nabaz-e-punjab.com

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੁਲੀਸ ਨੇ ਕੀਤੀ ਸਖ਼ਤੀ, ਬਾਜ਼ਾਰਾਂ ’ਚ ਪਸਰਿਆ ਸਨਾਟਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਮੁਹਾਲੀ ਦੇ ਦੁਕਾਨਦਾਰਾਂ ਨੇ ਸੋਮਵਾਰ ਨੂੰ ਖ਼ੁਦ ਹੀ ਮਾਰਕੀਟਾਂ ਬੰਦ ਕਰ ਦਿੱਤੀਆਂ ਹਨ ਅਤੇ ਸਿਰਫ਼ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਹੀ ਖੱੁਲ੍ਹੀ ਰੱਖੀ ਗਈਆਂ। ਇਸ ਦੌਰਾਨ ਵੱਖ-ਵੱਖ ਮਾਰਕੀਟਾਂ ਵਿਚਲੇ ਸ਼ੋਅਰੂਮਾਂ ਵਿੱਚ ਚਲਦੇ ਨਿੱਜੀ ਦਫ਼ਤਰ ਵੀ ਬੰਦ ਰਹੇ। ਬੈਂਕ ਵੀ ਦੁਪਹਿਰ ਦੋ ਵਜੇ ਤੱਕ ਹੀ ਖੱੁਲੇ੍ਹ ਸਨ। ਜਦੋਂਕਿ ਕੁੱਝ ਥਾਵਾਂ ’ਤੇ ਲੋਕ ਬੈਂਕਾਂ ਦੇ ਬਾਹਰ ਲਾਈਨਾਂ ਵਿੱਚ ਲੱਗੇ ਹੋਏ ਨਜ਼ਰ ਆਏ। ਉਂਜ ਦੁਪਹਿਰ ਤੱਕ ਕਈ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਕਾਫ਼ੀ ਵਾਹਨ ਖੜ੍ਹੇ ਨਜ਼ਰ ਆਏ ਪ੍ਰੰਤੂ ਬਾਅਦ ਦੁਪਹਿਰ ਬਾਜ਼ਾਰਾਂ ਵਿੱਚ ਬਿਲਕੁਲ ਸਨਾਟਾ ਪਸਰ ਗਿਆ।
ਇਸੇ ਦੌਰਾਨ ਮੁਹਾਲੀ ਪੁਲੀਸ ਦੇ ਕਰਮਚਾਰੀਆਂ ਨੇ ਗਸ਼ਤ ਕਰਦਿਆਂ ਮਾਰਕੀਟਾਂ ਵਿੱਚ ਖੱੁਲ੍ਹੀਆਂ ਕੁੱਝ ਕੁ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਅਤੇ ਦੁਕਾਨਦਾਰਾਂ ਨੂੰ ਕਰੋਨਾ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ। ਮਾਰਕੀਟਾਂ ਵਿੱਚ ਢਾਬਿਆਂ, ਕਰਿਆਨਾ, ਦਵਾਈਆਂ ਅਤੇ ਹਲਵਾਈ ਦੀਆਂ ਦੁਕਾਨਾਂ ਜ਼ਰੂਰੀ ਖੱੁਲ੍ਹੀਆਂ ਰਹੀਆਂ, ਪ੍ਰੰਤੂ ਇਨ੍ਹਾਂ ਦੁਕਾਨਾਂ ’ਤੇ ਸਿਰਫ਼ ਇੱਕਾ ਦੱੁਕਾ ਗਾਹਕ ਹੀ ਆਉਂਦੇ ਜਾਂਦੇ ਨਜ਼ਰ ਆਏ ਜਦੋਂਕਿ ਮਾਰਕੀਟਾਂ ਵਿੱਚ ਬਾਕੀ ਦੁਕਾਨਾਂ ਪੂਰਨ ਬੰਦ ਰਹੀਆਂ।
ਮਾਰਕੀਟ ਵਿੱਚ ਰੇਹੜੀਆਂ-ਫੜੀਆਂ ਵੀ ਨਹੀਂ ਲੱਗੀਆਂ ਅਤੇ ਹਰ ਪਾਸੇ ਸਨਾਟਾ ਪਸਰਿਆ ਹੋਇਆ ਸੀ। ਸਰਕਾਰ ਵੱਲੋਂ ਠੇਕਿਆਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਅਤੇ ਜ਼ਿਆਦਾਤਰ ਠੇਕੇ ਵੀ ਬੰਦ ਨਜ਼ਰ ਆਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਲੌਕਡਾਊਨ ਲਗਾਉਣਾ ਹੈ ਤਾਂ ਉਹ ਮੁਕੰਮਲ ਲੌਕਡਾਊਨ ਲਗਾਇਆ ਜਾਵੇ ਜਾਂ ਫਿਰ ਬਾਕੀ ਦੁਕਾਨਾਂ ਨੂੰ ਵਾਰੋ-ਵਾਰੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।
ਇਸ ਸਬੰਧੀ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ, ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਵੱਲੋਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਪੱਤਰ ਲਿਖਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਲੌਕਡਾਊਨ ਦੇ ਚੱਲਦਿਆਂ ਜ਼ਰੂਰੀ ਵਸਤਾਂ ਦੀ ਲਿਸਟ ਵਿੱਚ ਡਾਕੂਮੈਨਟੇਸ਼ਨ, ਪ੍ਰਾਪਰਟੀ ਕੰਸਲਟੈਂਟਾਂ ਦੇ ਦਫ਼ਤਰ, ਸਟੇਸ਼ਨਰੀ, ਟਰੈਵਲ ਏਜੰਟ, ਮਨੀ ਐਕਸਚੇਂਜ ਅਤੇ ਟੇਲਰ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ ਜਦੋਂਕਿ ਕਰਿਆਨਾ, ਫਲ ਸਬਜ਼ੀ, ਦਵਾਈਆਂ ਦੇ ਨਾਲ ਹੋਰਨਾਂ ਜ਼ਰੂਰੀ ਕਾਰੋਬਾਰ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਵੀ ਦਿੱਤੀ ਜਾਵੇ ਜੋ ਲੋਕਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਹੋ ਸਕੇ। ਉਨ੍ਹਾਂ ਕਿਹਾ ਕਿ ਸਟੇਸ਼ਨਰੀ ਦੇ ਸਮਾਨ ਜਿਨ੍ਹਾਂ ਵਿੱਚ ਕਿਤਾਬਾਂ, ਪੈਨ ਅਤੇ ਹੋਰ ਸਮਗਰੀ ਦੀ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਵਿੱਚ ਲਾਜ਼ਮੀ ਤੌਰ ’ਤੇ ਲੋੜ ਪੈਂਦੀ ਹੈ। ਕੱਪੜੇ ਸਿਲਾਈ ਵਾਲੇ ਦਰਜੀ, ਗਮਾਡਾ ਅਤੇ ਤਹਿਸੀਲ ਵਿੱਚ ਕੰਮ ਕਰਵਾਉਣ ਲਈ ਪ੍ਰਾਪਰਟੀ ਕੰਸਲਟੈਂਟਾਂ ਦੇ ਦਫ਼ਤਰਾਂ, ਟਿਕਟਾਂ ਅਤੇ ਬੋਰਡਿੰਗ ਪਾਸ ਦੀ ਪਿੰ੍ਰਟਿੰਗ ਲਈ ਟਰੈਵਲ ਏਜੰਟਾਂ ਅਤੇ ਮਨੀ ਐਕਸਚੇਂਜ ਦਫ਼ਤਰਾਂ ਖੋਲ੍ਹਣ ਸਬੰਧੀ ਲੋਕਹਿੱਤ ਵਿੱਚ ਮਨਜ਼ੂਰੀ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…