
ਦੇਸ਼ ਭਰ ਦੇ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਦਿੱਲੀ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 5 ਅਪਰੈਲ:
ਕਿਸਾਨ ਸਭਾ, ਖੇਤ ਮਜ਼ਦੂਰ (ਸੀਟੂ) ਵੱਲੋਂ ਰਾਮਲੀਲਾ ਗਰਾਉਂਡ ਦਿੱਲੀ ਵਿਖੇ ਹੋਈ ਸੰਘਰਸ਼ ਮਹਾਰੈਲੀ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਫੈਡਰੇਸ਼ਨ ਆਫ਼ ਯੂਟੀ ਐਂਪਲਾਈਜ ਐਂਡ ਵਰਕਰ ਚੰਡੀਗੜ੍ਹ, ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (ਵਿਗਿਆਨਕ) ਸਮੇਤ ਦੇਸ਼ ਭਰ ਤੋਂ ਮੁਲਾਜ਼ਮਾਂ ਵੱਲੋਂ ਵੱਡੀ ਪੱਧਰ ਤੇ ਇਸ ਸੰਘਰਸ਼ ਮਹਾਰੈਲੀ ਵਿੱਚ ਸ਼ਿਰਕਤ ਕੀਤੀ ਗਈ। ਕੌਮੀ ਪ੍ਰਧਾਨ ਸਾਥੀ ਸੁਭਾਸ ਲਾਂਬਾ ਵਲੋ ਦੇਸ਼ ਵਿੱਚ ਮੁਲਾਜ਼ਮ ਮਾਰੂ ਨੀਤੀਆਂ ਰੱਦ ਕਰਨ, 60 ਲੱਖ ਖਾਲੀ ਪੋਸਟਾਂ ਭਰਨ, ਕੱਚੇ ਕਾਮੇ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲੀ, ਅੱਠਵਾਂ ਪੇਅ ਕਮਿਸ਼ਨ ਸਮੇਤ ਦੇਸ਼ ਦੇ ਮੁਲਾਜ਼ਮ ਮਸਲਿਆਂ ਨੂੰ ਲੋਕ ਕਚਹਿਰੀ ਵਿੱਚ ਰੱਖਿਆ ਗਿਆ।
ਕੌਮੀ ਸਕੱਤਰ ਗੋਪਾਲ ਜੋਸ਼ੀ,ਐਨ ਡੀ ਤਿਵਾੜੀ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਸਰਵਜਨਿਕ ਸੇਵਾਵਾਂ ਤੇ ਪਬਲਿਕ ਸੈਕਟਰਾ ਦਾ ਵੱਡੇ ਪੱਧਰ ਤੇ ਹੋ ਰਿਹਾ ਨਿੱਜੀਕਰਨ, ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਨੂੰ ਰੱਦ ਕਰਨ, ਮਜ਼ਦੂਰ ਕਾਨੂੰਨਾਂ ਸਮੇਤ ਬਿਜਲੀ ਸੰਸ਼ੋਧਨ ਬਿੱਲ 2022 ਰੱਦ ਕਰਨ, ਨਿਊਤਮ ਮਜ਼ਦੂਰੀ 26000 ਰੁਪਏ ਮਹੀਨਾ, ਸਾਰਿਆਂ ਲਈ 10000 ਰੁਪਏ ਪੈਨਸ਼ਨ, ਠੇਕੇਦਾਰੀ ਪ੍ਰਣਾਲੀ ਬੰਦ ਤੇ ਅਗਨੀਪੱਥ ਯੋਜਨਾ ਸਕਰੈਪ ਕਰਨ, ਲਗਾਤਾਰ ਵੱਧਦੀ ਮਹਿੰਗਾਈ ਤੇ ਲਗਾਮ,ਖਾਣ ਪਦਾਰਥ ਤੇ ਜ਼ਰੂਰੀ ਵਸਤੂਆਂ ਨੂੰ ਜੀਐਸਟੀ ਘੇਰੇ ਤੋ ਬਾਹਰ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਗੈਸ ਵਿੱਚ ਕੇਂਦਰ ਵੱਲੋਂ ਲਗਾਇਆ ਜਾਂਦਾ ਟੈਕਸ ਘੱਟ ਕੀਤਾ ਜਾਵੇ। ਖੇਤੀ ਫਸਲਾ ਤੇ ਗਾਰੰਟੀਸੁਦਾ ਐਮਐਸਪੀ, ਦੇਸ਼ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਤੇ ਨੌਕਰੀ ਦਾ ਬੰਦੋਬਸਤ, ਮਨਰੇਗਾ ਦਾ ਵਿਸਤਾਰ ਅਤੇ ਨਿਊਨਤਮ ਦਿਹਾੜੀ 600 ਰੁਪਏ।

ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਸਾਰੇ ਪਰਿਵਾਰਾਂ ਲਈ ਭੋਜਨ ਤੇ ਰੁਜ਼ਗਾਰ ਭੱਤਾ। ਸਾਰਿਆਂ ਲਈ ਸਿਹਤ ਤੇ ਸਿੱਖਿਆ ਦਾ ਪ੍ਰਬੰਧ, ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਦੇਸ਼ ਦੇ ਸਾਰੇ ਪਰਿਵਾਰ ਲਈ ਅਵਾਸ ਯੋਜਨਾ ਸਮੇਤ ਬਹੁਤ ਅਮੀਰ ਲੋਕਾਂ ਤੇ ਟੈਕਸ ਕਾਰਪੋਰੇਟ ਟੈਕਸ ਵਧਾਉਣ ਅਤੇ ਸੰਪਤੀ ਟੈਕਸ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਯੂਟੀ ਫੈਡਰੇਸ਼ਨ ਦੇ ਪ੍ਰਧਾਨ ਰਘਬੀਰ ਚੰਦ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕਟੋਚ, ਸੁਨੀਲ ਕੁਮਾਰ ਨਗਿੰਦਰ ਕੁਮਾਰ, ਦਿਨੇਸ਼ ਪ੍ਰਸ਼ਾਦ, ਰਾਮ ਅਧਾਰ, ਲਖਵਿੰਦਰ ਸਿੰਘ ਲਾਡੀ, ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਗੱਗੜਾ, ਜਨਰਲ ਸਕੱਤਰ ਮਾਇਆਧਾਰੀ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਮੁਲਾਜ਼ਮ ਪੈਨਸ਼ਨਰਜ ਸ਼ਾਮਲ ਸਨ।