
ਕਿਸਾਨਾਂ ਦੀਆਂ ਬਕਾਇਆ ਮੰਗਾਂ ਦੇ ਹੱਲ ਲਈ ਰਾਜੇਵਾਲ ਦੀ ਅਗਵਾਈ ਦੀ ਸਖ਼ਤ ਲੋੜ
ਰਾਜੇਵਾਲ ਨੇ ਯੂਨੀਅਨ ਆਗੂਆਂ ਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਪ੍ਰੇਰਿਆ
ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੀ ਚੋਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵੀ ਸ਼ਿਰਕਤ ਕੀਤੀ ਗਈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਹਾੜੀ ਦੇ ਸੀਜ਼ਨ ਦੇ ਮੱਦੇਨਜ਼ਰ ਆਪਣੀ ਫਸਲ ਲੈ ਕੇ ਅਨਾਜ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣ ਤੋਂ ਬਚਾਉਣ ਲਈ ਅਗਾਊਂ ਪ੍ਰਬੰਧ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਚੋਣਾਂ ਵਿੱਚ ਹਾਰ ਦੇ ਕਾਰਨਾਂ ਅਤੇ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨਾਲ ਆਪਸੀ ਮਤਭੇਦ ਬਾਰੇ ਵੀ ਸਿਰਜੋੜ ਕੇ ਚਰਚਾ ਕੀਤੀ ਗਈ। ਰਾਜੇਵਾਲ ਨੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਪ੍ਰੇਰਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ ਅਤੇ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਤੋਂ ਕਦੇ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਤ੍ਰਿਪੜੀ ਅਤੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੇ ਕਿਹਾ ਕਿ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਮੁੱਦੇ ’ਤੇ ਬਲਬੀਰ ਸਿੰਘ ਰਾਜੇਵਾਲ ਦੀ ਯੋਗ ਅਗਵਾਈ ਕਾਰਨ ਲਈ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਅੱਗੇ ਗੋਡੇ ਟੇਕਣ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਹੁਣ ਕਿਸਾਨਾਂ ਦੀਆਂ ਬਕਾਇਆ ਮੰਗਾਂ ਦੇ ਹੱਲ ਲਈ ਵੀ ਰਾਜੇਵਾਲ ਦੀ ਅਗਵਾਈ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲੜਨਾ ਹਰੇਕ ਵਿਅਕਤੀ ਜਾਂ ਜਥੇਬੰਦੀ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਚੋਣਾਂ ਕੇਵਲ ਰਾਜੇਵਾਲ ਨਹੀਂ ਲੜੀਆਂ ਬਲਕਿ 22 ਕਿਸਾਨ ਜਥੇਬੰਦੀਆਂ ਦਾ ਸਾਂਝਾ ਫੈਸਲਾ ਸੀ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਕਾਇਆ ਮੰਗਾਂ ਲਈ ਕਿਸਾਨਾਂ ਦੀ 5 ਮੈਂਬਰੀ ਕਮੇਟੀ ਬਣਾਉਣ ਲਈ ਕਿਹਾ ਗਿਆ ਹੈ ਅਤੇ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਕਈ ਆਗੂ ਅਤੇ ਕਈ ਜਥੇਬੰਦੀਆਂ ਬਲਬੀਰ ਰਾਜੇਵਾਲ ਦੇ ਸੰਪਰਕ ਵਿੱਚ ਹਨ ਅਤੇ ਪਿਛਲੇ ਦਿਨੀਂ ਮੋਰਚਾ ਦੇ ਕਈ ਆਗੂ ਉਨ੍ਹਾਂ (ਰਾਜੇਵਾਲ) ਨੂੰ ਮਿਲੇ ਵੀ ਹਨ ਅਤੇ ਰਾਜੇਵਾਲ ਨੂੰ ਮੋਰਚਾ ਨਾਲ ਖੜਨ ਦੀ ਅਪੀਲ ਕੀਤੀ ਗਈ ਹੈ ਪ੍ਰੰਤੂ ਕੁੱਝ ਕਿਸਾਨ ਆਗੂ ਆਪਣੀ ਚੌਧਰ ਅਤੇ ਲੀਡਰੀ ਚਮਕਾਉਣ ਲਈ ਵੰਡੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਬਕਾਇਆ ਮੰਗਾਂ ਮਨਵਾਉਣ ਲਈ ਸਾਰੀਆਂ ਨੂੰ ਮੁੜ ਇਕ ਝੰਡੇ ਹੇਠ ਇਕੱਠੇ ਹੋਣ ਦੀ ਸਖ਼ਤ ਲੋੜ ਹੈ।
ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਜਥੇਬੰਦੀ ਦੀ ਬਲਾਕ ਪੱਧਰ ’ਤੇ ਮਜਬੂਤੀ ਲਈ ਬਲਾਕ ਖਰੜ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਹਰਿੰਦਰ ਸਿੰਘ ਖੂਨੀਮਾਜਰਾ ਨੂੰ ਬਲਾਕ ਖਰੜ ਦਾ ਪ੍ਰਧਾਨ ਚੁਣਿਆ ਗਿਆ ਜਦੋਂਕਿ ਪਰਵਿੰਦਰ ਸਿੰਘ ਨੂੰ ਜਨਰਲ ਸਕੱਤਰ, ਰਵਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਅਵਤਾਰ ਸਿੰਘ ਨੂੰ ਸਲਾਹਕਾਰ, ਅਮਰਜੀਤ ਸਿੰਘ ਨੂੰ ਇੰਚਾਰਜ, ਅਰਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ ਨੂੰ ਕੈਸ਼ੀਅਰਠ ਰਣਜੀਤ ਸਿੰਘ ਨੂੰ ਸਟੇਜ ਸਕੱਤਰ, ਨਰਿੰਦਰ ਸਿੰਘ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਤ੍ਰਿਪੜੀ, ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਨੈਬ ਸਿੰਘ ਅਤੇ ਅਵਤਾਰ ਸਿੰਘ ਵੀ ਮੌਜੂਦ ਸਨ।