nabaz-e-punjab.com

ਵਿਦਿਆਰਥੀ ਦੀ ਮੌਤ: ਮੁਹਾਲੀ ਪੁਲੀਸ ਵੱਲੋਂ ਸਕੂਲ ਪ੍ਰਸ਼ਾਸਨ ਵਿਰੁੱਧ ਦਰਜ ਕੇਸ ’ਚ ਧਾਰਾ 302 ਦਾ ਵਾਧਾ

ਏਐਸਪੀ ਅਸ਼ਵਨੀ ਗੋਟਿਆਲ ਨੇ ਹੋਸਟਲ ਕੀਤਾ ਦੌਰਾ, ਵਿਦਿਆਰਥੀ ਜਾਂਚ ’ਚ ਕੀਤੇ ਸ਼ਾਮਲ

ਪੀੜਤ ਪਰਿਵਾਰ ਤੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਏਐਸਪੀ ਨਾਲ ਕੀਤੀ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਇੱਥੋਂ ਦੇ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਮਨਜੀਤ ਸਿੰਘ (16) ਦੀ ਭੇਦਭਰੀ ਮੌਤ ਸਬੰਧੀ ਮੁਹਾਲੀ ਪੁਲੀਸ ਨੇ ਸਕੂਲ ਪ੍ਰਸ਼ਾਸਨ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਦੇ ਮਾਮਲੇ ਵਿੱਚ ਕਤਲ ਦੀ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਪੁਲੀਸ ਦੀ ਇਸ ਕਾਰਵਾਈ ਨਾਲ ਸਕੂਲ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ। ਹਾਲਾਂਕਿ ਪੁਲੀਸ ਅਤੇ ਸਕੂਲ ਪ੍ਰਸ਼ਾਸਨ ਹਾਲੇ ਵੀ ਇਹ ਮੰਨ ਕੇ ਚੱਲ ਰਹੇ ਹਨ ਕਿ ਵਿਦਿਆਰਥੀ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕੀਤੀ ਹੈ ਪ੍ਰੰਤੂ ਪੀੜਤ ਮਾਪਿਆਂ ਅਤੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਹੱਤਿਆ ਕੀਤੀ ਗਈ ਹੈ ਅਤੇ ਹੁਣ ਸਿੱਖਿਆ ਅਤੇ ਪੁਲੀਸ ਅਧਿਕਾਰੀ ਪੋਚੇ ਜਾ ਰਹੇ ਹਨ।
ਉਧਰ, ਅੱਜ ਮ੍ਰਿਤਕ ਵਿਦਿਆਰਥੀ ਦੇ ਪਿਤਾ ਤਰਸੇਮ ਸਿੰਘ, ਚਾਚਾ ਸਤਿਗੁਰੂ ਸਿੰਘ ਅਤੇ ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊ, ਚੇਅਰਮੈਨ ਡਾ. ਦਲੇਰ ਸਿੰਘ ਮੁਲਤਾਨੀ ਅਤੇ ਦੋ ਵਕੀਲਾਂ ਐਡਵੋਕੇਟ ਤੇਜਿੰਦਰ ਸਿੰਘ ਸਿੱਧੂ ਤੇ ਅਮਰਦੀਪ ਕੌਰ ਗਿੱਲ ਅਤੇ ਕਰਮ ਸੇਖਾ ਨੇ ਮੁਹਾਲੀ ਦੀ ਏਐਸਪੀ (ਸਿਟੀ-1) ਮੈਡਮ ਅਸ਼ਵਨੀ ਗੋਟਿਆਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਪੋਸਟਮਾਰਟਮ ਰਿਪੋਰਟ ਸਮੇਤ ਮੌਕਾ ਏ ਵਾਰਦਾਤ ਤੋਂ ਮਿਲੇ ਸਬੂਤਾਂ ਦੇ ਹਵਾਲੇ ਨਾਲ ਵਿਦਿਆਰਥੀ ਦੀ ਮੌਤ ਸਬੰਧੀ ਸਕੂਲ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਟਾਫ਼ ਖ਼ਿਲਾਫ਼ ਬਾਈਨੇਮ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਉਨ੍ਹਾਂ ਜਾਂਚ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਮ੍ਰਿਤਕ ਵਿਦਿਆਰਥੀ ਅੰਮ੍ਰਿਤਧਾਰੀ ਸੀ। ਉਹ ਹਮੇਸ਼ਾ ਕਛਹਿਰਾ, ਕੰਘਾ, ਗਾਤਕਾ ਕਿਰਪਾਨ ਅਤੇ ਸਰਬ ਲੋਹ ਦਾ ਕੜਾ ਪਾ ਕੇ ਰੱਖਦਾ ਸੀ ਪ੍ਰੰਤੂ ਜਦੋਂ ਇਸ ਹਾਦਸੇ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰ ਹਸਪਤਾਲ ਪਹੁੰਚੇ ਤਾਂ ਵਿਦਿਆਰਥੀ ਦੀ ਲਾਸ਼ ਤੋਂ ਇਹ ਸਾਰਾ ਸਮਾਨ ਗਾਇਬ ਸੀ। ਉਨ੍ਹਾਂ ਵਿਦਿਆਰਥੀ ਨੂੰ ਸਮੇਂ ਸਿਰ ਮੈਡੀਕਲ ਸੁਵਿਧਾ ਮੁਹੱਈਆ ਨਾ ਕਰਵਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਾਰੇ ਸਬੂਤ ਕਤਲ ਵੱਲ ਇਸ਼ਾਰਾ ਕਰਦੇ ਹਨ ਪ੍ਰੰਤੂ ਪੁਲੀਸ ਦੀ ਸੂਈ ਖ਼ੁਦਕੁਸ਼ੀ ’ਤੇ ਟਿਕੀ ਹੋਈ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ ਕੇਸ ਵਿੱਚ ਧਾਰਾ 302 ਜੋੜਨ ਨਾਲ ਗੱਲ ਨਹੀਂ ਬਣਦੀ ਹੈ, ਉਨ੍ਹਾਂ ਨੂੰ ਉਦੋਂ ਚੈਨ ਆਏਗਾ ਜਦੋਂ ਉਸ ਦੇ ਪੁੱਤ ਦੀ ਮੌਤ ਲਈ ਜ਼ਿੰਮੇਵਾਰ ਲੋਕ ਹਵਾਲਾਤ ਵਿੱਚ ਬੰਦ ਹੋਣਗੇ।
(ਬਾਕਸ ਆਈਟਮ)
ਮੁਹਾਲੀ ਦੀ ਏਐਸਪੀ (ਸਿਟੀ-1) ਮੈਡਮ ਅਸ਼ਵਨੀ ਗੋਟਿਆਲ ਨੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਧਾਰਾ 302 ਤਹਿਤ ਕਤਲ ਦੇ ਜੁਰਮ ਦਾ ਵਾਧਾ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਏਐਸਪੀ ਨੇ ਖ਼ੁਦ ਸਕੂਲ ਦਾ ਦੌਰਾ ਕੀਤਾ ਅਤੇ ਹੋਸਟਲ ਦੇ ਬਾਥਰੂਮ ਸਮੇਤ ਉਸ ਕਮਰੇ ਦੀ ਜਿੱਥੇ ਵਿਦਿਆਰਥੀ ਰਹਿੰਦਾ ਸੀ ਉਸ ਦੀ ਬਰੀਕੀ ਨਾਲ ਛਾਣਬੀਣ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਸਟਾਫ਼ ਸਮੇਤ ਹਰਮਨਜੀਤ ਨਾਲ ਪੜ੍ਹਦੇ ਵਿਦਿਆਰਥੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਏਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਐਸਡੀਐਮ ਵੱਲੋਂ ਨਿਆਂਇਕ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਖਰੀ ਜਾਂਚ ਕਰ ਰਹੀ ਹੈ ਅਤੇ ਹੁਣ ਸਿੱਖਿਆ ਸਕੱਤਰ ਨੇ ਵੀ ਸਿੱਟਾ ਕਾਇਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਤਿੰਨੇ ਜਾਂਚਾਂ ਮੁਕੰਮਲ ਹੋਣ ਤੋਂ ਬਾਅਦ ਸਾਰੀਆਂ ਇਕੱਠੀਆਂ ਕਰਕੇ ਨਿਚੋੜ ਕੱਢ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਜੋ ਕਈ ਵੀ ਕਸੂਰਵਾਰ ਪਾਇਆ ਗਿਆ। ਉਸ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …