ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ’ਤੇ ਪਾਬੰਦੀ ਦੇ ਹੁਕਮ ਸਖ਼ਤੀ ਨਾਲ ਲਾਗੂ ਕੀਤੇ ਜਾਣ: ਡੀਸੀ

ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ’ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ: ਅਮਿਤ ਤਲਵਾੜ

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਤਿੰਨ ਰੋਜ਼ਾ ਵਿਸ਼ੇਸ਼ ਚੈਕਿੰਗ ਮੁਹਿੰਮ ਕੀਤੀ ਜਾਵੇਗੀ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ
ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁਹਾਲੀ ਜ਼ਿਲ੍ਹੇ ਵਿੱਚ ਜ਼ਮੀਨੀ ਪੱਧਰ ’ਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਾਉਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਇਸਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।
ਸ੍ਰੀ ਤਲਵਾੜ ਨੇ ਦੱਸਿਆ ਕਿ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਨਵੀਂ ਦਿੱਲੀ ਵੱਲੋਂ ਪ੍ਰਾਪਤ ਪੱਤਰ ਅਨੁਸਾਰ 1 ਜੁਲਾਈ ਤੋਂ 19 ਤਰ੍ਹਾਂ ਦੇ ਸਿੰਗਲ ਯੂਜ਼ ਪਲਾਸਟਿਕ (ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟੀਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਪਾਈਪ, ਮਿਠਾਈਆਂ ਦੇ ਡੱਬੇ, ਇਨਵੀਟੇਸ਼ਨ ਕਾਰਡ, ਸਿਗਰਟ ਪੈਕੇਜ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫ਼ਿਲਮਾਂ, ਪਲਾਸਟਿਕ ਜਾਂ ਪੀਵੀਸੀ ਬੈਨਰ 100 ਮਾਈਕਰੋਨ ਤੋਂ ਘੱਟ, ਸਟਿੱਕਰ) ਦੀ ਮੈਨੂਫੈਕਚਰਿੰਗ, ਇਮਪੋਰਟ, ਸਟੋਕਿੰਗ, ਡਿਸਟ੍ਰੀਬਿਊਸ਼ਨ, ਵਿਕਰੀ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਜੇਕਰ ਕੋਈ ਸਨਅਤ, ਵਪਾਰਕ ਸੰਸਥਾ, ਦੁਕਾਨਾਂ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀ ਮੈਨੂਫੈਕਚਰਿੰਗ, ਇਮਪੋਰਟ, ਸਟੋਕਿੰਗ, ਡਿਸਟ੍ਰੀਬਿਊਸ਼ਨ, ਵਿਕਰੀ ਅਤੇ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦੀ ਦਿਨ ਪ੍ਰਤੀ ਦਿਨ ਵੱਧ ਰਹੀਂ ਵਰਤੋਂ ਨਾਲ ਪਾਣੀ, ਹਵਾ ਅਤੇ ਮਿੱਟੀ ਦੇ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਇਸ ਨੂੰ ਇੱਕ ਮੁਹਿੰਮ ਦੇ ਰੂਪ ਵਿੱਚ ਲਿਆਂਦਾ ਜਾਵੇਗਾ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਿਆ ਜਾਵੇਗਾ।
ਸ੍ਰੀ ਤਲਵਾੜ ਨੇ ਦੱਸਿਆ ਕਿ ਸਬ-ਤਹਿਸੀਲ ਲੈਵਲ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਕਿ ਸਿੰਗਲ ਯੂਜ਼ ਪਲਾਸਟਿਕ ਦੀ ਮੈਨੂਫੈਕਚਰਿੰਗ, ਇਮਪੋਰਟ, ਸਟੋਕਿੰਗ, ਡਿਸਟਰੀਬਿਊਸ਼ਨ, ਵਿਕਰੀ ਅਤੇ ਵਰਤੋਂ ਕਰਨ ਵਾਲੀਆਂ ਸਨਅੱਤ, ਵਪਾਰਿਕ ਸਥਾਪਨਾ, ਦੁਕਾਨਾਂ ਆਦਿ ਦੀ ਚੈਕਿੰਗ ਕਰਨਗੀਆਂ। ਕੇਂਦਰ ਸਰਕਾਰ ਦੁਆਰਾ ਲਾਗੂ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ’ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ 1 ਜੁਲਾਈ ਤੋਂ ਤਿੰਨ ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਦਯੋਗਾਂ, ਵਪਾਰਕ ਅਦਾਰਿਆਂ, (ਮਾਲ, ਮਾਰਕੀਟ ਪਲੇਸ, ਸ਼ਾਪਿੰਗ ਕੇਂਦਰ, ਹਸਪਤਾਲ, ਸਕੂਲ, ਕਾਲਜ, ਸਿਨੇਮਾਘਰ, ਸਟਾਕਿਸਟ ਆਦਿ) ਦੀ ਚੈਕਿੰਗ ਲਈ ਅਧਿਕਾਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਐਸਡੀਐਮ ਜਾਂ ਉਸਦਾ ਪ੍ਰਤੀਨਿਧੀ, ਜੀਐਮ, ਡੀਆਈਸੀ ਜਾਂ ਉਸ ਦਾ ਪ੍ਰਤੀਨਿਧੀ ਸਬੰਧਤ ਕਾਰਜਕਾਰੀ ਅਧਿਕਾਰੀ/ਪ੍ਰਤੀਨਿਧੀ ਕਮਿਸ਼ਨਰ ਮਿਊਸੀਪਲ ਕਾਰਪੋਰੇਸ਼ਨ/ਬੀਡੀਪੀਓਜ਼ (ਐਮਸੀ ਸੀਮਾਵਾਂ ਤੋਂ ਬਾਹਰ), ਸਹਾਇਕ ਵਾਤਾਵਰਣ ਇੰਜੀਨੀਅਰ, ਪੀਪੀਸੀਬੀ, ਸਟੇਸ਼ਨ ਹਾਊਸ ਅਫਸਰ ਜਾਂ ਉਸਦਾ ਪ੍ਰਤੀਨਿਧੀ ਸ਼ਾਮਲ ਹੋਵੇਗਾ। ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਿੰਗਲ ਯੂਜ਼ ਪਲਾਸਟਿਕ ਸਬੰਧੀ ਸ਼ਿਕਾਇਤਾਂ ਲਈ ਇੱਕ ਮੋਬਾਈਲ ਐਪ ਵੀ ਬਣਾਈ ਗਈ ਹੈ। ਮੀਟਿੰਗ ਵਿੱਚ ਏਡੀਸੀ (ਸ਼ਹਿਰੀ ਵਿਕਾਸ) ਪੂਜਾ ਐਸ ਗਰੇਵਾਲ, ਐਸਪੀ (ਐੱਚ) ਰਵਿੰਦਰਪਾਲ ਸਿੰਘ, ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…