nabaz-e-punjab.com

ਨਸ਼ਿਆਂ ਖਿਲਾਫ਼ ਜੰਗ: ਪੈਸੇ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਦੇ ਦੋਸ਼ ਵਿੱਚ ਪੁਲੀਸ ਮੁਲਾਜ਼ਮ ਤੇ 3 ਪ੍ਰਾਈਵੇਟ ਬੰਦੇ ਗ੍ਰਿਫ਼ਤਾਰ

ਐਸਟੀਐਫ ਦੇ ਨਾਂ ਹੇਠ ਕੀਤੀ ਸੀ ਲੁੱਟ, ਮੁੱਢਲੀ ਤਫ਼ਤੀਸ਼ ਦੌਰਾਨ ਪੁਲੀਸ ਕਰਮੀਆਂ ਨੇ ਹੈਰੋਇਨ ਅੱਗੇ ਵੇਚਣਾ ਕੀਤਾ ਕਬੂਲ

ਨਸ਼ਿਆਂ ਖਿਲਾਫ਼ ਵਿੱਢੀ ਜੰਗ ਦੌਰਾਨ ਐਸਟੀਐਫ਼ ਨੂੰ ਵੱਡੀ ਸਫ਼ਲਤਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 5 ਅਗਸਤ:
ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਸਪੈਸ਼ਲ ਟਾਸਕ ਫੋਰਸ (ਐਟੀਐਫ਼) ਨੇ ਨਸ਼ਿਆਂ ਦੇ ਖਾਤਮੇ ਵਿਰੁੱਧ ਵਿੱਢੀ ਜੰਗ ਦੌਰਾਨ ਅੱਜ ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਤ ਪੰਜ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਤਿੰਨ ਪ੍ਰਾਈਵੇਟ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੇ ਆਪਣੇ ਆਪ ਨੂੰ ਐਸ.ਟੀ.ਐਫ. ਫ਼ਾਜ਼ਿਲਕਾ ਯੂਨਿਟ ਨਾਲ ਸਬੰਧਤ ਹੋਣ ਦਾ ਦਾਬਕਾ ਮਾਰ ਕੇ ਇੱਕ ਬਦਨਾਮ ਨਸ਼ਾ ਤਸਕਰ ਤੋਂ 300 ਗਰਾਮ ਹੈਰੋਇਨ ਖੋਹੀ ਅਤੇ ਅੱਠ ਲੱਖ ਰੁਪਏ ਦੀ ਫਿਰੋਤੀ ਲੈਣ ਉਪਰੰਤ ਉਸ ਨੂੰ ਬਿਨਾਂ ਕਿਸੇ ਕਾਰਵਾਈ ਤੋਂ ਰਿਹਾਅ ਵੀ ਕਰ ਦਿੱਤਾ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ.-ਕਮ-ਐਸਟੀਐਫ਼ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਅਤੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਟਾਸਕ ਫੋਰਸ ਵੱਲੋਂ ਨਸ਼ਿਆਂ ਦੇ ਖਾਤਮੇ ਅਤੇ ਨਸ਼ਿਆਂ ਦੀ ਵਰਤੋਂ ਰੋਕਣ ਵਿਰੁੱਧ ਜਾਰੀ ਮੁਹਿੰਮ ਦੌਰਾਨ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਥੇ ਹੀ ਨਸ਼ਾ ਤਸਕਰਾਂ ਅਤੇ ਪੁਲਿਸ ਕਰਮਚਾਰੀਆਂ ਦੇ ਨਾਪਾਕ ਗੱਠਜੋੜ ਨੂੰ ਤੋੜਨ ਲਈ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਦੀਆਂ ਤਾਜ਼ਾ ਗ੍ਰਿਫ਼ਤਾਰੀਆਂ ਅਤੇ ਨਸ਼ਿਆਂ ਦੇ ਪ੍ਰਚਲਣ ਖ਼ਿਲਾਫ਼ ਕੀਤੀ ਸਖਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ.ਟੀ.ਐਫ. ਨੂੰ ਸੌਂਪੀ ਅਹਿਮ ਜ਼ਿੰਮੇਵਾਰੀ ਪ੍ਰਤੀ ਪੂਰਨ ਪ੍ਰਤੀਬੱਧਤਾ ਅਤੇ ਨਤੀਜਾਜਨਕ ਕਾਰਵਾਈ ਦਾ ਪ੍ਰਗਟਾਵਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਐਸਟੀਐਫ ਦੇ ਐਸ.ਏ.ਐਸ. ਨਗਰ ਮੁਹਾਲੀ ਯੂਨਿਟ ਦੇ ਐਸ.ਪੀ. ਰਾਜਿੰਦਰ ਸਿੰਘ ਸੋਹਲ ਨੂੰ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਤ ਪੁਲੀਸ ਮੁਲਾਜ਼ਮਾਂ ਦੀ ਟੀਮ ਨੇ ਆਪਣੇ ਆਪ ਨੂੰ ਐਸਟੀਐਫ ਫ਼ਾਜ਼ਿਲਕਾ ਯੂਨਿਟ ਨਾਲ ਸਬੰਧਤ ਹੋਣ ਦਾ ਦਾਬਕਾ ਮਾਰ ਕੇ ਨਰਿੰਦਰ ਸਿੰਘ ਬਾਠ ਨਾਮ ਦੇ ਬਦਨਾਮ ਨਸ਼ਾ ਤਸਕਰ ਤੋਂ 300 ਗ੍ਰਾਮ ਹੈਰੋਇਨ ਖੋਹ ਲਈ ਅਤੇ ਅੱਠ ਲੱਖ ਰੁਪਏ ਦੀ ਫਿਰੌਤੀ ਲੈਣ ਉਪਰੰਤ ਉਸ ਨੂੰ ਬਿਨਾਂ ਕਿਸੇ ਕਾਰਵਾਈ ਤੋਂ ਰਿਹਾਅ ਕੀਤਾ ਹੈ।
ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਇਸ ਪੁਲਿਸ ਪਾਰਟੀ ਵਿੱਚ ਸਬ ਇੰਸਪੈਕਟਰ ਸੁਸ਼ੀਲ ਕੁਮਾਰ (ਨੰ. 99/ਇੰਟੈਲੀਜੈਂਸ, ਸਿਪਾਹੀ ਗਗਨਦੀਪ ਸਿੰਘ (ਨੰ. 950)/ਸ਼੍ਰੀ ਮੁਕਤਸਰ ਸਾਹਿਬ) ਦੋਵੇਂ ਕਾਊਂਟਰ ਇਟੈਲੀਜੈਂਸ ਸਬ-ਯੂਨਿਟ ਮਾਨਸਾ, ਹੌਲਦਾਰ ਜਰਨੈਲ ਸਿੰਘ (ਨੰਬਰ 299/36 ਪੀ.ਏ.ਪੀ.) ਅਤੇ ਸਿਪਾਹੀ ਹਰਜੀਤ ਸਿੰਘ (ਨੰ. 2070 ਤੀਜੀ ਆਈ.ਆਰ.ਬੀ.) ਦੋਵੇਂ ਕਾਊਂਟਰ ਇਟੈਲੀਜੈਂਸ ਸਬ-ਯੂਨਿਟ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਸਨ। ਇਾ ਸਾਰੇ ਮੁਲਾਜ਼ਮ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਅਤੇ ਤਿੰਨ ਹੋਰ ਪ੍ਰਾਈਵੇਟ ਵਿਅਕਤੀਆਂ ਨਾਲ ਕੀਤੀ ਸਾਜ਼ਿਸ਼ ਤਹਿਤ ਆਪਣੇ ਕਿਸੇ ਉਚ ਅਧਿਕਾਰੀ ਦੀ ਬਿਨਾਂ ਇਜ਼ਾਜ਼ਤ ਹਾਸਲ ਕੀਤਿਆਂ ਲਾਲੜੂ ਇਲਾਕੇ ਵਿੱਚ ਚਲੇ ਗਏ ਜੋ ਕਿ ਇਨ੍ਹਾਂ ਦੀ ਹੱਦ ਤੋਂ ਬਾਹਰਲਾ ਇਲਾਕਾ ਹੈ। ਇਥੇ ਉਨ੍ਹਾਂ ਆਪਣੇ ਆਪ ਨੂੰ ਐਸ.ਟੀ.ਐਫ ਫਾਜ਼ਿਲਕਾ ਯੂਨਿਟ ਦੇ ਕਰਮਚਾਰੀ ਦੱਸਦੇ ਹੋਏ ਨਸ਼ਾ ਤਸਕਰ ਨਰਿੰਦਰ ਸਿੰਘ ਬਾਠ ਨੂੰ ਜਬਰਦਸਤੀ ਗੱਡੀ ਵਿਚ ਬਿਠਾ ਕੇ ਫਤਹਿਗੜ੍ਹ ਸਾਹਿਬ ਵੱਲ ਲੈ ਗਏ।
ਉਨ੍ਹਾਂ ਦੱਸਿਆ ਕਿ ਰਸਤੇ ਵਿਚ ਉਨ੍ਹਾਂ ਨੇ ਤਸਕਰ ਨਰਿੰਦਰ ਸਿੰਘ ਰਾਹੀਂ ਉਸ ਦੇ ਦੋੋਸਤ ਨੂੰ ਚੰਡੀਗੜ੍ਹ ਫੋਨ ਕਰਵਾਕੇ ਅੱਠ ਲੱਖ ਰੁਪਏ ਨਕਦੀ ਮੰਗਵਾ ਲਈ। ਉਪਰੰਤ ਇਹ ਟੋਲੀ ਨੇ ਨਰਿੰਦਰ ਸਿੰਘ ਕੋਲੋਂ 8 ਲੱਖ ਦੀ ਨਕਦੀ ਅਤੇ ਉਸ ਤੋਂ ਬਰਾਮਦ ਕੀਤੀ 300 ਗ੍ਰਾਮ ਹੈਰੋਇਨ ਲੈਣ ਉਪਰੰਤ ਇਸ ਨਸ਼ਾ ਤਸਕਰ ਨੂੰ ਛੱਡ ਦਿੱਤਾ। ਇਸ ਘਟਨਾ ਮੌਕੇ ਇਨ੍ਹਾਂ ਪੁਲਿਸ ਮੁਲਾਜਮਾਂ ਨਾਲ ਤਿੰਨ ਹੋਰ ਪ੍ਰਾਈਵੇਟ ਵਿਅਕਤੀ ਗਗਨਦੀਪ ਸਿੰਘ ਮਾਨ ਪੁੱਤਰ ਗੁਰਦਾਸ ਸਿੰਘ ਵਾਸੀ ਖਰੜ, ਸੁਖਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਗੁਰੇਮਲ ਸਿੰਘ ਵਾਸੀ ਜਿਲਾ ਬਠਿੰਡਾ ਅਤੇ ਵਕੀਲ ਸਿੰਘ ਉਰਫ ਕਾਲਾ ਸਰਪੰਚ ਵਾਸੀ ਜਿਲਾ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਸਨ। ਸ੍ਰੀ ਸਿੱਧੂ ਅਤੇ ਸ੍ਰੀ ਸੋਹਲ ਨੇ ਦੱਸਿਆ ਕਿ ਇਸ ਸਬੰਧੀ ਐਸ.ਟੀ.ਐਫ ਵੱਲੋਂ ਐਸ.ਏ.ਐਸ. ਸਥਿਤ ਵਿਸ਼ੇਸ਼ ਥਾਣੇ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾਵਾਂ 21, 29, 61, 85 ਅਤੇ ਭਾਰਤੀ ਦੰਡਵਾਲੀ ਦੀਆਂ ਧਾਰਾਵਾਂ 365, 384, 120-ਬੀ ਤਹਿਤ ਮੁਕੱਦਮਾ ਨੰਬਰ 4 ਮਿਤੀ 4-8-2017 ਤਹਿਤ ਦਰਜ਼ ਕਰਕੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰਦਿਆਂ ਦੱਸਿਆ ਹੈ ਕਿ 300 ਗ੍ਰਾਮ ਹੈਰੋਈਨ ਵਿੱਚੋਂ ਕੁੱਝ ਹਿੱਸਾ ਉਨ੍ਹਾਂ ਨੇ ਅੱਗੇ ਵੇਚ ਦਿੱਤਾ ਹੈ। ਸ੍ਰੀ ਸਿੱਧੂ ਅਤੇ ਸ੍ਰੀ ਸੋਹਲ ਨੇ ਦੱਸਿਆ ਕਿ ਉਕਤ ਸਮਗਲਰ ਨਰਿੰਦਰ ਸਿੰਘ ਬਾਠ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਹੈ ਅਤੇ ਮਿਤੀ 31-07-2017 ਨੂੰ ਇਕ ਨਾਈਜ਼ੀਰੀਅਨ ਨਾਗਰਿਕ ਅੱਬੂ ਹੈਨਰੀ ਕੋਲੋਂ ਨਸ਼ਾ ਫੜੇ ਜਾਣ ’ਤੇ ਨਰਿੰਦਰ ਸਿੰਘ ਬਾਠ ਵਿਰੱੁਧ ਵੀ ਮੁਕੱਦਮਾ ਨੰਬਰ 03, ਮਿਤੀ 31-07-2017 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21/61/85 ਤਹਿਤ ਥਾਣਾ ਐਸ.ਟੀ.ਐਫ. ਜਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਹੋਇਆ ਹੈ। ਇਸ ਮੁਕੱਦਮੇ ਵਿੱਚ ਦੋਸ਼ੀਆਂ ਪਾਸੋਂ 550 ਗ੍ਰਾਮ ਹੈਰੋਇਨ, 4 ਲੱਖ ਰੁਪਏ ਨਗਦ ਅਤੇ ਇੱਕ ਫਾਰਚੂਨਰ ਗੱਡੀ ਨੰਬਰ ਪੀ ਬੀ 65-ਜ਼ੈਡ-0176 ਵੀ ਬਰਾਮਦ ਕੀਤੀ ਗਈ ਸੀ। ਮੁਲਜ਼ਮਾਂ ਨੂੰ ਅੱਜ ਦੇਰ ਸ਼ਾਮ ਮੁਹਾਲੀ ਅਦਾਲਤ ਦੇ ਜੱਜ ਦੇ ਘਰ ਪੇਸ਼ ਕੀਤਾ ਗਿਆ। ਜਿੱਥੋਂ ਮੁਲਜ਼ਮਾਂ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਐਸਟੀਐਫ਼ ਨੇ ਪੁਲੀਸ ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …