Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖ਼ਤ ਪ੍ਰਬੰਧ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 3 ਮਾਰਚ ਤੋਂ ਆਰੰਭ ਹੋ ਰਹੀਆਂ ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੱਠਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਇਸ ਸਾਲ ਲਗਭਗ ਇਕ ਦਹਾਕੇ ਦੇ ਵਕਫ਼ੇ ਮਗਰੋਂ ਆਰੰਭ ਹੋਈ ਹੈ ਜਦੋਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਰੀਆਂ ਹੀ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਕੇ, ਮਿਸਾਲੀ ਨਤੀਜਿਆਂ ਤੱਕ ਪੁੱਜਣ ਦਾ ਤਹੱਈਆ ਕੀਤਾ ਹੈ। ਇਸ ਕਾਰਜ ਵਿੱਚ ਸਿੱਖਿਆ ਸਕੱਤਰ-ਕਮ-ਚੇਅਰਮੈਨ ਕ੍ਰਿਸ਼ਨ ਕੁਮਾਰ ਅਤੇ ਡੀਜੀਐਸਈ-ਕਮ-ਸਕੱਤਰ ਮੁਹੰਮਦ ਤਈਅਬ ਵੱਲੋਂ ਬੋਰਡ ਦੀਆਂ ਸਬੰਧਤ ਸ਼ਾਖਾਵਾਂ ਨੂੰ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਤੋਂ ਇਲਾਵਾ ਕੰਟਰੋਲ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਦੀ ਨਿਗਰਾਨੀ ਹੇਠ ਵਿਸ਼ੇਸ਼ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ, ਜੋ 24 ਘੰਟੇ ਕੰਮ ਕਰ ਰਹੇ ਹਨ। ਅਕਾਦਮਿਕ ਸਾਲ 2019-20 ਦੀ ਸਾਲਾਨਾ ਪ੍ਰੀਖਿਆ ਵਿੱਚ ਮਿਡਲ ਸ਼੍ਰੇਣੀ ਲਈ ਤਿੰਨ ਲੱਖ ਅੱਠਾਰਾਂ ਹਜ਼ਾਰ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ, ਜਿਨ੍ਹਾਂ ਲਈ ਇਸ ਵੇਲੇ ਤੱਕ 2330 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਦੋਂਕਿ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈ 3 ਲੱਖ ਤੋਂ ਵੱਧ ਵਿਦਿਆਰਥੀ 2700 ਤੋਂ ਵੱਧ ਪ੍ਰੀਖਿਆ ਕੇਂਦਰਾਂ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਉਣਗੇ। ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9 ਵਜੇ ਤੋਂ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਦਾ ਸਮਾਂ ਬਾਅਦ ਦੁਪਹਿਰ ਦੋ ਵਜੇ ਤੋਂ ਆਰੰਭ ਹੋਵੇਗਾ। ਬੋਰਡ ਦੇ ਸੂਤਰਾਂ ਅਨੁਸਾਰ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਲਈ ਮਿਸਾਲੀ ਪ੍ਰਬੰਧ ਕੀਤੇ ਗਏ ਹਨ। ਜਿਨ੍ਹਾਂ ਅਧੀਨ ਹਰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜ਼ਿਲ੍ਹਾ ਭਰ ਵਿੱਚ ਪ੍ਰੀਖਿਆਵਾਂ ਲਈ ਓਵਰ ਆਲ ਇੰਚਾਰਜ ਬਣਾਇਆ ਗਿਆ ਹੈ। ਇਸ ਅਧਿਕਾਰੀ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ, ਪ੍ਰੀਖਿਆ ਕੇਂਦਰਾਂ ਦੀ ਸਹੁਲਤਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਅਤੇ ਹੈੱਡ ਕੁਆਰਟਰ ਦੀਆਂ ਹਦਾਇਤਾਂ ਦੇ ਅਨੁਸਾਰ ਉੱਡਣ ਦਸਤਿਆਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਹਰ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਤੇ ਪੁਲੀਸ ਪ੍ਰਬੰਧ ਵੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਰੀ ਤਰ੍ਹਾਂ ਮੁਸਤੈਦ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ਦੇ ਖੇਤਰ ਵਿੱਚ ਪ੍ਰੀਖਿਆ ਦੇ ਸਮੇਂ ਤੋਂ 48 ਘੰਟੇ ਪਹਿਲਾਂ ਦਫ਼ਾ 144 ਆਇਦ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਸ਼ਾਸਨਿਕ ਅਤੇ ਪੁਲੀਸ ਪ੍ਰਬੰਧਾਂ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਮੁਖੀਆਂ ਨੇ ਵੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਲੋੜ ਅਨੁਸਾਰ ਅਤੇ ਮੁਸਤੈਦੀ ਲਈ ਤਿਆਰੀਆਂ ਵਿੱਢ ਲਈਆਂ ਹਨ। ਪ੍ਰੀਖਿਆ ਦੇ ਪ੍ਰਬੰਧ ਅਤੇ ਨਕਲ ਰੋਕਣ ਆਦਿ ਕਾਰਜਾਂ ਲਈ ਪ੍ਰੀਖਿਆ ਕੇਂਦਰਾਂ ਅਤੇ ਹੈੱਡ ਕੁਆਰਟਰਾਂ ਦਾ ਵੱਖਰਾ ਖ਼ੁਫੀਆ ਸੰਪਰਕ ਵੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਵੀ ਲੋੜ ਅਨੁਸਾਰ ਸਥਾਪਤ ਕਰ ਲਏ ਗਏ ਹਨ। ਸਾਰੇ ਹੀ ਪ੍ਰਬੰਧਾਂ ਦੀ ਸੰਜੀਦਗੀ ਕਾਇਮ ਰੱਖਣ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰੀਖਿਆ ਕੇਂਦਰਾਂ ਸਬੰਧੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਪ੍ਰੀਖਿਆ ਕੇਂਦਰ ਸੈਲਫ਼ ਸੈਂਟਰ ਨਾ ਬਣਾਇਆ ਜਾਵੇ। ਪ੍ਰੀਖਿਆ ਕੇਂਦਰਾਂ ਵਿੱਚ ਐਫੀਲੀਏਟਿਡ ਸਕੂਲਾਂ ਦਾ ਪੂਰਨ ਸਿੱਖਿਅਤ ਸਟਾਫ਼ ਦੀ ਨਿਗਰਾਨ ਅਮਲੇ ਵਜੋਂ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕਿਤੇ ਵੀ ਨਿਗਰਾਨ ਅਮਲੇ ਦੀ ਜ਼ਿੰਮੇਵਾਰੀ ਅਜਿਹੇ ਪ੍ਰੀਖਿਆ ਕੇਂਦਰ ਵਿੱਚ ਨਾ ਲਗਾਈ ਜਾਵੇ। ਜਿੱਥੇ ਅਮਲੇ ਨਾਲ ਸਬੰਧਤ ਸੰਸਥਾ ਦੇ ਵਿਦਿਆਰਥੀ ਪ੍ਰੀਖਿਆ ਦੇ ਰਹੇ ਹੋਣ। ਆਮ ਤੌਰ ਤੇ ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਮੁਕੱਰਰ ਹੈ ਜਦੋਂਕਿ ਸਾਰੇ ਪ੍ਰੀਖਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਪ੍ਰਸ਼ਨ ਪੱਤਰ ਪੜ੍ਹਨ ਲਈ ਦਿੱਤਾ ਜਾਣਾ ਹੈ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਹਰ ਇਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਅਤੇ ਲੋੜ ਅਨੁਸਾਰ ਪ੍ਰੀਖਿਆਰਥੀ ਨੂੰ ਲਿਖਾਰੀ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਪ੍ਰੀਖਿਆ ਕੇਂਦਰਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੀ ਵੀ ਪੂਰਨ ਮਨਾਹੀ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ