Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਨੂੰ ਮਿਲਿਆ ਏਆਈਸੀਈਟੀ ਦੇ ਵਕਾਰੀ ਖੋਜ ਮੁਕਾਬਲੇ ’ਚ ‘ਵਿਦਿਆਰਥੀ-ਵਿਸ਼ਵਕਰਮਾ ਕੌਮੀ ਐਵਾਰਡ’ 22 ਰਾਜਾਂ ਦੀਆਂ 54 ਟੀਮਾਂ ਨਾਲ ਹੋਏ ਮੋਬਾਈਲ ਐਪ ਡਿਵੈਲਪਮੈਂਟ ਦੇ ਖੋਜ ਮੁਕਾਬਲੇ ’ਚ ਨਾਮੀ ਸੰਸਥਾਵਾਂ ਨੂੰ ਪਛਾੜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਦੇਸ਼ ਦੇ ਵਕਾਰੀ ਏਆਈਸੀਈਟੀ-ਈਸੀਆਈ ‘ਵਿਦਿਆਰਥੀ-ਵਿਸ਼ਵਕਰਮਾ ਐਵਾਰਡ 2017’ ਜਿੱਤ ਕੇ ਰਾਸ਼ਟਰੀ ਪੱਧਰ ’ਤੇ ਕਾਲਜ ਦਾ ਵੱਡਾ ਮਾਣ ਵਧਾਇਆ ਹੈ। ਸੀ.ਜੀ.ਸੀ. ਲਾਂਡਰਾਂ ਦੀ ਟੀਮ ‘ਜ਼ੀਲ ਥਿੰਕਰ’ ਨੂੰ ਇਹ ਸਨਮਾਨ ਆਊਟਸਟੈਂਡਿੰਗ ਇੰਜੀਨੀਅਰਿੰਗ ਵਿਦਿਆਰਥੀ ਅਤੇ ਆਊਟਸਟੈਂਡਿੰਗ ਅਧਿਆਪਕ ਸ਼੍ਰੇਣੀ ਦੇ ਦੋ ਵੱਖ-ਵੱਖ ਵਰਗਾਂ ਤਹਿਤ ਪ੍ਰਾਪਤ ਹੋਇਆ ਹੈ। ਇਹ ਕੌਮੀ ਖ਼ਿਤਾਬ ਏ.ਆਈ.ਸੀ.ਈ.ਟੀ.-ਈ.ਸੀ.ਆਈ. ਤੋਂ ਮਾਨਤਾ ਪ੍ਰਾਪਤ ਉੱਚ ਦਰਜੇ ਦੀਆਂ ਤਕਨੀਕੀ ਸੰਸਥਾਵਾਂ ਦੇ ਵੱਖ-ਵੱਖ ਇੰਜੀਨੀਅਰਿੰਗ ਵਿਸ਼ਿਆਂ ’ਚ ਨਵੀਆਂ ਖੋਜਾਂ ਅਤੇ ਵਿਲੱਖਣ ਸਕਿੱਲਜ਼ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। 22 ਰਾਜਾਂ ਦੀਆਂ 54 ਟੀਮਾਂ ਨਾਲ ਵਿਲੱਖਣ ਮੋਬਾਇਲ ਐਪ ਤਿਆਰ ਕਰਨ ਦੇ ਹੋਏ ਸਖ਼ਤ ਖੋਜ ਮੁਕਾਬਲੇ ’ਚ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਤੇਜਪਾਲ ਸ਼ਰਮਾ ਦੀ ਅਗਵਾਈ ’ਚ ਜੇਤੂ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਸ਼ਾਲ ਸਿੰਘ, ਸ਼ਾਮਲੀ ਕੰਵਰ, ਰਜਤ ਸ਼ਰਮਾ ਅਤੇ ਤਮੰਨਾ ਜਾਂਗੜਾ ਦੀ ਟੀਮ ਨੂੰ ਇਹ ਵੱਕਾਰੀ ਸਨਮਾਨ ਕੌਮੀ ਮਨੁੱਖੀ ਸਰੋਤ ਮੰਤਰਾਲੇ ਦੇ ਰਾਜ ਮੰਤਰੀ ਡਾ. ਸੱਤਿਆ ਪਾਲ ਸਿੰਘ ਵੱਲੋਂ ਨਵੀਂ ਦਿੱਲੀ ਵਿਖੇ ਉਚੇਚੇ ਤੌਰ ’ਤੇ ਪ੍ਰਦਾਨ ਕੀਤਾ। ਪ੍ਰੋ. ਤੇਜਪਾਲ ਸ਼ਰਮਾ ਨੇ ਇਸ ਮੋਬਾਇਲ ਐਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਸ਼ਟਰੀ ਖੋਜ ਮੁਕਾਬਲਾ ਜਿੱਤ ਕੇ ਸਾਡੇ ਹੌਂਸਲਿਆਂ ਨੂੰ ਵੱਡੀ ਪਰਵਾਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਮੁਕਾਬਲੇ ’ਚ ਹਿੱਸਾ ਲੈਣ ਨਾਲ ਸਾਨੂੰ ਨਾ ਕੇਵਲ ਦੇਸ਼ ਦੀਆਂ ਨਾਮਵਰ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਅਤੇ ਨਵੇਂ-ਨਵੇਂ ਖੇਤਰਾਂ ’ਚ ਹੋ ਰਹੀਆਂ ਖੋਜਾਂ ਨੂੰ ਨੇੜੇ ਹੋ ਕੇ ਜਾਨਣ ਅਤੇ ਸਮਝਣ ਦਾ ਅਨੂਠਾ ਅਵਸਰ ਹਾਸਲ ਹੋਇਆ ਸਗੋਂ ਵਿਲੱਖਣ ਅਕਾਦਮਿਕ ਪਿਛੋਕੜ ਨਾਲ ਜੁੜੇ ਖੋਜਾਰਥੀਆਂ ਨਾਲ ਆਪਸੀ ਸੰਵਾਦ ਰਚਾਉਣ ਦਾ ਵੀ ਮੌਕਾ ਮਿਲਿਆ। ਵਿਭਾਗ ਵੱਲੋਂ ਇਸ ਖੋਜ ਨੂੰ ਪੇਟੈਂਟ ਕਰਵਾਉਣ ਬਾਰੇ ਜ਼ਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸਾਨੂੰ ਇਹ ਵੱਕਾਰੀ ਐਵਾਰਡ ਸਟੂਡੈਂਟ ਸੀ-ਪੈਡ ਅਤੇ ਫੈਕਲਟੀ ਸੀ-ਪੈਡ ਤਹਿਤ ਦੋ ਵੱਖ-ਵੱਖ ਸ਼੍ਰੇਣੀਆਂ ’ਚ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਏ.ਆਈ.ਸੀ.ਈ.ਟੀ. ਦੇ ਇਸ ਵੱਕਾਰੀ ਮੁਕਾਬਲੇ ’ਚ 965 ਟੀਮਾਂ ਨੇ ਆਪਣੀਆਂ ਅਰਜ਼ੀਆਂ ਭੇਜੀਆਂ ਸਨ, ਪਰ ਮੁੱਢਲੇ ਦੌਰ ਦੇ ਵੱਖ-ਵੱਖ ਪੜਾਵਾਂ ਤਹਿਤ ਖੋਜ, ਪ੍ਰੋਜੈਕਟ ਉੱਤੇ ਆਉਣ ਵਾਲੇ ਖਰਚੇ, ਵਾਤਾਵਰਣ ਸੰਬੰਧੀ ਅਨੁਕੂਲਤਾ ਅਤੇ ਸਮਾਜ ਉੱਤੇ ਉਸਦੇ ਪ੍ਰਭਾਵਾਂ ਆਦਿ ਦੇ ਪੈਮਾਨਿਆਂ ਦੇ ਆਧਾਰ ਉੱਤੇ ਸੀ.ਜੀ.ਸੀ. ਦੀ ਟੀਮ ‘ਜ਼ੀਲ ਥਿੰਕਰ’ ਸਮੇਤ ਕੇਵਲ 55 ਟੀਮਾਂ ਨੂੰ ਹੀ ਅਗਲੇ ਪੜਾਅ ’ਚ ਪਹੁੰਚਣ ਦਾ ਮੌਕਾ ਮਿਲਿਆ। ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਦੇਸ਼ ਦੇ ਇਸ ਵੱਕਾਰੀ ਸਨਮਾਨ ਮਿਲਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਾਲਜ ਵੱਲੋਂ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਤੇ ਅਕਾਦਮਿਕ ਮਾਹੌਲ ਸਹੀ ਦਿਸ਼ਾ ਦੇ ਵਿਕਾਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਉੱਚ ਪੱਧਰੀ ਸਨਮਾਨ ਜਿੱਥੇ ਕਾਲਜ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਹੋਂਸਲਾ ਅਫ਼ਜਾਈ ਕਰਦੇ ਹਨ, ਉੱਥੇ ਹੀ ਸਾਨੂੰ ਭਵਿੱਖ ’ਚ ਹੋਰ ਅੱਗੇ ਵਧਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਚੁੱਕੇ ਜਾ ਰਹੇ ਅਗਾਂਹਵਧੂ ਯਤਨਾਂ ਦੀ ਬਦੌਲਤ ਕਾਲਜ ਨੂੰ ਮਿਲ ਰਹੇ ਅਜਿਹੇ ਉੱਚ ਪੱਧਰੀ ਐਵਾਰਡ ਸਾਡੇ ਵਿਦਿਆਰਥੀਆਂ ਨੂੰ ਵੀ ਰੁਜ਼ਗਾਰ ਪ੍ਰਾਪਤ ਕਰਨ ’ਚ ਵੱਡੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਆਖਿਆ ਕਿ ਦੇਸ਼ ਪੱਧਰ ’ਤੇ ਹਾਸਲ ਕੀਤੀ ਇਸ ਵੱਡੀ ਉਪਲਬਧੀ ਨੇ ਅਕਾਦਮਿਕ ਹਲਕਿਆਂ ’ਚ ਇਸ ਗੱਲ ਨੂੰ ਪ੍ਰਮਾਣਿਕ ਕੀਤਾ ਹੈ ਕਿ ਕੇਵਲ ਆਈ. ਆਈ. ਟੀਜ਼. ਤੇ ਐਨ. ਆਈ. ਟੀਜ਼. ਹੀ ਨਹੀਂ ਸਗੋਂ ਸੀ.ਜੀ.ਸੀ. ਲਾਂਡਰਾਂ ਵਰਗੀਆਂ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਵੀ ਮਿਆਰੀ ਖੋਜ ’ਚ ਅੱਗੇ ਵਧ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ