ਦੁੱਧ ਵਿੱਚ ਮਿਲਾਵਟ ਕਰਨ ਤੇ ਗ਼ੈਰਮਿਆਰੀ ਦੁੱਧ ਉਤਪਾਦ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਡੀਸੀ

ਚੈਕਿੰਗ ਦੌਰਾਨ ਮਿਲਾਵਟੀ ਪਦਾਰਥਾਂ ਦੀ ਬਰਾਮਦਗੀ ’ਤੇ ਸਬੰਧਤ ਦੁਕਾਨਾਂ ਤੇ ਰੈਸਟੋਰੈਂਟਾਂ ਸੀਲ ਕੀਤੇ ਜਾਣਗੇ

ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਜਾਂਚ ਕਿੱਟਾਂ ਲੈਣ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਖ਼ੁਰਾਕ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਜਾਂ ਮਿਲਾਵਟੀ ਪਦਾਰਥ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਲੋਕ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਦਿੱਤਾ ਜਾਵੇਗਾ ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ, ਡੇਅਰੀ ਵਿਕਾਸ ਵਿਭਾਗ, ਵੇਰਕਾ ਮਿਲਾਂਟ ਮੁਹਾਲੀ ਦੇ ਅਧਿਕਾਰੀਆਂ ਅਤੇ ਡੇਅਰੀ ਫਾਰਮਰਾਂ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਸਬੰਧੀ ਮੀਟਿੰਗ ਦੌਰਾਨ ਆਖੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾੜੇ ਖ਼ੁਰਾਕੀ ਪਦਾਰਥਾਂ ਕਾਰਨ ਲੋਕਾਂ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁੱਧ ਵਿੱਚ ਮਿਲਾਵਟ ਕਰਨ, ਮਿਲਾਵਟ ਵਾਲਾ ਦੁੱਧ ਵੇਚਣ ਅਤੇ ਮਿਲਾਵਟੀ ਦੁੱਧ ਉਤਪਾਦ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਠਿਆਈਆਂ ਦੀ ਦੁਕਾਨਾਂ ਅਤੇ ਰੈਸਟੋਰੈਂਟਾਂ ਵਾਲੇ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੇ ਸਾਰੇ ਪ੍ਰਬੰਧ ਠੀਕ ਕਰਦੇ ਹੋਏ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀ ਦੁਕਾਨ ਜਾਂ ਰੈਸਟੋਰੈਂਟ ’ਤੇ ਮਿਲਾਵਟੀ ਦੁੱਧ ਜਾਂ ਮਿਲਾਵਟੀ ਦੁੱਧ ਉਤਪਾਦਾਂ ਦੀ ਵਰਤੋਂ ਨਾ ਹੋਵੇ। ਤਿੰਨ ਦਿਨ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੈਕਿੰਗ ਕਰਨ ’ਤੇ ਜੇਕਰ ਅਜਿਹੇ ਪਦਾਰਥ ਬਰਾਮਦ ਹੋਏ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਸਬੰਧਤ ਦੁਕਾਨ ਜਾਂ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਦੁਕਾਨਦਾਰ ਜਾਂ ਰੈਸਟੋਰੈਂਟ ਮਾਲਕ ਨੂੰ ਦੁੱਧ ਜਾਂ ਦੁੱਧ ਉਤਪਾਦਾਂ ਸਬੰਧੀ ਜਾਣਕਾਰੀ ਨਹੀਂ ਹੈ ਤਾਂ ਉਹ ਸਿਹਤ ਵਿਭਾਗ ਤੋਂ ਇਸ ਦੀ ਜਾਂਚ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਹਰਲੇ ਇਲਾਕਿਆਂ ਤੋਂ ਮਿਲਾਵਟੀ ਦੁੱਧ ਤੇ ਗ਼ੈਰਮਿਆਰੀ ਦੁੱਧ ਉਤਪਾਦ ਸਪਲਾਈ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਐਸ.ਏ.ਐਸ. ਨਗਰ ਦੇ ਦਾਖ਼ਲਾ ਪੁਆਇੰਟਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਮ ਲੋਕ ਵਿਸ਼ੇਸ਼ ਰੋਲ ਨਿਭਾਅ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਨੂੰ ਨਕਲੀ ਦੁੱਧ ਜਾਂ ਗ਼ੈਰਮਿਆਰੀ ਦੁੱਧ ਉਪਤਾਦਾਂ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਈ-ਮੇਲ http://www.dc.sasnagar.punjab0gmail.com ’ਤੇ ਸਾਂਝੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਕਿ ਉਹ ਵੇਰਕਾ ਦੇ ਉਤਪਾਦਾਂ ਦੇ ਮਿਆਰ ਸਬੰਧੀ ਪੂਰੀ ਸਾਵਧਾਨੀ ਵਰਤਣ।
ਉਨ੍ਹਾਂ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤੇ ਜਾਂਦੇ ਵੇਰਕਾ ਦੇ ਉਤਪਾਦਾਂ ਦੇ ਮਿਆਰ ਵਿੱਚ ਕੋਈ ਫਰਕ ਨਾ ਹੋਵੇ ਤੇ ਹਰ ਥਾਂ ਮਿਆਰੀ ਉਤਪਾਦ ਹੀ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚਲੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਵੇਰਕਾ ਮਿਲਕ ਪਲਾਂਟ ਤੋਂ ਲੈਣ ਤਾਂ ਜੋ ਲੋਕ ਖ਼ੁਦ ਹੀ ਦੁੱਧ ਦੀ ਜਾਂਚ ਕਰ ਸਕਣ। ਮੀਟਿੰਗ ਵਿੱਚ ਸਿਵਲ ਸਰਜਨ ਸ੍ਰੀਮਤੀ ਰੀਟਾ ਭਾਰਦਵਾਜ, ਜ਼ਿਲ੍ਹਾ ਸਿਹਤ ਅਫ਼ਸਰ ਰਾਜਬੀਰ ਸਿੰਘ, ਵੇਰਕਾ ਮਿਲਕ ਪਲਾਂਟ ਦੇ ਡਿਪਟੀ ਮੈਨੇਜਰ (ਮਿਲਕ ਪਰਕਿਉਰਮੈਂਟ) ਦਰਸ਼ਨ ਸਿੰਘ, ਕੁਆਲਟੀ ਕੰਟਰੋਲ ਇੰਚਾਰਜ ਜਤਿੰਦਰ ਸਿੰਘ, ਸੀਨੀਅਰ ਡੇਅਰੀ ਇੰਸਪੈਕਟਰ ਸੇਵਾ ਸਿੰਘ, ਡੇਅਰੀ ਫਾਰਮਰ ਗਿਆਨ ਸਿੰਘ, ਅਮਿਤ ਠਾਕੁਰ ਅਤੇ ਮਨਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …