ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਧਰਮਸੋਤ

ਲੁਧਿਆਣਾ ਵਿੱਚ ਜੰਗਲਾਤ ਦੀ 225 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

ਜੰਗਲਾਤ ਦੀ 560 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣÎ ਦਾ ਪ੍ਰੋਗਰਾਮ ਤਿਆਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬੇ ਵਿੱਚ ਜੰਗਲਾਤ ਦੀ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਸਖ਼ਤੀ ਨਾਲ ਹਟਾਇਆ ਜਾਵੇਗਾ। ਇਹ ਪ੍ਰਗਟਾਵਾ ਉਨ੍ਹਾਂ ਅੱਜ ਵਣ ਭਵਨ, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਮੌਕੇ ਕੀਤਾ। ਸ੍ਰੀ ਧਰਮਸੋਤ ਨੇ ਕਿਹਾ ਕਿ ਸੂਬੇ ਭਰ ’ਚ ਤਕਬੀਬਨ 30 ਹਜ਼ਾਰ ਏਕੜ ਰਕਬੇ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 30 ਹਜ਼ਾਰ ਏਕੜ ਰਕਬੇ ’ਚੋਂ ਜ਼ਿਲ੍ਹਾ ਅੰਮ੍ਰਿਤਸਰ ਦੇ 7500 ਏਕੜ, ਲੁਧਿਆਣਾ ਦੇ 5000 ਏਕੜ, ਜਲੰਧਰ ਦੇ 3000 ਏਕੜ, ਫਿਰੋਜ਼ਪੁਰ ਦੇ 2500 ਏਕੜ, ਪਟਿਆਲਾ ਦੇ 150 ਏਕੜ ਅਤੇ ਹੁਸ਼ਿਆਰਪੁਰ ਦੇ 11 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਨ। ਉਨ੍ਹਾਂ ਦੱਸਿਆ ਕਿ ਉਕਤ ਨਾਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਸਬੰਧੀ 21,000 ਦੇ ਕਰੀਬ ਕੇਸ ਵੱਖ-ਵੱਖ ਅਦਾਲਤਾਂ ’ਚ ਵਿਚਾਰ ਅਧੀਨ ਹਨ ਅਤੇ ਬਿਨ੍ਹਾਂ ਕੇਸਾਂ ਵਾਲੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਉਨ੍ਹਾਂ ਜੰਗਲਾਤ ਦੇ ਉੱਚ ਅਧਿਕਾਰੀਆਂ ਨੂੰ ਜ਼ਿਲ੍ਹਾ ਮੁਹਾਲੀ ’ਤਹਿਤ ਆਉਂਦੀ ਜੰਗਲਾਤ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਪੜਤਾਲ ਕਰਨ ਦੇ ਆਦੇਸ਼ ਵੀ ਦਿੱਤੇ।
ਸ੍ਰੀ ਧਰਮਸੋਤ ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਬੇ ਭਰ ’ਚ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਤਹਿਤ ਲੁਧਿਆਣਾ ਦੇ ਜੰਗਲਾਤ ਵਣ ਮੰਡਲ ਅਧੀਨ ਆਉਂਦੇ ਖੇਤਰ ’ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ 2 ਪਿੰਡਾਂ ‘ਕੋਟ ਉਮਰਾ’ ਅਤੇ ‘ਗੋਰਸੀਆਂ ਖਾਨ ਮੁਹੰਮਦ’ ਵਿਖੇ ਜੰਗਲਾਤ ਵਿਭਾਗ ਦੀ ਕੁੱਲ 392 ਏਕੜ ਵਿੱਚੋਂ 225 ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਹੇਠ ਸੀ ਜਦਕਿ ਪੀ.ਪੀ. ਐਕਟ ਤਹਿਤ 167 ਏਕੜ ਬਾਕੀ ਜ਼ਮੀਨ ਦੇ ਅਜਿਹੇ 72 ਮੁਕੱਦਮੇ ਐੱਸ.ਡੀ.ਐੱਮ ਕੋਲ ਦਰਜ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਸੂਬੇ ਦੇ ਹੋਰਨਾਂ ਵਣ ਮੰਡਲਾਂ ਅਧੀਨ ਆਉਂਦੀ 560 ਏਕੜ ਜੰਗਲਾਤ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦਾ ਪ੍ਰੋਗਰਾਮ ਤਿਆਰ ਹੋ ਚੁੱਕਾ ਹੈ।
ਸ੍ਰੀ ਧਰਮਸੋਤ ਨੇ ਦੱਸਿਆ ਕਿ ਸਤਲੁਜ ਦੇ ਨਾਲ ਲੱਗਦੇ ਇਸ ਖੇਤਰ ’ਚ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਭਾਗ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਕਾਰਵਾਈ ਅਮਲ ਅਧੀਨ ਸੀ ਅਤੇ ਇਸ ਕਾਰਵਾਈ ’ਤੇ ਸ੍ਰੀ ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ ਨੇ ਲਗਾਤਾਰ ਆਪਣਾ ਧਿਆਨ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਧੀਕ ਮੁੱਖ ਸਕੱਤਰ, ਜੰਗਲਾਤ ਰਹੇ ਸ੍ਰੀ ਡੀ. ਪੀ. ਰੈਡੀ. ਨੇ ਕੁੱਝ ਦਿਨ ਪਹਿਲਾਂ ਇਸ ਮੁਹਿੰਮ ਦੇ ਖਾਕੇ ਨੂੰ ਅੰਤਿਮ ਰੂਪ ਦੇਣ ਲਈ ਲੁਧਿਆਣੇ ਵਿਖੇ ਸਮੂਹ ਜੰਗਲਾਤ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਸੀ।
ਸ੍ਰੀ ਧਰਮਸੋਤ ਨੇ ਕਿਹਾ ਕਿ ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇੇ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਅਤੇ ਅਣ-ਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ 1500 ਦੇ ਕਰੀਬ ਪੁਲੀਸ ਕਰਮੀ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਲਗਭਗ 600 ਦਿਹਾੜੀ ਕਾਮੇ ਅਤੇ ਵਿਭਾਗ ਦੇ ਵੱਖ-ਵੱਖ ਡਵੀਜਨਾਂ ਦੇ ਕਰੀਬ 200 ਫੀਲਡ-ਕਾਮਿਆਂ ਦੇ ਸਹਿਯੋਗ ਨਾਲ ਨਿਸ਼ਾਨਦੇਹੀ, ਚਾਰ-ਦੀਵਾਰੀ, ਬੂਟੇ ਲਗਾਉਣ ਅਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਨੇਪਰੇ ਚਾੜ੍ਹਿਆ ਗਿਆ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਲੁਧਿਆਣਾ ਦੇ ਮੱਤੇਵਾੜਾ ਇਲਾਕੇ ਦੀ 35 ਏਕੜ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਸਰਕਾਰੀ ਕਬਜ਼ੇ ਹੇਠ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮੁਹਿਮ ਤਹਿਤ ਖਾਲੀ ਕਰਵਾਏ ਇਲਾਕੇ ਵਿੱਚ 50 ਟਰੈਕਟਰ-ਟਰਾਲੀਆਂ, 25 ਮਹਿੰਦਰਾ ਯੂਟੀਲਿਟੀ ਵਾਹਨ ਅਤੇ 15 ਪਾਣੀ ਦੇ ਟੈਂਕਰਾਂ ਦੀ ਮਦਦ ਨਾਲ 50,000 ਬੂਟੇ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣੇ ਨਾਲ ਸਬੰਧਤ ਜੰਗਲਾਤ ਖੇਤਰ ਦੀ ਇਸ ਭੂਮੀ ’ਤੇ ਪੁਲਿਸ ਚੌਕੀ ਸਥਾਪਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ਤਾਂ ਜੋ ਇਹ ਜ਼ਮੀਨ ਨਿੱਜੀ ਹਿੱਤਾਂ ਲਈ ਨਾ ਵਰਤੀ ਜਾ ਸਕੇ।
ਇਸ ਮੁਹਿੰਮ ਦੌਰਾਨ ਸ੍ਰੀ ਪ੍ਰਦੀਪ ਅਗਰਵਾਲ, ਡਿਪਟੀ ਕਮਿਸ਼ਨਰ, ਲੁਧਿਆਣਾ, ਸ੍ਰੀ ਰਾਮ ਸਿੰਘ ਐੱਸ.ਡੀ.ਐੱਮ., ਜਗਰਾਓਂ, ਸ੍ਰੀ ਜੋਗਿੰਦਰ ਸਿੰਘ, ਤਹਿਸੀਲਦਾਰ, ਜਗਰਾਓਂ, ਸ੍ਰੀ ਰੁਪਿੰਦਰ ਭਾਰਦਵਾਜ ਐੱਸ.ਡੀ.ਓ., ਜਗਰਾਓਂ ਨੇ ਇਸ ਨਾਜਾਇਜ਼ ਕਬਜ਼ੇ ਵਾਲੀ ਭੂਮੀ ਦੀ ਹੱਦਬੰਦੀ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿੱਚ ਉਨ੍ਹਾਂ ਦਾ ਸਹਿਯੋਗ ਸ੍ਰੀ ਸੁਰਜੀਤ ਸਿੰਘ ਗਿੱਲ, ਸੀਨੀਅਰ ਸੁਪਰਡੈਂਟ ਆਫ ਪੁਲਿਸ, ਸ੍ਰੀ ਗੁਰਦੀਪ ਸਿੰਘ ਐੱਸ.ਪੀ. ਹੈਡਕੁਆਟਰ, ਜਗਰਾਓਂ, ਸ੍ਰੀ ਸਰਬਜੀਤ ਸਿੰਘ, ਡੀ.ਐੱਸ.ਪੀ. (ਰੂਰਲ), ਸ੍ਰੀ ਜਸਵਿੰਦਰ ਸਿੰਘ ਡੀ.ਐੱਸ.ਪੀ, (ਦਾਖਾਂ), ਸ੍ਰੀ ਸੁਰਜੀਤ ਸਿੰਘ ਡੀ.ਐੱਸ.ਪੀ., (ਰਾਏਕੋਟ), ਸ੍ਰੀ ਪਰਮਜੀਤ ਸਿੰਘ ਐੱਸ.ਐੱਚ.ਓ., ਸਿੱਧਵਾਂ ਬੇਟ, ਸ੍ਰੀ ਮਨਜਿੰਦਰ ਸਿੰਘ ਐੱਸ.ਡੀ.ਓ., ਨਵਾਂਸ਼ਹਿਰ ਅਤੇ ਸ੍ਰੀ ਸੁਖਵਿੰਦਰ ਸਿੰਘ ਨੇ ਦਿੱਤਾ। ਜੰਗਲਾਤ ਵਿਭਾਗ ਦੀ ਅਗਵਾਈ ਸ੍ਰੀ ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ, ਸ੍ਰੀ ਧਰਮਿੰਦਰ ਸ਼ਰਮਾ, ਮੁੱਖ ਵਣਪਾਲ (ਯੋਜਨਾ), ਸ਼੍ਰੀਮਤੀ ਸ਼ਲੇਂਦਰ ਕੌਰ, ਵਣਪਾਲ ਦੱਖਣੀ ਸਰਕਲ ਅਤੇ ਚਰਨਜੀਤ ਸਿੰਘ ਕੁੰਨਰ ਡਵੀਜ਼ਨਲ ਜੰਗਲਾਤ ਅਧਿਕਾਰੀ ਆਦਿ ਵੱਲੋਂ ਇਨ੍ਹਾਂ ਜ਼ਮੀਨੀ ਮੁਹਿੰਮਾਂ ਦੀ ਅਗਵਾਈ ਕੀਤੀ ਗਈ।
ਇਸ ਮੌਕੇ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ, ਜੰਗਲਾਤ, ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ, ਕੁਲਦੀਪ ਕੁਮਾਰ, ਪ੍ਰਮੁੱਖ ਮੁੱਖ ਵਣਪਾਲ (ਜੰਗਲੀ ਜੀਵ), ਰਤਨਾ ਕੁਮਾਰ, ਮੁੱਖ ਵਣਪਾਲ, ਧਰਿੰਦਰਾ ਸਿੰਘ, ਐਮ.ਡੀ., ਜੰਗਲਾਤ ਕਾਰਪੋਰੇਸ਼ਨ, ਧਰਮਿੰਦਰ ਸ਼ਰਮਾ ਮੁੱਖ ਵਣਪਾਲ (ਮੈਦਾਨੀ) ਅਤੇ ਸ੍ਰੀਮਤੀ ਸ਼ਲੇਂਦਰ ਕੌਰ, ਮੁੱਖ ਵਣਪਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…