Nabaz-e-punjab.com

ਮੁਹਾਲੀ ਨੂੰ ਵਿਸ਼ਵ ਦਾ ਪਹਿਲਾ ਸਟਾਰਟਅੱਪ ਕੇਂਦਰ ਬਣਾਉਣ ਦੀ ਜ਼ੋਰਦਾਰ ਵਕਾਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ‘ਪੰਜਾਬ ਨੂੰ ਅਗਲਾ ਸਟਾਰਟਸ ਅੱਪਸ ਕੇਂਦਰ ਕਿਵੇਂ ਬਣਾਇਆ ਜਾਵੇ ਸੈਸ਼ਨ ਦੌਰਾਨ ਹੋਈ ਪੈਨਲ ਚਰਚਾ ਦੌਰਾਨ ਮੁਹਾਲੀ ਨੂੰ ਵਿਸ਼ਵ ਦੀ ਪਹਿਲੀ ਸਟਾਰਟਅੱਪ ਵੈਲੀ ਬਣਾਉਣ ਦੀ ਵਕਾਲਤ ਕਰਦਿਆਂ ਸੰਸਾਰ ਭਰ ਤੋਂ ਹੁਨਰ ਅਤੇ ਨਿਵੇਸ਼ ਨੂੰ ਸੱਦਾ ਦਿੱਤਾ। ਪੈਨਲ ਮੈਂਬਰਾਂ ਨੇ ਕਿਹਾ ਕਿ ਸਟਾਰਟਅੱਪ ਈਕੋਸਿਸਟਮ ਸਬੰਧੀ 90 ਮਿੰਟ ਦੇ ਸੈਸ਼ਨ ਦੌਰਾਨ ਮੁਹਾਲੀ ਨੂੰ ਇਸ ਖੇਤਰ ਵਿੱਚ ਮੌਜੂਦ ਵਿਰਾਸਤੀ ਵਿਲੱਖਣਤਾਵਾਂ ਨੂੰ ਦੇਖਦਿਆਂ ਸਟਾਰਟਅੱਪ ਦੀ ਸ਼ਿਵਾਲਿਕ ਵੈਲੀ ਬਣਾਉਣ ਦਾ ਸੁਝਾਅ ਦਿੱਤਾ।
ਇੰਡੀਅਨ ਏਂਜਲ ਨੈੱਟਵਰਕ ਦੀ ਸਹਿ ਸੰਸਥਾਪਕ ਅਤੇ ਆਈਏਐਨ ਫੰਡ ਦੇ ਫਾਊਂਡਿੰਗ ਪਾਰਟਨਰ ਸ੍ਰੀਮਤੀ ਪਦਮਜਾ ਰੂਪਰੇਲ, ਆਈਐਸਬੀ ਦੇ ਪ੍ਰੋਫੈਸਰ ਅਤੇ ਮੁਖੀ ਏਸ਼ੀਆ, ਅਫਰੀਕਾ, ਓਸ਼ੀਨੀਆ, ਨੈਸਲੇ ਐਸਏ, ਸਵਿਜ਼ਰਲੈਂਡ ਅਤੇ ਸਾਬਕਾ ਈਵੀਪੀ ਪ੍ਰੋ. ਨੰਦੂ ਨੰਦ ਕਿਸ਼ੋਰ, ਸੋਨਾਲਿਕਾ ਇੰਡਸਟਰੀ ਦੇ ਕਾਰਜਕਾਰੀ ਡਾਇਰੈਕਟਰ ਅਕਸ਼ੈ ਸਾਂਗਵਾਨ, ਸਹਿ ਸੰਸਥਾਪਕ ਅਤੇ ਪ੍ਰਬੰਧਕੀ ਭਾਈਵਾਲ ਭਾਰਤ ਫੰਡ ਕੁਨਾਲ ਉਪਾਧਿਆਏ, ਏਜੀਨੈਕਸਟ ਟੈਕਨਾਲੋਜੀ ਦੇ ਸੰਸਥਾਪਕ ਤਰਨਜੀਤ ਭਾਮਰਾ ਨੇ ਸੈਸ਼ਨ ਵਿੱਚ ਭਾਗ ਲਿਆ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸੰਯੁਕਤ ਵਿਕਾਸ ਕਮਿਸ਼ਨਰ ਅਤੇ ਡਾਇਰੈਕਟਰ ਆਈਟੀ ਕਮ ਸਟੇਟ ਸਟਾਰਟਅੱਪ ਨੋਡਲ ਅਫ਼ਸਰ ਸ੍ਰੀਮਤੀ ਤਨੂ ਕਸ਼ਯਪ ਨੇ ਪੈਨਲ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਉਦਮ ਦੀ ਸ਼ੁਰੂਆਤ ਲਈ ਪੰਜਾਬ ਵਿੱਚ ਮੌਜੂਦ ਵਪਾਰਕ ਮੌਕਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਰਾਜ ਸਰਕਾਰ ਵੱਲੋਂ ਉਦਮੀਆਂ ਅਤੇ ਕਾਰੋਬਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਵੱਡੀਆਂ ਰਿਆਇਤਾਂ, ਸੁਖਾਵੇਂ ਕਾਰੋਬਾਰੀ ਮਾਹੌਲ ਅਤੇ ਲਾਗੂ ਕੀਤੇ ਗਏ ਵਪਾਰਕ ਸੁਧਾਰਾਂ ਤੋਂ ਵੀ ਜਾਣੂ ਕਰਵਾਇਆ।
ਪੰਜਾਬ ਨੂੰ ਬੌਧਿਕ ਤੌਰ ’ਤੇ ਮਜ਼ਬੂਤ ਕਰਨ ਲਈ ਵੱਖ ਵੱਖ ਨਾਮੀ ਸੰਸਥਾਵਾਂ ਨੂੰ ਸਾਂਝੇ ਤੌਰ ’ਤੇ ਅੰਤਰ ਅਨੁਸ਼ਾਸਨੀ ਖੋਜ ਲਈ ਅੱਗੇ ਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪੈਨਲ ਨੇ ਸਾਂਝੇ ਨਵੀਨਤਮ ਪ੍ਰਾਜੈਕਟਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਪ੍ਰਾਜੈਕਟਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਅਰਥਚਾਰੇ ਲਈ ਖੋਜ ਅਤੇ ਉਦਮ ਬਹੁਤ ਅਹਿਮ ਹਨ ਅਤੇ ਪੰਜਾਬ ਨੂੰ ਦੇਸ਼ ਦਾ ਸਟਾਰਟਅੱਪ ਹੱਬ ਬਣਾਉਣ ਅਤੇ ਇਸ ਨੂੰ ਦੁਨੀਆ ਭਰ ਦੇ ਵੱਖ ਵੱਖ ਖੇਤਰਾਂ ਤੱਕ ਲਿਜਾਣ ਲਈ ਸੂਬੇ ਕੋਲ ਅਥਾਹ ਸ਼ਕਤੀ ਅਤੇ ਸਰੋਤ ਮੌਜੂਦ ਹਨ।
ਇਸ ਮੌਕੇ ਚਰਚਾ ਵਿੱਚ ਹਿੱਸਾ ਲੈਂਦਿਆਂ ਸ੍ਰੀਮਤੀ ਪਦਮਜਾ ਰੂਪਰੇਲ ਨੇ ਕਿਹਾ ਕਿ ਇਹ ਸੰਮੇਲਨ ਸਾਰੇ ਉਦਮੀਆਂ, ਨਿਵੇਸ਼ਕਾਂ, ਨੀਤੀ ਘਾੜਿਆਂ ਅਤੇ ਹੋਰ ਸਬੰਧਤ ਲੋਕਾਂ ਨੂੰ ਇਕ ਮੰਚ ’ਤੇ ਲਿਆਉਣ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਮੇਕ ਇਨ ਇੰਡੀਆ ਮੁਹਿੰਮ ਨੂੰ ਹੋਰ ਉਤਸ਼ਾਹ ਮਿਲੇਗਾ। ਇਸ ਦੌਰਾਨ ਸ੍ਰੀ ਨੰਦੂ ਨੰਦਕਿਸ਼ੋਰ ਨੇ ਕਿਹਾ ਕਿ ਉਦਮਤਾ ਪੰਜਾਬੀਆਂ ਦੇ ਖੂਨ ਵਿੱਚ ਹੈ, ਜਿਸ ਸਦਕਾ ਪੰਜਾਬ ਵਿੱਚ ਸਟਾਰਟਸਅੱਪ ਦੇ ਪੱਖ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਦਕਿ ਕੁਨਾਲ ਉਪਾਧਿਆਏ ਨੇ ਕਿਹਾ ਕਿ ਇਸਦੇ ਲਈ ਪੰਜਾਬ ਕੋਲ ਅਥਾਹ ਸੰਭਾਵਨਾਵਾਂ ਹਨ।
ਤਰਨਜੀਤ ਭਾਮਰਾ ਨੇ ਪੰਜਾਬ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਤੇਜ਼ੀ ਨਾਲ ਪ੍ਰਫੁੱਲਤ ਕਰਨ ਲਈ ਹੁਨਰ ਦਾ ਕੇਂਦਰੀ ਪੂਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਮੂ-ਫਾਰਮਜ਼ ਦੇ ਸੰਸਥਾਪਕ ਪਰਮ ਸਿੰਘ ਨੇ ਪੰਜਾਬ ਵਿੱਚ ਆਪਣੇ ਸਟਾਰਟ ਅੱਪ ਦੀ ਸ਼ੁਰੂਆਤ ਦਾ ਤਜ਼ਰਬਾ ਸਾਂਝਾ ਕਰਦਿਆਂ ਸੂਬੇ ਵਿੱਚ ਨਵੇਂ ਉਦਮਾਂ ਲਈ ਸੁਖਾਵਾਂ ਮਾਹੌਲ ਮੌਜੂਦ ਹੋਣ ਦੀ ਪੁਸ਼ਟੀ ਕੀਤੀ। ਪੰਜਾਬ ਵਿੱਚ ਜਨਮੇ ਅਤੇ ਆਸਟਰੇਲੀਆਂ ਤੋਂ ਪਰਤ ਕੇ ਪੰਜਾਬ ਵਿੱਚ ਸਫਲ ਸਟਾਰਟਅੱਪ ਸ਼ੁਰੂ ਕਰਨ ਵਾਲੇ ਪਰਮ ਸਿੰਘ ਨੇ ਦੱਸਿਆ ਕਿ ਉਸਨੇ ਸਹਾਇਕ ਧੰਦੇ ਡੇਅਰੀ ਨੂੰ ਨਿਵੇਕਲੇ ਰੂਪ ਵਿੱਚ ਅਪਣਾਇਆ ਅਤੇ ਇਸ ਸਬੰਧ ਵਿੱਚ 30 ਹਜ਼ਾਰ ਤੋਂ ਵੱਧ ਕਿਸਾਨਾਂ ਅਤੇ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…