Nabaz-e-punjab.com

ਵਿਦਿਆਰਥੀ ਦੀ ਭੇਦਭਰੀ ਮੌਤ: ਪੀੜਤ ਪਰਿਵਾਰ ਨੇ ਪੁਲੀਸ ਦੀ ਜਾਂਚ ’ਤੇ ਸਵਾਲ ਚੁੱਕੇ

ਸਾਡਾ ਤਾਂ ਬੱਚਾ ਵਾਪਸ ਨਹੀਂ ਆਉਣਾ ਪਰ ਦੂਜੇ ਬੱਚਿਆਂ ਦੀ ਸੁਰੱਖਿਆ ਦੀ ਲੜਾਈ ਲੜ ਰਹੇ ਹਾਂ: ਤਰਸੇਮ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਇੱਥੋਂ ਦੇ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਮਨਜੀਤ ਸਿੰਘ (16) ਦੀ ਭੇਦਭਰੀ ਮੌਤ ਦੇ ਮਾਮਲੇ ਵਿੱਚ ਭਾਵੇਂ ਮੁਹਾਲੀ ਪੁਲੀਸ ਨੇ ਬੀਤੇ ਦਿਨੀਂ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਬਾਲ ਸੁਧਾਰ ਘਰ ਹੁਸ਼ਿਆਰਪੁਰ ਭੇਜ ਦਿੱਤਾ ਹੈ। ਪ੍ਰੰਤੂ ਪੀੜਤ ਪਰਿਵਾਰ ਪੁਲੀਸ ਦੀ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਬੇਟਾ ਤਾਂ ਵਾਪਸ ਆਉਣੋਂ ਰਿਹਾ ਲੇਕਿਨ ਉਹ ਮੈਰੀਟੋਰੀਅਸ ਸਕੂਲ ਦੇ ਬਾਕੀ ਵਿਦਿਆਰਥੀਆਂ ਦੇ ਸੁਰੱਖਿਅਤ ਜੀਵਨ ਦੀ ਲੜਾਈ ਲੜ ਰਹੇ ਹਨ ਤਾਂ ਜੋ ਦੁਬਾਰਾ ਅਜਿਹੀ ਕੋਈ ਘਟਨਾ ਨਾ ਵਾਪਰੇ। ਪੀੜਤ ਪਰਿਵਾਰ ਨੇ ਪੁਲੀਸ ਦੀ ਪੜਤਾਲ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਾਂਚ ਟੀਮ ਸਹੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੀ ਹੈ। ਹਾਲਾਂਕਿ ਉਹ ਪਹਿਲੇ ਦਿਨ ਤੋਂ ਇਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਬੇਟੇ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਹੁਣ ਪੁਲੀਸ ਜਿਹੜੇ ਵਿਦਿਆਰਥੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਹੈ, ਉਨ੍ਹਾਂ ਨੇ ਕੀ ਜੁਰਮ ਕੀਤਾ ਹੈ, ਬਾਰੇ ਪੁਲੀਸ ਕੁਝ ਨਹੀਂ ਦੱਸ ਰਹੀ ਹੈ।
ਇਸ ਮਾਮਲੇ ਦੀ ਪੈਰਵੀ ਕਰ ਰਹੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਪੁਲੀਸ ਨੇ ਹੁਣ ਤੱਕ ਪੀੜਤ ਪਰਿਵਾਰ ਅਤੇ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਦੀਆਂ ਵੀਡੀਓ ਤੱਕ ਨਹੀਂ ਦਿਖਾਈ। ਹੋਸਟਲ ਦੇ ਕਮਰੇ ਅਤੇ ਬਾਥਰੂਮ ’ਚੋਂ ਮਿਲੇ ਖੂਨ ਦੇ ਛਿੱਟਿਆਂ ਦੇ ਨਿਸ਼ਾਨਾਂ ਦੀ ਫੋਰੈਂਸਿਕ ਜਾਂਚ ਬਾਰੇ ਵੀ ਪੁਲੀਸ ਗੋਲ ਮੋਲ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਚੁੱਪ ਕਰਕੇ ਬੈਠਣ ਵਾਲੇ ਹਨ ਅਤੇ ਮਾਮਲੇ ਦੀ ਤੈਅ ਤੱਕ ਜਾ ਕੇ ਸਚਾਈ ਸਾਹਮਣੇ ਲਿਆਉਣ ਅਤੇ ਇਨਸਾਫ਼ ਲੈ ਕੇ ਰਹਿਣਗੇ। ਇਸ ਸਬੰਧੀ ਜੇਕਰ ਲੋੜ ਪਈ ਤਾਂ ਉਹ ਉੱਚ ਅਦਾਲਤ ਦਾ ਬੂਹਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
(ਬਾਕਸ ਆਈਟਮ)
ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਮ੍ਰਿਤਕ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ ਅਤੇ ਦੋ ਵਿਦਿਆਰਥੀਆਂ ਦੀ ਸ਼ੱਕੀ ਮੂਵਮੈਂਟ ਨੂੰ ਆਧਾਰ ਬਣਾ ਕੇ ਗ੍ਰਿਫ਼ਤਾਰੀ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਇਹ ਦੋਵੇਂ ਵਿਦਿਆਰਥੀ 6:20 ਵਜੇ ਹੋਸਟਲ ਵਿੱਚ ਆਉਂਦੇ ਦਿਖਾਈ ਦਿੰਦੇ ਹਨ ਅਤੇ ਕਰੀਬ 7 ਵਜੇ ਰੌਲਾ ਪੈਣ ’ਤੇ ਇਹ ਦੋਵੇਂ ਵਾਪਸ ਆਉਂਦੇ ਦਿਖ ਰਹੇ ਹਨ। ਪੋਸਟ ਮਾਰਟਮ ਦੀ ਰਿਪੋਰਟ ਅਤੇ ਪੁਲੀਸ ਜਾਂਚ ਵਿੱਚ ਵੀ ਮ੍ਰਿਤਕ ਵਿਦਿਆਰਥੀ ਨਾਲ ਕੁੱਟਮਾਰ ਦੀਆਂ ਸੱਟਾਂ ਦਾ ਖੁਲਾਸਾ ਹੋਇਆ ਹੈ।
(ਬਾਕਸ ਆਈਟਮ)
ਏਐਸਪੀ ਅਸ਼ਵਨੀ ਗੋਟਿਆਲ ਨੇ ਕਿਹਾ ਕਿ ਹੋਸਟਲ ਦੇ ਕਮਰੇ ਅਤੇ ਬਾਥਰੂਮ ’ਚੋਂ ਮਿਲੇ ਖੂਨ ਦੇ ਨਿਸ਼ਾਨਾਂ ਦੀ ਮੌਕੇ ’ਤੇ ਹੀ ਫੋਰੈਂਸਿਕ ਟੀਮ ਨੂੰ ਸੱਦ ਕੇ ਜਾਂਚ ਕਰਵਾਈ ਗਈ ਸੀ। ਫੋਰੈਂਸਿਕ ਜਾਂਚ ਅਨੁਸਾਰ ਕਮਰੇ ’ਚੋਂ ਖੂਨ ਦੇ ਧੱਬੇ ਵਰਗੇ ਨਿਸ਼ਾਨ ਕਾਫੀ ਪੁਰਾਣੇ ਸੀ। ਇਹ ਨਿਸ਼ਾਨ ਇਕ ਵਿਦਿਆਰਥੀ ਦੇ ਨੱਕ ’ਚੋਂ ਨਕਸੀਰ ਚੱਲਣ ਦੇ ਸਨ। ਜਦੋਂਕਿ ਬਾਥਰੂਮ ’ਚੋਂ ਕੋਈ ਖੂਨ ਦੇ ਨਿਸ਼ਾਨ ਨਹੀਂ ਮਿਲੇ ਹਨ। ਕੰਧ ’ਤੇ ਖੂਨ ਦੇ ਰੰਗ ਵਰਗਾ ਕੋਈ ਹੋਰ ਨਿਸ਼ਾਨ ਸੀ।
ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਦੋਵੇਂ ਵਿਦਿਆਰਥੀ ਪੁੱਛਗਿੱਛ ਦੌਰਾਨ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …