ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਨੇ ਦੋ ਵਿਲੱਖਣ ਕਾਢਾਂ ਦੇ ਪੇਟੈਂਟ ਹਾਸਲ ਕਰਕੇ ਨਾਂ ਚਮਕਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਸੀਜੀਸੀ ਕਾਲਜ ਲਾਂਡਰਾਂ ਵਿੱਚ ਆਈਟੀ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਤੀਜੇ ਸਾਲ ਦੇ ਵਿਦਿਆਰਥੀ ਰਵਿੰਦਰ ਬਿਸ਼ਨੋਈ ਨੇ ਆਟੋ-ਮੋਬਾਈਲ ਖੇਤਰ ਵਿੱਚ ਦੋ ਨਵੀਆਂ ਕਾਢਾਂ ਨੂੰ ਪੇਟੈਂਟ ਦਫ਼ਤਰ, ਭਾਰਤ ਸਰਕਾਰ ਵੱਲੋਂ ਪੇਟੈਂਟ ਕਰਵਾ ਕੇ ਵੱਡੀ ਸਫਲਤਾ ਹਾਸਲ ਕੀਤੀ। ਉਸ ਦੀਆਂ ਪੇਟੈਂਟ ਕੀਤੀਆਂ ਕਾਢਾਂ ਵਿੱਚ ਇੱਕ ‘ਅਸੈਂਬਲੀ ਫਾਰ ਰੀਟੈ੍ਰਕਸ਼ਨ ਆਫ਼ ਸਾਈਡ ਸਟੈਂਡ’ ਅਤੇ ਦੂਜੀ ‘ਵਹੀਕਲ ਹਾਰਨ ਕੰਟਰੋਲ ਅਸੈਂਬਲੀ’ ਸ਼ਾਮਲ ਹੈ।
ਰਵਿੰਦਰ ਦੀ ਪ੍ਰਾਪਤੀ ਸੀਜੀਸੀ ਦੇ ਇਨੋਵੇਸ਼ਨ ਅਤੇ ਖੋਜ ਵਿੱਚ ਆਪਣੇ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਵਧਾਉਣ ਅਤੇ ਲਗਾਤਾਰ ਫੋਕਸ ਕਰਨ ਦੀ ਗਵਾਹੀ ਦਿੰਦੀ ਹੈ। ਇਸ ਸੰਸਥਾ ਨੇ ਹੁਣ ਤੱਕ 900 ਤੋਂ ਵੱਧ ਪੇਟੈਂਟ ਦਾਖਲ ਕਰਕੇ ਭਾਰਤ ਸਰਕਾਰ ਦੇ ਪੇਟੈਂਟ, ਡਿਜ਼ਾਈਨ, ਟ੍ਰੇਡਮਾਰਕ ਅਤੇ ਭੂਗੋਲਿਕ ਸੂਚਕਾਂ ਦੇ ਕੰਟਰੋਲਰ ਜਨਰਲ ਆਫ ਪੇਟੇਂਟਸ ਦੇ ਦਫਤਰ ਵੱਲੋ ਭਾਰਤ ਭਰ ਵਿੱਚ ਚੋਟੀ ਦੇ ਪੰਜ ਪੇਟੈਂਟ ਫਾਈਲ ਕਰਨ ਵਾਲੀਆਂ ਸੰਸਥਾਵਾਂ ਵਿੱਚ ਆਪਣਾ ਨਾਂ ਸ਼ਾਮਲ ਕਰ ਲਿਆ ਹੈ।
ਇਹਨਾਂ ਵਿਲੱਖਣ ਕਾਢਾਂ ਵਿੱਚੋਂ ਪਹਿਲੀ‘ਅਸੈਂਬਲੀ ਫਾਰ ਰਿਟਰੈਕਸ਼ਨ ਆਫ ਸਾਈਡ ਸਟੈਂਡ ਦਾ ਉਦੇਸ਼ ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਵਧਾਉਣਾ ਹੈ। ਇਹ ਯੰਤਰ ਆਪਣੇ ਆਪ ਹੀ ਦੋਪਹੀਆ ਵਾਹਨ ਉਪਭੋਗਤਾਵਾਂ ਨੂੰ ਖਾਸ ਤੌਰ ‘ਤੇ ਮੋਟਰਸਾਈਕਲ ਚਲਾਉਣ ਵਾਲੇ ਲੋਕਾਂ ਨੂੰ ਬਾਈਕ ਸਟੈਂਡ ਦੇ ਹੇਠਾਂ ਹੋਣ ਬਾਰੇ ਦੱਸੇਗਾ ਅਤੇ ਸੁਚੇਤ ਕਰੇਗਾ, ਜੋ ਕਿ ਵੱਡੇ ਹਾਦਸਿਆਂ ਦਾ ਇੱਕ ਆਮ ਕਾਰਨ ਹੈ। ਇਹ ਬਾਈਕ ਸਟੈਂਡ ਨੂੰ ਵੀ ਆਪਣੇ ਆਪ ਬੰਦ ਕਰ ਦੇਵੇਗਾ, ਜਿਸ ਨਾਲ ਸਵਾਰੀਆਂ ਸੁਰੱਖਿਤ ਹੋਣਗੀਆਂ। ਰਵਿੰਦਰ ਦੀ ਦੂਜੀ ਪੇਟੈਂਟ ਕੀਤੀ ਕਾਢ, ‘ਵਾਹਨ ਹਾਰਨ ਕੰਟਰੋਲ ਅਸੈਂਬਲੀ‘, ਵਾਹਨ ਉਪਭੋਗਤਾਵਾਂ ਦੁਆਰਾ ਬੇਲੋੜੇ ਹਾਰਨ ਵਜਾਉਣ ਕਰਕੇ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮਦਦ ਕਰੇਗੀ।
ਇਹ ਇੱਕ ਉੱਨਤ ਸਰਕਟ ਬ੍ਰੇਕਰ ਅਤੇ ਰੇਡੀਓ ਫ੍ਰੀਕੁਐਂਸੀ ’ਤੇ ਅਧਾਰਤ ਇੱਕ ਦੋ-ਭਾਗ ਵਾਲਾ ਯੰਤਰ ਹੈ ਜੋ ਆਪਣੇ ਆਪ ਹੀ ਹਾਰਨ ਦੀ ਮਾਤਰਾ ਨੂੰ ਜ਼ੀਰੋ ਤੱਕ ਘਟਾ ਦਿੰਦਾ ਹੈ ਜਿਸ ਨਾਲ ਡਰਾਈਵਰਾਂ ਨੂੰ ਖਾਸ ਤੌਰ ’ਤੇ ਹਸਪਤਾਲਾਂ, ਸਕੂਲਾਂ ਜਾਂ ਰਿਹਾਇਸ਼ੀ ਖੇਤਰਾਂ ਦੇ ਨੇੜੇ ਹਾਰਨ ਵਜਾਉਣ ਤੋਂ ਰੋਕਿਆ ਜਾਂਦਾ ਹੈ।
ਇਸ ਤੋਂ ਇਲਾਵਾ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕਿਆਂ ਤੇ ਖੋਜ ਕਰਨ ਵਿੱਚ ਰਵਿੰਦਰ ਦੀ ਡੂੰਘੀ ਦਿਲਚਸਪੀ ਅਤੇ ਉਸ ਦੀ ਲਗਨ ਨੇ ਵੀ ਉਸ ਨੂੰ ਆਪਣਾ ਸਟਾਰਟਅੱਪ ਸਥਾਪਤ ਕਰਨ ਵਿਚ ਕਾਫੀ ਮਦਦ ਕੀਤੀ ਹੈ। ਸੀਜੀਸੀ ਦੇ ਤੀਜੇ ਸਾਲ ਦੇ ਆਈਟੀ ਇੰਜੀਨੀਅਰਿੰਗ ਦੇ ਵਿਦਿਆਰਥੀ ਸ਼ੁਭ ਸਰਪਾਲ ਦੇ ਨਾਲ ਸਾਂਝੇਦਾਰੀ ਕਰਕੇ ਇਹ ਸਟਾਰਟਅੱਪ ਬਣਾਇਆ ਗਿਆ, ਜਿਸ ਨੂੰ ਸੀਜੀਸੀ ਦੀ ਏਸੀਆਈਸੀ ਰਾਈਸ ਐਸੋਸੀਏਸ਼ਨ ਦੁਆਰਾ ਸਮਰਥਨ ਪ੍ਰਾਪਤ ਹੈ। ਇਹ ਸਟਾਰਟਅੱਪ ਆਟੋਮੋਬਾਈਲ ਸੈਕਟਰ ਅਤੇ ਉਪਭੋਗਤਾਵਾਂ ਦੀ ਮਦਦ ਲਈ ਨਵੀਆਂ ਕਾਢਾਂ ਕੱਢ ਕੇ ਹੱਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਏਸੀਆਈਸੀ ਰਾਈਸ ਨੇ 35 ਤੋਂ ਵੱਧ ਸਟਾਰਟਅੱਪਾਂ ਨੂੰ ਸਫਲਤਾਪੂਰਵਕ ਪ੍ਰਫੁੱਲਤ ਕੀਤਾ ਹੈ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਦੇ ਸੁਪਨੇ ਲੈਣ ਵਾਲੇ ਉੱਦਮੀਆਂ ਦੀ ਮਦਦ ਕਰਨਾ ਜਾਰੀ ਰੱਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …