ਟੀਡੀਆਈ ਸੈਕਟਰ-110 ਤੇ 111 ਦੇ ਵਸਨੀਕਾਂ ਵੱਲੋਂ ਪਾਵਰਕੌਮ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

ਐਕਸੀਅਨ ਤਰਨਜੀਤ ਸਿੰਘ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ:
ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਸੈਕਟਰ-110 ਦੇ ਬੈਨਰ ਥੱਲੇ ਇੱਥੋਂ ਦੇ ਦੋਵੇਂ ਸੈਕਟਰਾਂ 110 ਅਤੇ 111 ਦੇ ਵਸਨੀਕਾਂ ਵੱਲੋਂ ਪਾਵਰਕੌਮ ਦੇ ਖ਼ਿਲਾਫ਼ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ, ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ, ਹਰਮਿੰਦਰ ਸਿੰਘ ਸੋਹੀ, ਏ.ਐਸ. ਸੇਖੋਂ, ਗੁਰਬਚਨ ਸਿੰਘ ਮੰਡੇਰ, ਅਸ਼ੋਕ ਡੋਗਰਾ, ਸਾਧੂ ਸਿੰਘ, ਐਸ.ਕੇ. ਸ਼ਰਮਾ, ਸੁਖਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਸਾਲ 2019 ਤੋਂ ਲਗਾਤਾਰ ਆ ਰਹੀ ਹੈ। ਜਿਸ ਸਬੰਧੀ ਕਈ ਵਾਰ ਪਾਵਰਕੌਮ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾਂਦਾ ਰਿਹਾ ਹੈ।
ਐਕਸੀਅਨ ਤਰਨਜੀਤ ਸਿੰਘ ਨਾਲ ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਦੀਆਂ ਬਹੁਤ ਵਾਰੀ ਮੀਟਿਗਾਂ ਹੋ ਚੁੱਕੀਆਂ ਹਨ ਪ੍ਰੰਤੂ ਜ਼ਮੀਨੀ ਪੱਧਰ ’ਤੇ ਕੋਈ ਕੰਮ ਸਹੀ ਤਰੀਕੇ ਨਾਲ ਨਹੀਂ ਹੋਇਆ। ਜਿਸ ਦਾ ਖ਼ਮਿਆਜ਼ਾ ਸਥਾਨਕ ਵਸਨੀਕਾਂ ਨੂੰ ਭੁਗਤਨਾ ਪੈ ਰਿਹਾ ਹੈ। ਸੈਕਟਰ ਵਾਸੀਆਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਦੀ ਸਪਲਾਈ ਨਹੀ ਆਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾਂ ਸੈਕਟਰਾਂ ਦੀ ਸਪਲਾਈ ਮੀਹ ਦੇ ਪਾਣੀ ਨਾਲ ਹੀ ਪ੍ਰਭਾਵਿਤ ਨਹੀ ਹੋਈ, ਸਗੋਂ ਇਸ ਮਾੜੀ ਸਪਲਾਈ ਦਾ ਵਰਤਾਰਾ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਉਧਰ, ਅੱਜ ਐਸਡੀਐਮ ਸਰਬਜੀਤ ਕੌਰ ਨੇ ਉਕਤ ਸੈਕਟਰਾਂ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਹੀ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਦੀ ਡਿਊਟੀ ਲਗਾਈ ਗਈ ਕਿ ਕਿਸੇ ਵੀ ਕੀਮਤ ’ਤੇ ਟੀਡੀਆਈ ਸੈਕਟਰਾਂ ਦੀ ਸਪਲਾਈ ਨਿਰਵਿਘਨ ਚਲਾਈ ਜਾਵੇ।
ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦਸਿਆ ਕਿ ਬਿਜਲੀ ਵਿਭਾਗ ਦੇ ਐਕਸੀਅਨ ਤਰਨਜੀਤ ਸਿੰਘ ਨਾਲ ਬੀਤੀ 7 ਜੂਨ 2023 ਨੂੰ ਮੀਟਿੰਗ ਕੀਤੀ ਸੀ ਅਤੇ ਪੁਰਜ਼ੋਰ ਮੰਗ ਕੀਤੀ ਸੀ ਕਿ ਇਨ੍ਹਾਂ ਸੈਕਟਰਾਂ ਵਿੱਚ ਜਦੋਂ ਤੱਕ ਪੁਰਾਣੇ ਏਰੀਏ ਦੀਆਂ ਸਕੀਮਾਂ ਨੂੰ ਪੂਰਨ ਤੌਰ ’ਤੇ ਲਾਗੂ ਨਹੀ ਕਰਵਾਇਆ ਜਾਂਦਾ ਉਦੋਂ ਤੱਕ ਬਿਲਡਰ ਨੂੰ ਨਵੇਂ ਏਰੀਏ ਦੀ ਐਨਓਸੀ ਨਾ ਦਿੱਤੀ ਜਾਵੇ। ਪਰ ਬਿਜਲੀ ਵਿਭਾਗ ਨੇ ਖ਼ਾਮੀਆਂ ਹੋਣ ਦੇ ਬਾਵਜੂਦ ਹਫ਼ਤੇ ਬਾਅਦ 13 ਜੂਨ 2023 ਨੂੰ ਨਵੇਂ ਏਰੀਏ ਦੀ ਐਨਓਸੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸਦੀ ਪੜਤਾਲ ਕਰਵਾਈ ਜਾਵੇ।
ਆਗੂਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਟੀਡੀਆਈ ਬਿਲਡਰ ਨੂੰ ਦਿੱਤੀ ਗਈ ਨਵੀ ਐਨਓਸੀ ਰੱਦ ਕੀਤੀ ਜਾਵੇ ਅਤੇ ਇਨ੍ਹਾਂ ਸੈਕਟਰਾਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਲੋੜੀਂਦੀ ਕਦਮ ਚੁੱਕੇ ਜਾਣ। ਇਸ ਮੌਕੇ ਗੁਰਮੁੱਖ ਸਿੰਘ, ਸ਼ਿਲਪੀ ਹਸਤੀਰ, ਮੈਡਮ ਨੀਲੂ, ਬੰਤ ਸਿੰਘ ਭੁੱਲਰ, ਪ੍ਰੇਮ ਸਿੰਘ, ਸੰਜੇ ਵੀਰ, ਐਡਵੋਕੇਟ ਨਵਜੀਤ ਸਿੰਘ, ਮੋਹਿਤ ਮਦਾਨ, ਗਗਨਦੀਪ ਸਿੰਘ ਅਤੇ ਹੋਰ ਅਨੇਕਾਂ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…