
ਪਾਰਕਾਂ ਤੇ ਸੜਕਾਂ ’ਤੇ ਪਸ਼ੂ ਖੁੱਲ੍ਹੇ ਛੱਡਣ ਵਾਲੇ ਮਾਲਕਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਿੱਧੂ
ਸਿੱਧੂ ਨੇ ਗਮਾਡਾ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਪਾਰਕਾਂ ਦੀ ਸਾਫ਼ ਸਫ਼ਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਜਾਰੀ
ਪਾਰਕ ਵਿੱਚ ਬੰਨੇ੍ਹ ਪਸ਼ੂਆਂ ਨੂੰ ਨਗਰ ਨਿਗਮ ਦੀਆਂ ਟੀਮਾਂ ਨੂੰ ਪਸ਼ੂ ਫੜਨ ਦੀਆਂ ਹਦਾਇਤਾਂ, ਮੌਕੇ ’ਤੇ ਨਹੀਂ ਪੁੱਜੀ ਟੀਮ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਛੱਡੇ ਜਾਣ ਵਾਲੇ ਅਵਾਰਾ ਪਸ਼ੂ ਜਿੱਥੇ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਉੱਥੇ ਪਸ਼ੂ ਪਾਲਕਾਂ ਵੱਲੋਂ ਪਾਰਕਾਂ ਵਿੱਚ ਬੰਨੇ ਪਸ਼ੂ ਵੀ ਸ਼ਹਿਰ ਦੀ ਸੁੰਦਰਤਾ ਨੂੰ ਖੋਰਾ ਲਗਾ ਰਹੇ ਹਨ ਅਤੇ ਨਾਲ ਹੀ ਉੱਥੋਂ ਦੇ ਰਹਿਣ ਵਾਲੇ ਲੋਕਾਂ ਲਈ ਵੀ ਪੇ੍ਰਸ਼ਾਨੀ ਪੈਦਾ ਕਰਦੇ ਹਨ। ਸੈਕਟਰ 71 ਵਿੱਚ 2 ਮਰਲੇ ਪਲਾਟ ਮਕਾਨਾਂ ਦੇ ਸਾਹਮਣੇ ਪਾਰਕ ਵਿੱਚ ਪਸ਼ੂ ਮਾਲਕਾਂ ਵੱਲੋਂ ਪਸ਼ੂ ਬੰਨਣ ਕਾਰਨ ਆ ਰਹੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਸਥਾਨਕ ਕੌਂਸਲਰ ਅਮਰੀਕ ਸਿੰਘ ਸੋਮਲ ਅਤੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਉਣ ’ਤੇ ਉਨ੍ਹਾਂ ਨੇ ਪਾਰਕ ਦਾ ਜਾਇਜ਼ਾ ਲਿਆ ਅਤੇ ਪਾਰਕ ਵਿੱਚ ਬੰਨ੍ਹੇ ਪਸ਼ੂਆਂ ਨੂੰ ਨਗਰ ਨਿਗਮ ਦੀ ਟੀਮ ਨੂੰ ਫੜਣ ਲਈ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਸ਼ੂ ਮਾਲਕਾਂ ਵਿਰੁੱਧ ਥਾਣੇ ਵਿੱਚ ਕਾਨੂੰਨੀ ਕਾਰਵਾਈ ਕਰਨ ਲਈ ਮਾਮਲਾ ਦਰਜ ਕਰਵਾਇਆ ਜਾਵੇ। ਪਹਿਲਾਂ ਤਾਂ ਚਾਲਕ ਨਹੀਂ ਮਿਲਿਆ ਜਦੋਂ ਚਾਲਕ ਆਇਆ ਤਾਂ ਉਸ ਨੇ ਰਸਤੇ ਵਿੱਚ ਹੀ ਵਾਹਨ ਰੋਕ ਲਿਆ ਅਤੇ ਦੱਸਿਆ ਗਿਆ ਕਿ ਵਾਹਨ ਖ਼ਰਾਬ ਹੋ ਗਿਆ।
ਇੱਥੇ ਇਹ ਵਰਨਣਯੋਗ ਹੈ ਕਿ 2 ਮਰਲਾ ਪਲਾਟ ਦੇ ਮਕਾਨ ਮਾਲਕਾਂ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਦੇ ਕਰਮਚਾਰੀ, ਪਸ਼ੂ ਮਾਲਕਾਂ ਦੀ ਮਿਲੀ ਭੁਗਤ ਨਾਲ ਪਸ਼ੂ ਛੱਡ ਦਿੰਦੇ ਹਨ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸ੍ਰੀ ਸਿੱਧੂ ਨੇ ਇਸ ਮੌਕੇ ਨਗਰ ਨਿਗਮ ਦੇ ਕਰਮਚਾਰੀ ਕੇਸਰ ਸਿੰਘ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਹੜੇ ਪਸ਼ੂ ਮਾਲਕ ਪਾਰਕਾਂ ਵਿੱਚ ਬੰਨਦੇ ਹਨ ਉਨ੍ਹਾਂ ਵਿਰੁੱਧ ਥਾਣੇ ਵਿੱਚ ਪਰਚਾ ਦਰਜ਼ ਕਰਵਾਇਆ ਜਾਵੇ। ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਬਰਦਾਸਤ ਨਹੀਂ ਕੀਤੀ ਜਾਵੇਗੀ। ਸ੍ਰ: ਸਿੱਧੂ ਨੇ ਇਸ ਮੌਕੇ ਮਟੌਰ ਪੁਲਿਸ ਨੂੰ ਮੌਕੇ ਦੇ ਸੱਦ ਕੇ ਪਸ਼ੂ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਅਤੇ ਮੌਕੇ ਤੇ ਖੜ੍ਹੇ ਪਸ਼ੂ ਮਾਲਕਾਂ ਦੇ ਮੋਟਰ ਸਾਇਕਲਾਂ ਨੂੰ ਥਾਣੇ ਬੰਦ ਕਰਵਾਇਆ।
ਸ੍ਰੀ ਸਿੱਧੂ ਨੇ ਮੌਕੇ ਤੇ ਮੌਜੂਦ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਸ ਪਾਰਕ ਦੀ ਤੁਰੰਤ ਸਾਫ-ਸਫ਼ਾਈ ਕਰਵਾਈ ਜਾਵੇ ਅਤੇ ਟੁੱਟੀ ਹੋਈ ਦੀਵਾਰ ਦੀ ਮੁੜ ਉਸਾਰੀ ਕਰਵਾਈ ਜਾਵੇ ਤਾਂ ਜੋ ਪਾਰਕ ਵਿੱਚ ਪਸ਼ੂ ਦਾਖਲ ਨਾ ਹੋ ਸਕਣ। ਇੱਥੇ ਇਹ ਵਰਨਣਯੋਗ ਹੈ ਕਿ ਇਸ ਇਲਾਕੇ ਦੇ ਲੋਕਾਂ ਵੱਲੋਂ ਪਿਛਲੇ ਲੰਮੇ ਚਿਰ ਤੋਂ ਪਾਰਕ ਦੀ ਸਫਾਈ ਕਰਾਉਣ ਅਤੇ ਪਾਰਕ ਵਿੱਚ ਪਸ਼ੂ ਬੰਨਣ ਤੋਂ ਰੋਕਣ ਲਈ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਸ੍ਰ:ਸਿੱਧੂ ਦੇ ਯਤਨਾਂ ਸਦਕਾ ਲੰਮੇ ਚਿਰਾਂ ਤੋਂ ਆ ਰਹੀ ਮੰਗ ਪੂਰੀ ਹੋਵੇਗੀ। ਇਸ ਮੌਕੇ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਕੌਂਸਲਰ ਅਮਰੀਕ ਸਿੰਘ ਸੋਮਲ ਸਮੇਤ ਹੋਰ ਪਤਵੰਤੇ ਅਤੇ ਦੋ ਮਰਲਾ ਪਲਾਟ ਮਕਾਨ ਮਾਲਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।