Nabaz-e-punjab.com

ਪਾਬੰਦੀਸ਼ੁਦਾ ਦਵਾਈਆਂ ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਭੁੱਲਰ

ਜ਼ਿਲ੍ਹਾ ਪੁਲੀਸ ਮੁਖੀ ਨੇ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਕੈਮਿਸਟਾਂ ਤੋਂ ਮੰਗਿਆ ਸਹਿਯੋਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਪੁਲਿਸ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਐਸ. ਏ. ਐਸ. ਨਗਰ ਦੀਆਂ ਕੈਮਿਸਟ ਐਸੋਸੀਏਸ਼ਨਾਂ ਦੇ ਆਹੁਦੇਦਾਰਾਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰੀ ਭੁੱਲਰ ਨੇ ਕਿਹਾ ਕਿ ਜਿਲ੍ਹੇ ਵਿਚ ਪਾਬੰਦੀਸ਼ੁਦਾ ਦਵਾਈਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸਐਸਪੀ ਨੇ ਕੈਮਿਸਟਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਨਾ ਵੇਚੀ ਜਾਵੇੇ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਦਵਾਈ ਵੇਚਣ ਵਾਲੇ ਕੈਮਿਸਟ ਖ਼ਿਲਾਫ਼ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੈਮਿਸਟਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਲਿਆ ਕੇ ਨਸ਼ਾ ਜ਼ਿਲ੍ਹੇ ਵਿੱਚ ਸਪਲਾਈ ਕਰਦਾ ਹੈ ਤਾਂ ਉਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਅਜਿਹੇ ਨਸ਼ੇ ਦੇ ਸੌਦਾਗਾਰਾਂ ’ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾ ਸਕੇ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਸਟੋਰ ’ਤੇ ਕੋਈ ਨਸ਼ਾ ਖਰੀਦਣ ਜਾਂ ਵੇਚਣ ਆਉਂਦਾ ਹੈ ਤਾਂ ਉਸਦੀ ਇਤਲਾਹ ਵੀ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਤਲਾਹ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਇਸ ਬੀਮਾਰੀ ’ਤੇ ਹਰੇਕ ਦੇ ਸਹਿਯੋਗ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ।
ਮੀਟਿੰਗ ਵਿੱਚ ਹਾਜ਼ਰ ਕੈਮਿਸਟ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ’ਚੋਂਂ ਨਸ਼ਿਆਂ ਨੂੰ ਖਤਮ ਕਰਨ ਲਈ ਕੈਮਿਸਟਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਮਿਸਟ ਅਜਿਹੇ ਸਮਾਜ ਵਿਰੋਧੀ ਕਾਰਜ ਵਿੱੱਚ ਸ਼ਾਮਲ ਪਾਇਆ ਗਿਆ ਤਾਂ ਐਸੋਸੀਏਸ਼ਨ ਵੱਲੋਂ ਉਸ ਨੂੰ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਸਮੇਤ ਡੇਰਾਬਸੀ, ਲਾਲੜੂ, ਕੁਰਾਲੀ ਅਤੇ ਮੁਹਾਲੀ ਦੇ ਕੈਮਿਸਟ ਮੌਜੂਦ ਸਨ।

Load More Related Articles

Check Also

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ ਵਿਸ਼ਵ ਤੰਬਾਕੂ ਦਿਵਸ ’ਤੇ ਖ਼ਾਲਸਾ…