Nabaz-e-punjab.com

ਆਈਟੀਆਈ ਤੇ ਬਹੁ ਤਕਨੀਕੀ ਕਾਲਜਾਂ ਦੀਆਂ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਲਈ ਸਖ਼ਤੀ ਵਰਤੀ ਜਾਵੇਗੀ: ਚੰਨੀ

ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ’ਤੇ ਹੀ ਕੀਤੀ ਜਾ ਰਹੀ ਹੈ ਆਈਟੀਆਈ ਦੀ ਪ੍ਰੀਖਿਆ ਦੌਰਾਨ ਚੈਕਿੰਗ

ਆਈਟੀਆਈ ਬੁਢਲਾਲਾ ਵੱਲੋਂ ਪ੍ਰੈਕਟੀਕਲ ਪ੍ਰੀਖਿਆ ਵਿੱਚ ਨਕਲ ਕਰਵਾਉਣ ਦੇ ਮਾਮਲੇ ਦਾ ਮੰਤਰੀ ਵੱਲੋਂ ਗੰਭੀਰ ਨੋਟਿਸ

ਡੀਸੀ ਨੂੰ 3 ਦਿਨਾਂ ’ਚ ਜਾਂਚ ਰਿਪੋਰਟ ਸੌਂਪਣ ਦੇ ਹੁਕਮ, ਬੇਨਿਯਮੀਆਂ ਪਾਏ ਜਾਣ ’ਤੇ ਆਈਟੀਆਈ ਨੂੰ ਲੱਗੇਗਾ ਤਾਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜਨਵਰੀ:
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਤਕਨੀਕੀ ਸਿੱਖਿਆ ਦੇ ਨਾਮ ’ਤੇ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨਾਲ ਕੋਈ ਵੀ ਖਿਲਵਾੜ ਨਹੀ ਹੋਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਈਟੀਆਈ ਅਤੇ ਬਹੁ ਤਕਨੀਕੀ ਕਾਲਜਾਂ ਦੇ ਪ੍ਰੀਖਿਆਵਾਂ ਵਿੱਚ ਨਕਲ ਮੁਕੰਮਲ ਤੌਰ ’ਤੇ ਰੋਕਣ ਲਈ ਸਖ਼ਤੀ ਵਰਤਣ ਲਈ ਕਿਹਾ ਹੋਇਆ ਹੈ ਅਤੇ ਇਸ ਸਬੰਧੀ ਪਹਿਲਾਂ ਹੀ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਤੀਜੇ ਵਜੋਂ ਸਰਕਾਰੀ ਅਧਿਕਾਰੀਆਂ ਵਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਆਈ.ਟੀ.ਆਈ ਦੇ ਇਮਤਿਹਾਨ ਦੌਰਾਨ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ।ਇਸ ਦੇ ਚਲਦਿਆਂ ਅੱਜ ਮਾਨਸਾ ਜ਼ਿਲ੍ਹੇ ਦੇ ਬੁਡਲਾਡਾ ਵਿਖੇ ਇੱਕ ਨਿੱਜੀ ਆਈ.ਟੀ.ਆਈ ਵਿਖੇ ਤਹਿਸੀਲਦਾਰ ਵਲੋਂ ਪ੍ਰੈਕਟੀਕਲ ਇਮਤਿਹਾਨ ਦੀ ਕੀਤੀ ਗਈ ਚੈਕਿੰਗ ਦੌਰਾਨ ਨਕਲ ਕਰਵਾਉਣ ਦੀਆਂ ਆਈਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ।
ਆਪਣੇ ਸਰਕਾਰੀ ਨਿਵਾਸ ’ਤੇ ਦੇਰ ਸ਼ਾਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਨੁੰ ਵਿਚਾਰਨ ਲਈ ਕੀਤੀ ਗਈ ਐਮਰਜੰਸੀ ਮੀਟਿੰਗ ਵਿਚ ਤਕਨੀਕੀ ਸਿੱਖਿਆ ਮੰਤਰੀ ਨੇ ਨਕਲ ਰੋਕਣ ਲਈ ਇੱਕ ਵਰ ਫਿਰ ਸਖਤੀ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਸ ਮਾਮਲੇ ਦੀ ਤਿੰਨ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਭੇਜਣ ਲਈ ਕਿਹਾ ਹੈ।
ਸ੍ਰੀ ਚੰਨੀ ਨੇ ਨਾਲ ਹੀ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਵਿੱਚ ਜੇਕਰ ਨਕਲ ਕਰਵਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਨਿੱਜੀ ਆਈ.ਟੀ.ਆਈ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਬਾਕੀਆਂ ਲਈ ਵੀ ਇਹ ਵੱਡਾ ਸਬਕ ਹੋਵੇਗਾ ਅਤੇ ਤਕਨੀਕੀ ਸਿੱਖਿਆ ਦਾ ਕੋਈ ਵੀ ਅਦਾਰਾ ਸਰਕਾਰੀ ਜਾਂ ਪ੍ਰਾਈਵੇਟ ਜੇਕਰ ਨਕਲ ਕਰਵਾਉਣ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਸ਼ਾਮ ਹੋਈ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਬੋਰਡ ਦੇ ਡਾਇਰੈਕਟਰ ਸ੍ਰੀ ਚੰਦਰ ਗੈਂਦ, ਕੰਟਰੋਲਰ ਤਕਨੀਕੀ ਸਿੱਖਿਆ ਬੋਰਡ ਸ੍ਰੀ ਜਸਪਾਲ ਸਿਘ ਕੰਗ ਅਤੇ ਰਜਿਸ਼ਟਰਾਰ ਸ੍ਰੀ ਰਾਜੀਵ ਪੁਰੀ ਸ਼ਾਮਿਲ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…