Nabaz-e-punjab.com

ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: ਭਾਈ ਜਤਿੰਦਰਪਾਲ ਸਿੰਘ

ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨੌਜਵਾਨ ਹੋਲੀ ਖੇਡਣ ਦੀ ਆੜ ਵਿੱਚ ਟੋਲੀਆਂ ਬਣਾ ਕੇ ਪਾਉਂਦੇ ਖਾਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਕਲਗੀਧਰ ਸੇਵਕ ਜਥਾ ਮੁਹਾਲੀ ਅਤੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਲੀ ਮੌਕੇ ਹੁੜਦੰਗ ਮਚਾਉਣ ਵਾਲੇ ਨੌਜਵਾਨਾਂ ਵਿਰੱੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਹੋਲੀ ਮੌਕੇ ਚੰਡੀਗੜ੍ਹ ਵਿੱਚ ਪੁਲੀਸ ਵੱਲੋਂ ਪੂਰੀ ਸਖ਼ਤੀ ਵਰਤੀ ਜਾਂਦੀ ਹੈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਮੁਹਾਲੀ ਵਿੱਚ ਆ ਕੇ ਹੁੱਲੜਬਾਜ਼ੀ ਕਰਦੇ ਹਨ। ਮੁਹਾਲੀ ਵਿੱਚ ਦੁਪਹਿਰ ਤੱਕ ਤਾਂ ਕਈ ਇਲਾਕਿਆਂ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਰਹਿੰਦੇ ਹਨ ਪਰ ਬਾਅਦ ਦੁਪਹਿਰ ਪੁਲੀਸ ਕਰਮਚਾਰੀ ਵੀ ਖਿਸਕ ਜਾਂਦੇ ਹਨ। ਜਿਸ ਕਾਰਨ ਦੇਰ ਸ਼ਾਮ ਤੱਕ ਹੋਲੀ ਖੇਡਣ ਦੀ ਆੜ ਵਿੱਚ ਨੌਜਵਾਨ ਬਹੁਤ ਜ਼ਿਆਦਾ ਹੁੜਦੰਗ ਮਚਾਉਂਦੇ ਹਨ।
ਆਗੂ ਨੇ ਕਿਹਾ ਕਿ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਇਸ ਦਿਨ ਬੁਲੇਟ ਮੋਟਰ ਸਾਈਕਲਾਂ ਦੇ ਪਟਾਕੇ ਪਾਏ ਜਾਂਦੇ ਹਨ ਅਤੇ ਇੱਕ ਮੋਟਰ ਸਾਈਕਲ ਉੱਤੇ 3-3 ਨੌਜਵਾਨ ਸਵਾਰ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚ ਹੋਲੀ ਖੇਡਦੇ ਹੋਏ ਹੁੱਲੜਬਾਜ਼ੀ ਕਰਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਜਿਸ ਕਾਰਨ ਜਨਤਕ ਥਾਵਾਂ ਅਤੇ ਮਾਰਕੀਟਾਂ ਵਿੱਚ ਪਰਿਵਾਰਾਂ ਸਮੇਤ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਕਿਉਂਕਿ ਜਦੋਂ ਕੋਈ ਵਿਅਕਤੀ ਇਨ੍ਹਾਂ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਣ ਦਾ ਯਤਨ ਕਰਦਾ ਹੈ ਤਾਂ ਉਹ ਉਸ ਨਾਲ ਲੜਾਈ ਝਗੜਾ ਕਰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਨੌਜਵਾਨਾਂ ਦੇ ਟੋਲੇ ਆਪਸ ਵਿੱਚ ਉਲਝ ਪੈਂਦੇ ਹਨ। ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹੋਲੀ ਵਾਲੇ ਦਿਨ ਦੇਰ ਰਾਤ ਤੱਕ ਸ਼ਹਿਰ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣ ਅਤੇ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇ। ਇਸ ਮੌਕੇ ਅਸ਼ੋਕ ਬਾਂਸਲ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਢੀਂਗਰਾ, ਜਸਮੀਤ ਸਿੰਘ, ਅਭੀਸ਼ਾਂਤ ਕੁਮਾਰ, ਵਰੁਣ ਗੁਪਤਾ, ਜਗਦੀਸ਼ ਮਲਹੋਤਰਾ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਦੁਕਾਨਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਦੀ ਮਹਾ ਪੰਚਾਇਤ ਵਿੱਚ ਹੁਕਮਰਾਨਾਂ ’ਤੇ ਸਾਧੇ ਨਿਸ਼ਾਨੇ

ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਦੀ ਮਹਾ ਪੰਚਾਇਤ ਵਿੱਚ ਹੁਕਮਰਾਨਾਂ ’ਤੇ ਸਾਧੇ ਨਿਸ਼ਾਨੇ ਨਿਹੰਗ …