
ਸਰਕਾਰੀ ਸਕੂਲਾਂ ਦੀ ਲਾਇਬ੍ਰੇਰੀ ਮੁਹਿੰਮ ਨੂੰ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ
ਸਕੂਲੀ ਬੱਚਿਆਂ ਨੂੰ ਪੰਜਾਬੀ ਸਾਹਿਤ ਤੇ ਲਾਇਬ੍ਰੇਰੀਆਂ ਦੀ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇਗਾ: ਕ੍ਰਿਸ਼ਨ ਕੁਮਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲੀ ਬੱਚਿਆਂ ਨੂੰ ਸਾਹਿਤਕ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ 15 ਅਗਸਤ ਤੱਕ ਲਾਇਬ੍ਰੇਰੀ ਦੀਆਂ ਕਿਤਾਬਾਂ ਜਾਰੀ ਕਰਨ ਅਤੇ ਉਨ੍ਹਾਂ ਨੂੰ ਪੜ੍ਹਨ ਦੀ ਇਕ ਮਹੀਨਾਵਾਰ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਿੱਖਿਆ ਸਕੱਤਰ ਦੀ ਪ੍ਰੇਰਨਾ ਸਦਕਾ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੇ ਪਹਿਲਕਦਮੀ ਕਰਦਿਆਂ ਆਪਣੇ ਘਰਾਂ ਵਿੱਚ ਪਈਆਂ ਬੱਚਿਆਂ ਦੇ ਪੜ੍ਹਨਯੋਗ ਕਿਤਾਬਾਂ ਵੀ ਸਕੂਲਾਂ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਗਿਆਨ ਜਿੰਨਾਂ ਵੰਡਿਆ ਜਾਵੇ ਉਨ੍ਹਾਂ ਹੀ ਵਧਦਾ ਹੈ। ਇਸ ਲਈ ਸਮਾਜ ਦੇ ਹਰ ਵਿਦਵਾਨ ਨਾਗਰਿਕ ਨੂੰ ਆਪਣੇ ਘਰ ਪਏ ਕਿਤਾਬਾਂ ਰੂਪੀ ਗਿਆਨ ਦੇ ਖ਼ਜ਼ਾਨੇ ਦੀ ਯੋਗ ਵਰਤੋਂ ਕਰਦੇ ਹੋਏ ਸਰਕਾਰੀ ਸਕੂਲਾਂ ਵਿੱਚ ਦੇਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਗਿਆਨ ਦੀ ਚਿਣਗ ਜਗਾ ਕੇ ਭਵਿੱਖ ਨੂੰ ਰੁਸ਼ਨਾਇਆ ਜਾ ਸਕੇ।
ਡਿਪਟੀ ਐੱਸਪੀਡੀ ਸੰਦੀਪ ਨਾਗਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਹਮੇਸ਼ਾ ਹੀ ਸਕੂਲਾਂ ਵਿੱਚ ਲਾਇਬ੍ਰੇਰੀ ਦੀ ਯੋਗ ਵਰਤੋਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਵੱਖ-ਵੱਖ ਸਕੂਲਾਂ ਵਿੱਚ ਉਨ੍ਹਾਂ ਦੇ ਪ੍ਰੇਰਨਾਦਾਇਕ ਦੌਰੇ ਦਾ ਇੱਕ ਮਨੋਰਥ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਲਾਇਬ੍ਰੇਰੀ ਨਾਲ਼ ਜੁੜਨ ਲਈ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਪ੍ਰਾਇਮਰੀ ਸਕੂਲਾਂ ਵਿੱਚ ਸੋਹਣੇ ਰੀਡਿੰਗ ਸੈੱਲਾਂ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੋਹਣੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਹੋਈ ਹੈ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਵਰਤੋਂ ਵਿੱਚ ਆਉਣ ਸਦਕਾ ਵਿਦਿਆਰਥੀਆਂ ਦੇ ਗਿਆਨ ਦਾ ਸੰਗ੍ਰਹਿ ਵੀ ਪ੍ਰਪੱਕ ਅਤੇ ਅਥਾਹ ਬਣ ਰਿਹਾ ਹੈ।
ਇਸੇ ਰੁਝਾਨ ਤਹਿਤ ਸਿੱਖਿਆ ਵਿਭਾਗ ਦੇ ਪ੍ਰੇਰਨਾਤਮਿਕ ਦਿਸ਼ਾ-ਨਿਰਦੇਸ਼ਾਂ ਸਦਕਾ ਬੀਤੀ 23 ਅਪਰੈਲ ਨੂੰ ਸਮੂਹ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਲੜੀ ਤਹਿਤ ਸਰਕਾਰੀ ਸਕੂਲਾਂ ਦੇ ਸਮੁੱਚੇ ਲਾਇਬ੍ਰੇਰੀ ਅਮਲੇ ਦੀ ਸਿਖਲਾਈ ਵਰਕਸ਼ਾਪ ਲਗਾਉਣਾ ਅਤੇ ਸਕੂਲ ਲਾਇਬ੍ਰੇਰੀਆਂ ਦੀ ਸੁਚੱਜੀ ਵਰਤੋਂ ਬਾਰੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਨਵੀਆਂ ਬਾਲ ਪੁਸਤਕਾਂ ਖਰੀਦਣ ਲਈ ਗਰਾਂਟ ਵੀ ਜਾਰੀ ਕੀਤੀ ਗਈ ਹੈ।
ਰੋਜ਼ਾਨਾ ਸੋਸ਼ਲ ਮੀਡੀਆ ਰਾਹੀਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਭੇਜੀਆਂ ਜਾ ਰਹੀਆਂ ਤਸਵੀਰਾਂ ਤੋਂ ਵੀ ਸਪੱਸ਼ਟ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਨਿਰੰਤਰ ਜਾਰੀ ਕੀਤੀਆਂ ਜਾ ਰਹੀਆਂ ਹਨ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੀ ਇਸ ਲਾਇਬ੍ਰੇਰੀ ਮੁਹਿੰਮ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੀ ਸਹੀ ਵਰਤੋਂ ਦਾ ਇਹ ਰੁਝਾਨ ਸਿੱਖਿਆ ਦੇ ਖੇਤਰ ਦਾ ਇਕ ਉਸਾਰੂ ਕਦਮ ਹੈ। ਇਸ ਨਾਲ ਸਕੂਲਾਂ ਦੀਆਂ ਅਲਮਾਰੀਆਂ ਵਿੱਚ ਪਈਆਂ ਬਹੁ-ਗਿਣਤੀ ਵੱਡੀਆਂ ਅਤੇ ਛੋਟੀਆਂ ਕਿਤਾਬਾਂ ਜਿਨ੍ਹਾਂ ਨੂੰ ਵਿਦਿਆਰਥੀ ਪਸੰਦ ਵੀ ਕਰਦੇ ਹਨ ਅਤੇ ਪੜ੍ਹਨਾ ਵੀ ਚਾਹੁੰਦੇ ਹਨ, ਵਿਦਿਆਰਥੀਆਂ ਦੇ ਹੱਥਾਂ ਵਿੱਚ ਜਾ ਰਹੀਆਂ ਹਨ ਅਤੇ ਇਨ੍ਹਾਂ ਕਿਤਾਬਾਂ ਵਿਚਲਾ ਵੰਨਗੀ ਭਰਪੂਰ ਵਿਸ਼ਾ-ਵਸਤੂ ਹਰ ਪੱਖੋਂ ਸਾਡੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਸਹਾਈ ਸਾਬਿਤ ਹੋ ਰਿਹਾ ਹੈ। ਵਿਦਿਆਰਥੀਆਂ ਦੀਆਂ ਪੜ੍ਹਣ ਰੁਚੀਆਂ ਤਾਂ ਵਿਕਸਿਤ ਹੋ ਹੀ ਰਹੀਆਂ ਹਨ ਨਾਲ-ਨਾਲ ਵਿਦਿਆਰਥੀਆਂ ਦੇ ਭਾਸ਼ਾ ਗਿਆਨ ਦਾ ਦਾਇਰਾ ਵੀ ਵਿਸ਼ਾਲ ਹੋ ਰਿਹਾ ਹੈ। ਸਿੱਖਿਆ ਸਕੱਤਰ ਨੇ ਸਮੂਹ ਅਧਿਆਪਕਾਂ ਨੂੰ ਇਸ ਮਹੱਤਵ ਪੂਰਨ ਲਾਇਬ੍ਰੇਰੀ ਪ੍ਰੋਗਰਾਮ ਨੂੰ ਵੀ ਪਹਿਲਾਂ ਸਫ਼ਲ ਰਹੇ ਪ੍ਰੋਗਰਾਮਾਂ ਵਾਂਗ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ ਹੈ।