ਹੜਤਾਲ: ਮੁਹਾਲੀ ’ਚ 3000 ਤੋਂ ਵੱਧ ਸ਼ਿਕਾਇਤਾਂ ਪੈਂਡਿੰਗ ਤੇ ਕਈ ਉਦਯੋਗ ਬੰਦ

ਪਾਵਰਕੌਮ ਮੁਲਾਜ਼ਮਾਂ ਨੇ ਵਰ੍ਹਦੇ ਮੀਂਹ ਵਿੱਚ ਸੂਬਾ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 13 ਸਤੰਬਰ:
ਪੰਜਾਬ ਰਾਜ ਪਾਵਰਕੌਮ ਦੇ ਕਰਮਚਾਰੀਆਂ ਨੇ 17 ਸਤੰਬਰ ਤੱਕ ਹੜਤਾਲ ਵਧਾ ਕੇ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਦੀ ਨੀਂਦ ਉਡਾ ਦਿੱਤੀ ਹੈ। ਬੀਤੀ 10 ਸਤੰਬਰ ਤੋਂ 12 ਸਤੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਕਰਮਚਾਰੀ ਹੜਤਾਲ ’ਤੇ ਸਨ ਲੇਕਿਨ ਸਰਕਾਰ ਅਤੇ ਅਫ਼ਸਰਸ਼ਾਹੀ ਦੇ ਨਾਂਹਪੱਖੀ ਰਵੱਈਏ ਨੂੰ ਦੇਖਦੇ ਹੋਏ ਮੁਲਾਜ਼ਮਾਂ ਨੇ ਸੰਘਰਸ਼ ਨੂੰ ਹੋਰ ਲੰਮਾ ਖਿੱਚ ਦਿੱਤਾ ਹੈ। ਵੱਖ-ਵੱਖ ਜਥੇਬੰਦੀਆਂ ਵੱਲੋਂ ਵਰਕ-ਟੂ-ਰੂਲ ਅਤੇ ਸਮੂਹਿਕ ਛੁੱਟੀ ਦੇ ਫ਼ੈਸਲੇ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਅੱਜ ਵਰ੍ਹਦੇ ਮੀਂਹ ਵਿੱਚ ਸਾਂਝੀ ਰੋਸ ਰੈਲੀ ਕੀਤੀ। ਜਿਸ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਡਵੀਜ਼ਨ ਮੁਹਾਲੀ, ਪੈਨਸ਼ਨਰਜ਼ ਐਸੋਸੀਏਸ਼ਨ ਆਦਿ ਜਥੇਬੰਦੀਆਂ ਨੇ ਮੁਹਾਲੀ ਦਫ਼ਤਰ ਦੇ ਬਾਹਰ ਗੇਟ ਰੈਲੀ ਕੀਤੀ।
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ ਅਤੇ ਸਾਬਕਾ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ 17 ਸਤੰਬਰ ਤੱਕ ਸਾਰੇ ਕਰਮਚਾਰੀ ਸਮੂਹਿਕ ਛੁੱਟੀ ’ਤੇ ਰਹਿਣਗੇ ਅਤੇ ਵਰਕ-ਟੂ-ਰੋਲ ਅਨੁਸਾਰ ਹੀ ਬਣਦੀ ਡਿਊਟੀ ਕੀਤੀ ਜਾਵੇਗੀ। ਉਨ੍ਹਾਂ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਹੁਣ ਤੱਕ ਮੁਹਾਲੀ ਵਿੱਚ ਤਿੰਨ ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ ਅਤੇ ਕਈ ਉਦਯੋਗ ਬੰਦ ਪਏ ਹਨ।
ਬੁਲਾਰਿਆਂ ਨੇ ਪਾਵਰਕੌਮ ਮੈਨੇਜਮੈਂਟ ਵੱਲੋਂ ਐਸਮਾ ਲਗਾਉਣ ਦੇ ਜਾਰੀ ਧਮਕੀ ਭਰੇ ਪੱਤਰ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਨਿੱਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ, ਠੇਕੇਦਾਰੀ ਪ੍ਰਥਾ ਅਤੇ ਆਊਟਸੋਰਸ ਨੀਤੀ ਫੌਰੀ ਰੱਦ ਕਰਕੇ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਚੋਣ ਵਾਅਦੇ ਮੁਤਾਬਕ ਪਾਵਰਕੌਮ ਵਿੱਚ ਕੰਮ ਕਰਦੇ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਅੱਠ ਤੋਂ 12 ਘੰਟੇ ਕੰਮ ਲੈਣ ਵਾਲਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ। ਡਿਊਟੀ ਦੌਰਾਨ ਜਾਨਾਂ ਗੁਆਉਣ ਵਾਲੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕੰਮ ਕਰਦੇ ਸਮੇਂ ਕਰਮਚਾਰੀਆਂ ਦੀ ਮੌਤ ਦਰ ਘਟਾਈ ਜਾ ਸਕੇ।
ਬੁਲਾਰਿਆਂ ਨੇ ਮੰਗ ਕੀਤੀ ਕਿ ਬਿਜਲੀ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸੁਰੱਖਿਆ ਫੋਰਸ ਦੀ ਤਰਜ਼ ’ਤੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 1 ਜਨਵਰੀ 2016 ਤੋਂ ਸਕੇਲ ਅਤੇ ਡੀਏ ਦੇ ਬਕਾਏ ਦਾ ਭੁਗਤਾਨ ਕੀਤਾ ਜਾਵੇ, ਤਰੱਕੀ ਚੈਨਲ ਇਕਸਾਰ ਕੀਤਾ ਜਾਵੇ।
ਇਸ ਮੌਕੇ ਜਸਪਾਲ ਸਿੰਘ ਭੁੱਲਰ, ਬਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਅਮਿਤ ਕੁਮਾਰ, ਗੁਰਮੇਲ ਸਿੰਘ, ਅਰਵਿੰਦਰ ਸਿੰਘ, ਵਿਜੈ ਕੁਮਾਰ, ਕਪਿਲ ਦੇਵ, ਸੁਰਿੰਦਰ ਮੱਲ੍ਹੀ, ਸਤਵੰਤ ਸਿੰਘ, ਬਿਰਕਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਗੁਰਮੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ, ਜਗਦੀਪ ਸਿੰਘ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…