nabaz-e-punjab.com

ਅਧਿਆਪਕ ਦਲ ਪੰਜਾਬ ਵੱਲੋਂ ਰੈਸਨੇਲਾਈਜ਼ੇਸ਼ਨ ਨੀਤੀ ਦਾ ਸਖ਼ਤ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਅਧਿਆਪਕ ਦਲ ਪੰਜਾਬ ਦੇ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਬਲਦੇਵ ਸਿੰਘ ਸੰਧੂ ਅਤੇ ਜਸਵੀਰ ਸਿੰਘ ਲੰਬਿਆਂ ਦੀ ਅਗਵਾਈ ਵਿੱਚ ਜਥੇਬੰਦੀ ਦੇ ਵਫਦ ਨੇ ਡੀ.ਈ.ਓ. ਸੈਕੰਡਰੀ ਹਿੰਮਤ ਸਿੰਘ ਹੁੰਦਲ ਨਾਲ ਮੀਟਿੰਗ ਕਰਕੇ ਆਪਣੇ ਇਤਰਾਜ ਦਰਜ਼ ਕਰਵਾਏ। ਇਸ ਸਮੇਂ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਅੌਲਖ ਅਤੇ ਸੀਨੀਅਰ ਆਗੂ ਲੈਕਚਰਾਰ ਮਹਿੰਦਰਪਾਲ ਸਿੰਘ ਲਾਲੜੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਥੇਬੰਦੀ ਵੱਲੋਂ ਮੀਟਿੰਗ ਵਿੱਚ ਦਲੀਲ ਪੇਸ਼ ਕੀਤੀ ਗਈ ਕਿ ਬੱਚਿਆਂ ਦੇ ਚੰਗੇਰੇ ਭਵਿੱਖ ਨੂੰ ਮੱਦੇ ਨਜਰ ਰੱਖਦੇ ਹੋਏ ਸਿੰਗਲ ਸ਼ੈਕਸ਼ਨ ਵਾਲੇ ਮਿਡਲ ਸਕੂਲਾਂ ਵਿੱਚ ਘੱਟੋ-ਘੱਟ ਪੰਜ ਅਸਾਮੀਆਂ ਲੋੜੀਂਦੀਆਂ ਹਨ। ਜਿਨ੍ਹਾਂ ਵਿੱਚ ਚਾਰ ਮਾਸਟਰ ਕਾਡਰ ਦੀਆਂ ਅਸਾਮੀਆਂ ਵਿੱਚ ਸਾਇੰਸ (ਨਾਨ ਮੈਡੀਕਲ), ਸ.ਸ., ਪੰਜਾਬੀ,ਹਿੰਦੀ ਅਤੇ ਸੀ ਐਂਡ ਵੀ ਕਾਡਰ ਦੀ ਇੱਕ ਅਸਾਮੀ ਦਾ ਹੋਣਾ ਅਤੀ ਜ਼ਰੂਰੀ ਹੈ। ਜਦੋਂ ਕਿ ਨਵੀਂ ਪਾਲਸੀ ਅਨੁਸਾਰ ਮਿਡਲ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਵਿਸ਼ਿਆਂ ’ਚੋਂ ਇੱਕ ਅਸਾਮੀ ਹੀ ਮਿਡਲ ਸਕੂਲਾਂ ਨੂੰ ਦਿੱਤੀ ਜਾ ਰਹੀ ਹੈ।
ਨਵੀਂ ਪਾਲਸੀ ਆਪਾ ਵਿਰੋਧੀ ਹੈ ਕਿਉਂਕਿ ਪਾਲਸੀ ਅਨੁਸਾਰ ਸਿੰਗਲ ਸ਼ੈਕਸ਼ਨ ਸਕੂਲ ਵਿੱਚ ਹਫਤੇ ਦੇ 162 ਪੀਰੀਅਡ ਬਣਦੇ ਹਨ,12 ਪੀਰੀਅਡ ਕੰਪਿਊਟਰ ਅਧਿਆਪਕ ਦੇ ਘਟਾ ਕੇ 150 ਪੀਰੀਅਡ ਬਚਦੇ ਹਨ ਜਿੰਨ੍ਹਾਂ ਦੀ ਤਰਕਸੰਗਤ ਵੰਡ ਪੰਜ ਅਧਿਆਪਕਾਂ ਪ੍ਰਤੀ ਅਧਿਆਪਕ ਪ੍ਰਤੀ ਹਫਤਾ 30 ਪੀਰੀਅਡ ਨਵੀਂ ਪਾਲਸੀ ਅਨੁਸਾਰ ਵੀ ਪੂਰੇ ਹੁੰਦੇ ਹਨ। ਇਸ ਦੇ ਬਾਵਜੂਦ ਵੀ ਉੱਚ ਅਧਿਕਾਰੀ ਮੈਂ ਨਾ ਮਾਨੂੰ ਵਾਲਾ ਅੜੀਅਲ ਵਤੀਰਾ ਕਰਕੇ ਮਿਡਲ ਸਕੂਲਾਂ ਵਿੱਚ ਸਿਰਫ਼ ਤਿੰਨ ਮਾਸਟਰ ਕਾਡਰ ਅਤੇ ਇੱਕ ਸੀ ਐਂਡ ਵੀ ਕਾਡਰ ਵਿੱਚੋਂ ਭਾਵ ਕੁੱਲ ਚਾਰ ਪੋਸਟਾਂ ਦੇ ਕੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੇੜਾ ਗਰਕ ਕਰਨ ਉੱਪਰ ਤੁਲੇ ਹੋਏ ਹਨ। ਜੇਕਰ ਵਿਭਾਗ ਅਜਿਹਾ ਕਰਦਾ ਹੈ ਤਾਂ ਸੂਬੇ ਦੀ ਭਾਸ਼ਾ ਮਾਂ ਬੋਲੀ ਪੰਜਾਬੀ ਅਤੇ ਰਾਸ਼ਟਰੀ ਭਾਸ਼ਾ ਹਿੰਦੀ ਦੋਵਾਂ ਨੂੰ ਪੈਰ੍ਹਾਂ ਵਿੱਚ ਰੋਲਣ ਵਾਲਾ ਕਾਰਜ ਹੋਵੇਗਾ।ਅਜਿਹੀ ਪਾਲਸੀ ਲਾਗੂ ਕਰਨਾ ਮਸੂਮ ਲੋੜਵੰਦ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਸਿੱਧ ਹੋਵੇਗਾ।
ਜਥੇਬੰਦੀ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚੋਂ ਹੀ ਖਤਮ ਕਰਨ ਦੇ ਬਣਾਏ ਮਨਸੂਬਿਆਂ ਨੂੰ ਠੱਲ ਪਾਉਣ ਲਈ ਪੰਜਾਬੀ ਹਤੈਸ਼ੀ ਜਥੇਬੰਦੀਆਂ ਨੂੰ ਅਵਾਜ ਬੁਲੰਦ ਕਰਕੇ ਕੁੰਭਕਰਨੀ ਸੁੱਤੀ ਸਰਕਾਰ ਨੂੰ ਜਗਾਉਣ ਦੀ ਅਪੀਲ ਕੀਤੀ ਹੈ। ਇਸ ਸਮੇਂ ਕੰਵਲਪ੍ਰੀਤ ਸਿੰਘ ਰੰਗੀਆਂ, ਸਰਬਜੀਤ ਸਿੰਘ ਬਡਾਲੀ, ਮਨਦੀਪ ਸ਼ੁਕਲਾ, ਅਮਰਜੀਤ ਕੌਰ, ਗੁਰਦੇਵ ਸਿੰਘ, ਬਲਵੀਰ ਸਿੰਘ ਤੂਰ, ਜਸਵੀਰ ਸਿੰਘ, ਹਰਵਿੰਦਰ ਸਿੰਘ, ਗੁਰਚਰਨ ਸਿੰਘ, ਮਨਜੋਤ ਸਿੰਘ, ਮੁਕੇਸ਼ ਕੁਮਾਰ, ਦਲਜੀਤ ਸਿੰਘ ਸੁੰਡਰਾਂ ਬਲਾਕ ਪ੍ਰਧਾਨਾਂ ਅਤੇ ਸਕੱਤਰਾਂ ਤੋਂ ਇਲਾਵਾ ਹੋਰ ਜੁਝਾਰੂ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…