ਸਮਾਜਿਕ ਬਰਾਬਰੀ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਸਖ਼ਤ ਲੋੜ: ਵਿਵੇਕ ਅੱਤਰੇ

ਗਰਲਜ਼ ਰਾਈਸ ਫਾਰ ਮੁਹਾਲੀ ਵੱਲੋਂ ਖਾਲਸਾ ਕਾਲਜ ਮੁਹਾਲੀ ਕਾਨਫਰੰਸ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਨੈਸ਼ਨਲ ਗਰਲ ਚਾਈਲਡ ਡੇਅ ਨੂੰ ਮੁੱਖ ਰੱਖਦਿਆਂ ਸਮਾਜਿਕ ਬਰਾਬਰੀ ਲਈ ਕੰਮ ਕਰ ਰਹੀ ਸੰਸਥਾ ਗਰਲਜ਼ ਰਾਈਸ ਫਾਰ ਮੁਹਾਲੀ ਵੱਲੋਂ ਖਾਲਸਾ ਕਾਲਜ ਮੁਹਾਲੀ ਵਿੱਚ ਅੌਰਤਾਂ ਅਤੇ ਪੁਰਸ਼ਾਂ ਵਿੱਚ ਸਮਾਨਤਾ ਬਾਰੇ ਵਿਚਾਰ ਚਰਚਾ ਕਰਨ ਲਈ ਇੱਕ ਕਾਨਫਰੰਸ ਕਾਰਵਾਈ ਗਈ। ਇਸ ਕਾਨਫਰੰਸ ਵਿੱਚ ਬੁਲਾਰੇ ਦੇ ਤੌਰ ’ਤੇ ਸਾਬਕਾ ਆਈਏਐਸ ਵਿਵੇਕ ਅੱਤਰੇ, ਸ੍ਰੀਮਤੀ ਬੱਬੂ ਤੀਰ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਸੰਸਥਾ ਦੀ ਪ੍ਰਧਾਨ ਉਪਿੰਦਰਪ੍ਰੀਤ ਕੌਰ ਗਿੱਲ ਨੇ ਨਿਭਾਈ। ਇਸ ਕਾਨਫਰੰਸ ਵਿੱਚ ਸਰੋਤਿਆਂ ਦੇ ਤੌਰ ਤੇ ਆਸ ਪਾਸ ਦੇ ਕਾਲਜਾਂ ਤੋਂ 100 ਤੋਂ ਵੀ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ। ਕਾਨਫਰੰਸ ਦੇ ਸ਼ੁਰੂਆਤ ਵਿੱਚ ਉਪਿੰਦਰਪ੍ਰੀਤ ਕੌਰ ਗਿੱਲ ਨੇ ਸੰਸਥਾ ਬਾਰੇ ਹਾਜ਼ਰ ਸਰੋਤਿਆਂ ਨੂੰ ਦੱਸਿਆ ਅਤੇ ਹੁਣ ਤੱਕ ਦੇ ਕੀਤੇ ਹੋਏ ਸਮਾਜਿਕ ਕਾਰਜਾਂ ਬਾਰੇ ਜਾਣੂ ਰਵਾਇਆ।
ਇਸ ਮੌਕੇ ਸ੍ਰੀ ਵਿਵੇਕ ਅੱਤਰੇ ਨੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਸਮਾਜ ਵਿਚ ਇਸ ਸਮੇ ਅੌਰਤਾਂ ਅਤੇ ਮਰਦਾਂ ਵਿਚ ਪੂਰਨ ਸਮਾਜਿਕ ਬਰਾਬਰੀ ਦੀ ਲੋੜ ਹੈ ਅਤੇ ਇਸ ਤੋਂ ਬਿਨਾਂ ਇੱਕ ਅਗਾਂਹਵਧੂ ਸਮਾਜ ਦੀ ਸਿਰਜਣਾ ਕਰਨਾ ਅੌਖਾ ਹੈ। ਸਮਾਜਿਕ ਬਰਾਬਰੀ ਉਦੋ ਤੱਕ ਸੰਭਵ ਨਹੀਂ ਜਦ ਤੱਕ ਬੱਚਿਆਂ ਨੂੰ ਹੀ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ ਕਿ ਕੁੜੀਆਂ ਅਤੇ ਮੁੰਡੇ ਬਰਾਬਰ ਹਨ। ਸ੍ਰੀਮਤੀ ਬੱਬੂ ਤੀਰ ਨੇ ਕਿਹਾ ਕਿ ਅੌਰਤਾਂ ਨੂੰ ਸਿਰਫ ਆਪਣੇ ਹੱਕਾਂ ਲਈ ਹੀ ਨਹੀਂ ਸਗੋਂ ਸਾਰੇ ਸਮਾਜ ਦੇ ਹੱਕਾਂ ਲਈ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਸਮਾਜ ਓਦੋ ਹੀ ਤਰੱਕੀ ਕਰ ਸਕਦਾ ਹੈ ਜੇ ਮਰਦ ਅਤੇ ਅੌਰਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ।
ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਸਰੋਤਿਆਂ ਵਿੱਚ ਬੈਠੀਆਂ ਕੁੜੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕੁੜੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਨਿੱਡਰ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕੁੜੀਆਂ ਨੂੰ ਸਿਆਸਤ ਵਿੱਚ ਵੀ ਸੁਚੱਜੇ ਢੰਗ ਨਾਲ ਸਰਗਰਮ ਹੋਣ ਲਈ ਪ੍ਰੇਰਦਿਆਂ ਕਿਹਾ ਕਿ ਸਮਾਜਿਕ ਪਰਿਵਰਤਨ ਲਈ ਅੌਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਅੱਗੇ ਆਉਣਾ ਚਾਹੀਦਾ ਹੈ।
ਬੀਬੀ ਉਪਿੰਦਰਪ੍ਰੀਤ ਕੌਰ ਗਿੱਲ ਨੇ ਸਭ ਨੂੰ ਸੰਬੋਧਨ ਕਰਦੇ ਕਿਹਾ ਕਿ ਸਮਾਜਿਕ ਬਰਾਬਰੀ ਲਈ ਸਾਨੂੰ ਸਾਰਿਆਂ ਨੂੰ ਆਵਾਜ਼ ਚੁੱਕਣ ਦੀ ਲੋੜ ਹੈ ਅਤੇ ਕੁੜੀਆਂ ਅਤੇ ਮੁੰਡਿਆਂ ਵਿਚਾਲੇ ਫਰਕ ਮਿਟਾਉਣਾ ਸਮਾਜਿਕ ਤਰੱਕੀ ਲਈ ਜ਼ਰੂਰੀ ਹੈ। ਉਨ੍ਹਾਂ ਅੰਤ ਵਿੱਚ ਸਾਰਿਆਂ ਦਾ ਇਸ ਕਾਨਫਰੰਸ ਵਿੱਚ ਆਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਨਿਰਲੇਪ ਕੌਰ, ਡਾਕਟਰ ਗੁਰਮਨ, ਡਾ. ਆਸਥਾ ਬੱਗਾ, ਮਨਪ੍ਰੀਤ ਕੌਰ, ਪੀਐਸ ਵਿਰਦੀ, ਅਜਾਇਬ ਸਿੰਘ, ਰਮਨ ਸ਼ਰਮਾ, ਜੀਵਨਦੀਪ ਸਿੰਘ ਅਤੇ ਸੰਦੀਪ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…