰਿਹਾ।
ਸਦਨ ਵਿਚ ਅਕਾਲੀ ਵਿਧਾਇਕਾਂ ਨੇ ਨਾਰੇਬਾਜੀ ਕਰਕੇ ਮੰਗ ਸ਼ੁਰੂ ਕਰ ਦਿੱਤੀ ਕਿ ਸਿੱਧੂ ਨੇ ਗਾਲ ਕੱਢੀ ਹੈ, ਇਸ ਲਈ ਉਹ ਮੁਆਫੀ ਮੰਗਣ। ਇਸ ਉਪਰੰਤ ਸਿੱਧੂ ਨੇ ਕਿਹਾ ਕਿ ਉਹ ਖੁਦ ਪੜੇ ਲਿਖੇ ਹਨ, ਫਿਰ ਗਾਲ ਕਿਵੇੱ ਕੱਢ ਸਕਦੇ ਹਨ। ਇਸ ਦੌਰਾਨ ਅਕਾਲੀ ਆਗੂ ਅਜੀਤ ਸਿੰਘ ਕੋਹਾੜ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਨੇਤਾ ਨਵਜੋਤ ਸਿੱਧੂ ਤੇ ਮਾਂ-ਭੈਣ ਦੀਆਂ ਗਾਲਾਂ ਕੱਢਣ ਦਾ ਦੋਸ਼ ਲਗਾਇਆ। ਇਸ ਨਾਲ ਸਦਨ ਵਿੱਚ ਭਾਰੀ ਹੰਗਾਮਾ ਹੋ ਗਿਆ ਤੇ ਇਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ। ਇਸ ਤੋੱ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋੱ ਬਾਅਦ ਸਿਫਰ ਕਾਲ ਵਿੱਚ ਵੀ ਹੰਗਾਮਾ ਹੋ ਗਿਆ ਤੇ ਕਾਰਵਾਈ ਫਿਰ 30 ਮਿੰਟ ਲਈ ਮੁਲਤਵੀ ਕਰਨੀ ਪਈ।
ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਦੇ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਅਕਾਲੀ ਵਿਧਾਇਕ ਆਪਣੀਆਂ ਸੀਟਾਂ ਤੋੱ ਖੜੇ ਹੋ ਗਏ ਤੇ ਕਿਸਾਨਾਂ ਦੇ ਮੁੱਦੇ ਤੇ ਚਰਚਾ ਦੀ ਮੰਗ ਕੀਤੀ। ਅਕਾਲੀ ਵਿਧਾਇਕ ਕਿਸਾਨਾਂ ਦੇ ਮੁੱਦੇ ਤੇ ਕੰਮ ਰੋਕੋ ਮਤਾ ਲਿਆਉਣਾ ਚਾਹੁੰਦੇ ਸਨ। ਇਸ ਦੇ ਜਵਾਬ ਵਿੱਚ ਕਾਂਗਰਸ ਦੇ ਵਿਧਾਇਕਾਂ ਨੇ ਵੀ ਅਕਾਲੀ ਦਲ ਦੇ ਵਿਰੁੱਧ ਨਾਅਰੇਬਾਜੀ ਕੀਤੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਅਕਾਲੀ ਦਲ ਤੇ ਹਮਲੇ ਕੀਤੇ ਤੇ ਅਕਾਲੀਆਂ ਵਲੋੱ ਹੰਗਾਮਾ ਕਰਨ ਤੇ ਤਿੱਖਾ ਵਾਰ ਕੀਤਾ। ਸਿੱਧੂ ਨੇ ਕਿਹਾ, ਅਕਾਲੀਆਂ ਦਾ ਹੰਗਾਮਾ ਚੋਰੀ ਤੇ ਉਪਰੋੱ ਸੀਨਾਜ਼ੋਰੀ ਵਰਗਾ ਹੈ।
ਮੁੜ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸਸੀ ਪੋਸਟ ਸਕਾਲਰਸ਼ਿਪ ਦੇ ਫੰਡ ਨੂੰ ਅਕਾਲੀ ਸਰਕਾਰ ਦੇ ਦੌਰਾਨ ਡਾਇਵਰਟ ਕਰਨ ਦੀ ਜਾਂਚ ਹੋਵੇਗੀ। ਮੁੱਖ ਮੰਤਰੀ ਨੇ ਇਸ ਦੀ ਘੋਸ਼ਣਾ ਕੀਤੀ। ਅਹਿਮ ਗੱਲ ਇਹ ਹੈ ਕਿ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਦਨ ਵਿੱਚ ਕਿਹਾ ਕਿ ਕੋਈ ਵੀ ਫੰਡ ਡਾਇਵਰਟ ਨਹੀਂ ਕੀਤੇ ਗਏ। ਉਥੇ ਹੀ ਆਮ ਆਦਮੀ ਪਾਰਟੀ ਵੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਵਿਰੋਧ ਕਰਦੀ ਹੋਈ ਸਦਨ ਵਿੱਚੋਂ ਵਾਕਆਊਟ ਕਰ ਗਈ ਤੇ ‘ਆਪ’ ਦੇ ਵਿਧਾਇਕ ਸੁਖਪਾਲ ਖਹਿਰਾ ਰੇਤ ਮਾਫਿਆ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਸਦਨ ਵਿੱਚੋਂ ਬਾਹਰ ਆ ਗਏ। ਉਥੇ ਹੀ ਫੂਲਕਾ ਨੇ ਪ੍ਰੈਸ ਗੈਲਰੀ ਵਿੱਚ ‘ਆਪ’ ਦੀ ਮੌਕ ਅਸੈਂਬਲੀ ਚਲਾਈ, ਜਿਸ ਦਾ ਸਪੀਕਰ ਬਲਵਿੰਦਰ ਬੈਂਸ ਬਣਾਇਆ ਗਿਆ। ਇਸੇ ਤਰ੍ਹਾਂ ਹਲਕਾ ਜ਼ੀਰਾ ਤੋੱ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਵਿਧਾਨ ਸਭਾ ਵਿੱਚ ਮੋਟਰ ਸਾਈਕਲ ਲੈ ਕੇ ਵੜਨ ਦੀ ਕੋਸ਼ਿਸ਼ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…