
ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੇ ਸ਼ੈਮਰਾਕ ਸਕੂਲ ਦਾ ਵਿਦਿਆਰਥੀ ਸ਼ੁਸ਼ਾਂਕ ਸ਼ਰਮਾ ਐਨਡੀਏ ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ ਮੋਹਰੀ
ਕੁੱਲ 25 ਵਿਦਿਆਰਥੀਆਂ ’ਚੋਂ 12 ਪਹਿਲੇ ਟਾਪ 100 ਵਿੱਚ ਸ਼ਾਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਇਕ ਪਾਸੇ ਜਿੱਥੇ ਦੇਸ਼ ਦੀ ਫ਼ੌਜ ਵਿਚ ਅਫ਼ਸਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਉੱਥੇ ਹੀ ਦੇਸ਼ ਦੀ ਨੌਜਵਾਨ ਪੀੜੀ ਵਿਚ ਸੈਨਾ ਵਿਚ ਭਰਤੀ ਹੋਣ ਦਾ ਜਜ਼ਬਾ ਵੀ ਦਿਨੋ-ਦਿਨ ਘੱਟ ਹੁੰਦਾ ਜਾ ਰਿਹਾ ਹੈ। ਅਜਿਹੇ ਮੌਕੇ ਤੇ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਮੋਹਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਸਾਂਝੇ ਯਤਨਾਂ ਸਦਕਾ 25 ਵਿਦਿਆਰਥੀਆਂ ਨੇ ਪੰਜਾਬੀਆਂ ਦੇ ਫ਼ੌਜ ਵਿੱਚ ਜਾਣ ਦੇ ਘੱਟ ਰਹੇ ਰੁਝਾਨ ਨੂੰ ਖ਼ਤਮ ਕਰਦੇ ਹੋਏ ਐਨ.ਡੀ.ਏ ਪ੍ਰੀਖਿਆ ਪਾਸ ਕਰ ਲਈ ਹੈ। ਇਸ ਦੇ ਨਾਲ ਹੀ ਸ਼ੁਸ਼ਾਂਕ ਸ਼ਰਮਾ ਦੇਸ਼ ਭਰ ਵਿਚ ਪਹਿਲੀ ਪੁਜ਼ੀਸ਼ਨ ਤੇ ਰਿਹਾ ਹੈ। ਕਾਮਯਾਬੀ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋ ਜਾਂਦਾ ਬਲਕਿ ਦੇਸ਼ ਭਰ ਦੇ ਪਹਿਲੇ 100 ਟਾਪਰਾਂ ’ਚੋਂ 12 ਵਿਦਿਆਰਥੀ ਇਕੱਲੇ ਸ਼ੈਮਰਾਕ ਸਕੂਲ ਦੇ ਹਨ।
ਜ਼ਿਕਰਯੋਗ ਹੈ ਕਿ ਸ਼ੈਮਰਾਕ ਸਕੂਲ ਵਿਚ ਪੜ੍ਹ ਰਹੇ ਇਹ ਵਿਦਿਆਰਥੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿਖੇ ਪੜਾਈ ਦੇ ਨਾਲ ਨਾਲ ਐਨ.ਡੀ.ਏ ਦੀ ਤਿਆਰੀ ਵੀ ਕਰਦੇ ਹੋਏ ਇਹ ਸਫਲਤਾ ਹਾਸਿਲ ਕੀਤੀ ਹੈ। ਇਸ ਖ਼ੁਸ਼ੀ ਵਿਚ ਮਹਾਰਾਜ ਰਣਜੀਤ ਸਿੰਘ ਅਕੈਡਮੀ ਵਿਚ ਇਕ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿਚ ਅਕੈਡਮੀ ਦੇ ਸਭ ਤੋਂ ਪਹਿਲੇ ਬੈਚ ਦੇ 6 ਵਿਦਿਆਰਥੀਆਂ ਜੋ ਕਿ ਹੁਣ ਫ਼ੌਜ ਵਿਚ ਅਫ਼ਸਰ ਬਣ ਚੁੱਕੇ ਹਨ। ਉਨ੍ਹਾਂ ਸ਼ਿਰਕਤ ਕਰਦੇ ਹੋਏ ਆਪਣੇ ਸਾਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵੱਲੋਂ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੈਮਰਾਕ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਾਂਮਡਰ (ਰਿਟਾ.) ਐੱਸ ਕੇ ਸ਼ਰਮਾ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਮੇਜਰ ਜਰਨਲ(ਰਿਟਾ.) ਬਲਜੀਤ ਸਿੰਘ ਗਰੇਵਾਲ ਦੱਸਿਆ ਕਿ ਪੂਰੇ ਭਾਰਤ ਤੋਂ ਕਰੀਬ ਸਾਢੇ ਚਾਰ ਲੱਖ ਉਮੀਦਵਾਰਾਂ ਨੇ ਐਨ ਡੀ ਏ ਲਈ ਇਹ ਇਮਤਿਹਾਨ ਦਿਤਾ ਸੀ ਜਿਨ੍ਹਾਂ ਵਿਚੋਂ ਤਕਰੀਬਨ ਛੇ ਹਜ਼ਾਰ ਉਮੀਦਵਾਰਾਂ ਨੇ ਸਫਲਤਾ ਹਾਸਿਲ ਕੀਤੀ। ਇਨ੍ਹਾਂ ਵਿਚੋਂ ਹੀ ਸੈਮਰਾਕ ਸਕੂਲ ਦੇ 25 ਵਿਦਿਆਰਥੀਆਂ ਨੇ ਇਹ ਮਾਣ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਸ਼ੈਮਰਾਕ ਸਕੂਲ ਹੀ ਭਾਰਤ ਦਾ ਅਜਿਹਾ ਸਕੂਲ ਬਣਿਆ ਹੈ ਜਿੱਥੋਂ ਦਾ 12 ਵਿਦਿਆਰਥੀ ਟਾਪ 100 ਕੈਟਾਗਰੀ ਵਿਚ ਹਨ, ਜੋ ਕਿ ਪੂਰੇ ਪੰਜਾਬ ਲਈ ਫ਼ਖਰ ਦੀ ਗੱਲ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਫ਼ੌਜ ਦੁਨੀਆਂ ਭਰ ਵਿਚ ਇਕ ਵਧੀਆਂ ਅਤੇ ਅਨੁਸ਼ਾਸਿਤ ਸੰਗਠਿਤ ਮੰਨੀ ਜਾਂਦੀ ਹੈ ਅਤੇ ਭਾਰਤੀ ਫ਼ੌਜ ਵਿਚ ਅਫ਼ਸਰ ਦੇ ਤੌਰ ਤੇ ਕੰਮ ਕਰਨਾ ਨਾ ਸਿਰਫ਼ ਇਕ ਵਧੀਆਂ ਜ਼ਿੰਦਗੀ ਜਿਊਣਾ ਮੰਨਿਆਂ ਜਾਂਦਾ ਹੈ ਬਲਕਿ ਸਮਾਜ ਵਿਚ ਵੀ ਇਹ ਮਾਣ-ਸਨਮਾਨ ਅਤੇ ਇੱਜ਼ਤ ਦਾ ਸਬੱਬ ਮੰਨਿਆਂ ਜਾਂਦਾ ਹੈ ਅਤੇ ਸ਼ੈਮਰਾਕ ਆਪਣੇ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ਵਿਚ ਸੇਵਾ ਕਰਨ ਲਈ ਸਦਾ ਪ੍ਰੇਰਿਤ ਕਰਦਾ ਰਿਹਾ ਹੈ। ਮੇਜਰ ਜਰਨਲ (ਰਿਟਾ.) ਬਲਜੀਤ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਸਫਲਤਾ ਦਾ ਸਿਹਰਾ ਸ਼ੈਮਰਾਕ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਸਟਾਫ਼ ਨੂੰ ਜਾਂਦਾ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬੀਆਂ ਦੀ ਦਿਨੋਂ ਦਿਨ ਫ਼ੌਜ ਵਿਚ ਘੱਟ ਰਹੀ ਨਫ਼ਰੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਨਾ ਇਹ ਉਪਰਾਲਾ ਪੂਰੀ ਤਰਾਂ ਸਫਲ ਰਿਹਾ ਹੈ। ਇਸ ਦੌਰਾਨ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਬੋਲਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਇਸ ਪ੍ਰੀਖਿਆ ਵਿੱਚ ਸਫਲ ਰਹੇ ਹਨ ਅਤੇ ਸਾਡੀ ਇਹੀ ਇੱਛਾ ਹੈ ਕਿ ਅਸੀ ਫ਼ੌਜ ਵਿਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰੀਏ।