Share on Facebook Share on Twitter Share on Google+ Share on Pinterest Share on Linkedin ਸ਼ਾਮਲਾਤ ਜ਼ਮੀਨ ’ਤੇ ਨਾਜਾਇਜ਼ ਕਬਜ਼ਾਧਾਰੀ ਵੱਡੇ ਮਗਰਮੱਛਾਂ ’ਤੇ ਵੀ ਹੋਵੇ ਸਖ਼ਤ ਕਾਰਵਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ: ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਜਮਾਤ ਲਈ ਇਤਿਹਾਸ ਦੀਆਂ ਪੁਸਤਕਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਬਾਰੇ ਕੀਤੀਆਂ ਗਲਤ ਟਿੱਪਣੀਆਂ ਨੂੰ ਉਜਾਗਰ ਕਰਨ ਤੋਂ ਬਾਅਦ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਅਤੇ ਆਈਏਐਸ ਅਧਿਕਾਰੀ (ਸੇਵਾਮੁਕਤ) ਡਾ. ਸਵਰਨ ਸਿੰਘ ਨੇ ‘ਆਪ’ ਸਰਕਾਰ ਵੱਲੋਂ ਪੰਜਾਬ ਵਿੱਚ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਡੇਰਿਆਂ ਵੱਲੋਂ ਕਥਿਤ ਤੌਰ ’ਤੇ ਦੱਬੀਆਂ ਜ਼ਮੀਨਾਂ ਦਾ ਮੁੱਦਾ ਚੁੱਕਦਿਆਂ ਸ਼ਾਮਲਾਤ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਾਧਾਰੀ ਵੱਡੇ ਮਗਰਮੱਛਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਸਿਰਸਾ ਅਤੇ ਡਾ. ਸਵਰਨ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੀ ਆਪ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੇ ਅਭਿਆਨ ਦੀ ਸ਼ਲਾਘਾ ਕਰਦੇ ਹਨ ਪ੍ਰੰਤੂ ਉਨ੍ਹਾਂ ਰਸੂਖਵਾਨਾਂ ਅਤੇ ਡੇਰਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਸ਼ਾਮਲਾਤ ਜ਼ਮੀਨਾਂ ਦੱਬੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਡੇਰਿਆਂ ਖ਼ਿਲਾਫ਼ ਇਸ ਕਰਕੇ ਕਾਰਵਾਈ ਫਾਈਲਾਂ ਵਿੱਚ ਦਫ਼ਨ ਹੋ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਅਫ਼ਸਰ ਅਤੇ ਰਾਜਸੀ ਆਗੂ ਡੇਰੇ ਵਾਲੇ ਬਾਬਿਆਂ ਦੇ ਸ਼ਰਧਾਲੂ ਹਨ। ਪੰਜਾਬ ਵਿੱਚ ਡੇਰਿਆਂ ਵੱਲੋਂ ਦੱਬੀਆਂ ਜ਼ਮੀਨਾਂ ਦਾ ਜ਼ਿਕਰ ਕਰਦਿਆਂ ਜਥੇਦਾਰ ਸਿਰਸਾ ਅਤੇ ਸਵਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਅਤੇ ਕਪੂਰਥਲਾ ਦੇ 22 ਪਿੰਡਾਂ ਦੀ ਸ਼ਾਮਲਾਤ ਜ਼ਮੀਨਾਂ, ਆਮ ਲੋਕਾਂ ਦੀ ਮਾਲਕੀ, ਧਾਰਮਿਕ ਸਥਾਨਾਂ ਦੇ ਰਸਤਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਪਿਛਲੇ ਲੰਮੇ ਸਮੇਂ ਤੋਂ ਦੱਬੀ ਹੋਈ ਹੈ। ਜਮ੍ਹਾਬੰਦੀਆਂ ਵਿੱਚ ਉਕਤ ਨੱਪੀ ਜ਼ਮੀਨ ਨੂੰ ਬੰਜਰ ਕਦੀਮੀ, ਝੰਗੀ, ਰੱਖਾਂ (ਦਰਖ਼ਤ ਝੁੰਡ), ਗੈਰ ਮੁਮਕਿਨ, ਦਰਿਆ ਦੇ ਰੂਪ ਵਿੱਚ ਦਰਜ ਹੈ ਜਦੋਂਕਿ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਜਮ੍ਹਾਬੰਦੀਆਂ ਵਿੱਚ ਇਸ ਕਰਕੇ ਗਲਤ ਇੰਦਰਾਜ ਕੀਤੇ ਗਏ ਹਨ ਤਾਂ ਜੋ ਅਦਾਲਤੀ ਕੇਸਾਂ ਦੌਰਾਨ ਮੁਆਵਜ਼ਾ ਨਾ ਭਰਨਾ ਪਵੇ। ਉਨ੍ਹਾਂ ਕਿਹਾ ਕਿ ਇੱਕ ਡੇਰੇ ਵੱਲੋਂ ਦਰਿਆ ਦੇ ਕੁਦਰਤੀ ਵਹਾਅ ਨੂੰ ਮਜ਼ਬੂਤ ਬੰਨ੍ਹ ਲਗਾ ਕੇ ਦੂਜੇ ਪਾਰ ਪਿੰਡਾਂ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸੇਵਾਮੁਕਤ ਅਧਿਕਾਰੀ ਡਾ. ਸਵਰਨ ਸਿੰਘ ਨੇ ਮੁਹਾਲੀ ਦੇ ਮਿਰਜ਼ਾਪੁਰ ਤੇ ਨਾਡਾ ਪਿੰਡਾਂ ਦੀ ਦੱਬੀ ਜ਼ਮੀਨ ਸਬੰਧੀ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜਸਟਿਸ ਕੁਲਦੀਪ ਸਿੰਘ ਦੀ ਪੁਰਾਣੀ ਰਿਪੋਰਟ ਅਨੁਸਾਰ ਵੱਖ-ਵੱਖ ਸਮੇਂ ਪੜਤਾਲਾਂ ਕੀਤੀਆਂ ਗਈਆਂ ਹਨ ਪਰ ਸਮੇਂ ਸਮੇਂ ਦੀਆਂ ਸਰਕਾਰ ਦੀ ਬਦਨੀਤੀ ਕਾਰਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਭੂ-ਮਾਫ਼ੀਆ ਵੱਲੋਂ ਦੱਬੀਆਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ। ਇਸ ਮੌਕੇ ਜਸਵਿੰਦਰ ਸਿੰਘ, ਮਨਦੀਪ ਕੌਰ ਪੰਨੂ, ਮਾਸਟਰ ਬਨਵਾਰੀ ਲਾਲ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਮਾਨ, ਡਾ. ਕਰਮ ਸਿੰਘ, ਬਲਵਿੰਦਰ ਸਿੰਘ ਕੰਗ, ਬਲਜੀਤ ਸਿੰਘ ਮਹਿਤਾ, ਜਸਬੀਰ ਸਿੰਘ ਹੁਸ਼ਿਆਰਪੁਰ, ਕਰਮ ਸਿੰਘ ਚੁੰਨੀ, ਜੋਗਿੰਦਰ ਸਿੰਘ ਮੋਗਾ, ਸੰਦੀਪ ਸਿੰਘ ਕੁੰਭੜਾ, ਲਖਵਿੰਦਰ ਸਿੰਘ ਬਲੌਂਗੀ, ਸੁਖਮਿੰਦਰ ਸਿੰਘ, ਪਲਵਿੰਦਰ ਸਿੰਘ ਯੂਟੀ, ਮਹਿਮਾ ਸਿੰਘ ਮੁਹਾਲੀ, ਬਹਾਦਰ ਸਿੰਘ ਕੰਸਾਲਾ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ