Nabaz-e-punjab.com

ਲਿੰਗ ਨਿਰਧਾਰਨ ਟੈੱਸਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ:ਡਾ.ਮਨਜੀਤ ਸਿੰਘ

ਮਾਦਾ ਭਰੂਣ ਹਤਿਆ ਵਿਰੁਧ ਸਾਰਿਆਂ ਨੂੰ ਮਿਲ ਜੁਲ ਕੇ ਹੰਭਲਾ ਮਾਰਨ ਦੀ ਲੋੜ: ਸਿਵਲ ਸਰਜਨ

ਬੂਥਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਹੋਇਆ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਮਾਗਮ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਦਸੰਬਰ:
ਜ਼ਿਲ੍ਹਾ ਮੁਹਾਲੀ ਵਿੱਚ ਜੇ ਕੋਈ ਹਸਪਤਾਲ ਸੈਂਟਰ, ਡਾਕਟਰ ਜਾਂ ਕੋਈ ਵੀ ਵਿਅਕਤੀ ਬੱਚੇ ਦੇ ਜਨਮ ਤੋਂ ਪਹਿਲਾਂ ਲਿੰਗ ਨਿਰਧਾਰਨ ਟੈਸਟ ਕਰਦਾ ਫੜਿਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਮੁੱਢਲੀ ਸਿਹਤ ਕੇਂਦਰ ਬੂਥਗੜ੍ਹ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਚੇਤਾਵਨੀ ਦਿੱਤੀ। ਸਮਾਗਮ ਵਿਚ ਮੌਜੂਦ ਇਕੱਠ ਨੂ੍ਰੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲਿੰਗ ਨਿਰਧਾਰਨ ਟੈਸਟ ਕਰਨ ’ਤੇ ਸਾਰੇ ਦੇਸ਼ ਵਿੱਚ ਪਾਬੰਦੀ ਹੈ ਕਿਉਂਕਿ ਇਹ ਟੈਸਟ ਸਮਾਜ ਵਿਚ ਮਾਦਾ ਭਰੂਣ ਹਤਿਆ ਦੀ ਕੁਰੀਤੀ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਸਮਾਜਕ ਲਾਹਨਤ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਮਿਲ ਜੁਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹੇ ਟੈਸਟ ਕਰਦੇ ਹਨ, ਉਹ ਸਾਡੇ ਸਮਾਜ ਉੱਤੇ ਕਲੰਕ ਹਨ ਅਤੇ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰਨ ਦਾ ਅਪਰਾਧ ਅਤੇ ਪਾਪ ਕਰ ਰਹੇ ਹਨ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਬਾਰੇ ਸਿਹਤ ਵਿਭਾਗ ਨੂੰ ਸੂਚਨਾ ਦਿਤੀ ਜਾਵੇ ਤਾਕਿ ਅਜਿਹੇ ਲੋਕਾਂ ਨੂੰ ਸਜ਼ਾ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਅਜਿਹੇ ਗ਼ੈਰਕਾਨੂੰਨੀ ਅਤੇ ਸਮਾਜ ਵਿਰੋਧੀ ਕਾਰੇ ਤੋਂ ਦੂਰ ਰਹਿਣ ਲਈ ਕਿਹਾ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਜਾਗਰੂਕਤਾ ਸਰਗਰਮੀਆਂ ਦਾ ਸਾਰਥਕ ਨਤੀਜਾ ਨਿਕਲ ਰਿਹਾ ਹੈ ਅਤੇ ਲੋਕਾਂ ਨੂੰ ਸਹਿਜੇ-ਸਹਿਜੇ ਸਮਝ ਆ ਰਹੀ ਹੈ ਕਿ ਬੇਟੇ ਅਤੇ ਬੇਟੀ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਕੁੜੀਆਂ ਨੂੰ ਵੀ ਮੁੰਡਿਆਂ ਬਰਾਬਰ ਸਮਝਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਹਾਲੇ ਵੀ ਕੁਝ ਪਰਵਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਧੱਕੇ ਚੜ੍ਹ ਕੇ ਮਾਦਾ ਭਰੂਣ ਹਤਿਆ ਦਾ ਅਪਰਾਧ ਕਰ ਰਹੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਮਾਨਸਿਕਤਾ ਨੂੰ ਬਦਲਣ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਬਰਾਬਰ ਸਮਝਣ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਬੇਟੀ ਦੇ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਉਸ ਦੀ ਡਾਕਟਰੀ ਜਾਂਚ ਅਤੇ ਇਲਾਜ ਲਈ ਮੁਫ਼ਤ ਸਹੂਲਤ ਦਿਤੀ ਜਾਂਦੀ ਹੈ ਅਤੇ ਸਰਕਾਰ ਉਸ ਦੀ ਮੁਫ਼ਤ ਪੜ੍ਹਾਈ ਅਤੇ ਵਿਆਹ ਮੌਕੇ ਵਿੱਤੀ ਸਹਾਇਤਾ ਵੀ ਯਕੀਨੀ ਬਣਾ ਰਹੀ ਹੈ ਜਿਸ ਸਦਕਾ ਬੇਟੀਆਂ ਅੱਜ ਬੋਝ ਨਹੀਂ ਰਹਿ ਗਈਆਂ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਬੋਝ ਸਮਝਣ ਵਾਲੇ ਅਸਲ ਵਿੱਚ ਅਪਣੀ ਸੌੜੀ ਸੋਚ ਦਾ ਬੋਝ ਚੁੱਕੀ ਫਿਰਦੇ ਹਨ ਅਤੇ ਉਹ ਇਸ ਬੋਝ ਤੋਂ ਮੁਕਤ ਹੋ ਕੇ ਬੇਟੀਆਂ ਨੂੰ ਕੁੱਖ ਵਿੱਚ ਕਤਲ ਕਰਨ ਦੀ ਸਮਾਜਕ ਲਾਹਨਤ ਨੂੰ ਦੂਰ ਕਰਨ ਵਿੱਚ ਰੋਲ ਨਿਭਾ ਸਕਦੇ ਹਨ।
ਸਿਵਲ ਸਰਜਨ ਨੇ ਕਿਹਾ ਕਿ ਅੱਜ ਲੋੜ ਹੈ ਕਿ ਬੇਟੀਆਂ ਦਾ ਜੰਮਣ ਦਾ ਅਧਿਕਾਰ ਉਨ੍ਹਾਂ ਨੂੰ ਦਿੱਤਾ ਜਾਵੇ ਅਤੇ ਮਾਦਾ ਭਰੂਣ ਹਤਿਆ ਰੋਕੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਸਿਹਤ ਵਿਭਾਗ ਅਪਣੇ ਤੌਰ ’ਤੇ ਪੂਰੀ ਵਾਹ ਲਾ ਰਿਹਾ ਹੈ ਪਰ ਲੋਕਾਂ ਨੂੰ ਵੀ ਅਪਣੀ ਸੋਚ ਨੂੰ ਬਦਲਦਿਆਂ ਇਸ ਮੁਹਿੰਮ ਵਿੱਚ ਵਿਭਾਗ ਦਾ ਵੱਧ-ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਸਕੂਲੀ ਬੈਗ, ਪਾਣੀ ਦੀਆਂ ਬੋਤਲਾਂ, ਨੋਟਬੁਕਸ, ਸਟੇਸ਼ਨਰੀ ਆਦਿ ਦਿਤੇ ਗਏ। ਸਮਾਗਮ ਵਿੱਚ ਜ਼ਿਲ੍ਹਾ ਪਰਿਵਾਰ ਨਿਯੋਜਨ ਅਫ਼ਸਰ ਡਾ. ਨਿਧੀ, ਸੀਨੀਅਰ ਮੈਡੀਕਲ ਅਧਿਕਾਰੀ ਡਾ. ਦਿਲਬਾਗ ਸਿੰਘ, ਪੀਐਨਡੀਟੀ ਕੋਆਰਡੀਨੇਟਰ ਰਿਤੂ ਸੋਹੀ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਰਮ ਕੁਮਾਰ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…