Nabaz-e-punjab.com

ਬੂਟਾ ਸਿੰਘ ਵਾਲਾ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ’ਚ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ

ਮੈਰਿਟ, 80 ਫੀਸਦੀ ਅੰਕ ਲੈਣ ਵਾਲੇ ਬੱਚੇ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਛੇਵੀਂ ਤੋਂ ਗਿਆਰ੍ਹਵੀਂ ਸ਼੍ਰੇਣੀ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਬਰਿੰਦਰਜੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦਾ ਸਵਾਗਤ ਕੀਤਾ। ਮੰਚ ਦਾ ਸੰਚਾਲਕ ਵੋਕੇਸ਼ਨਲ ਮਾਸਟਰ ਹਰਪ੍ਰੀਤ ਸਿੰਘ ਅਤੇ ਰਸ਼ਮੀ ਲਾਇਬ੍ਰੇਰੀ ਰਿਸਟੋਰਰ ਨੇ ਕੀਤਾ। ਸਮਾਰੋਹ ਦਾ ਆਗਾਜ਼ ਬਾਰ੍ਹਵੀਂ ਸ਼੍ਰੇਣੀ ਸਾਇੰਸ ਦੇ ਵਿਦਿਆਰਥੀਆਂ ਦੇ ਸ਼ਬਦ ਗਾਇਨ ਨਾਲ ਹੋਇਆ। ਇਸ ਉਪਰੰਤ ਵਿਦਿਆਰਥੀਆਂ ਨੇ ‘ਰਸੋਈ ਦਾ ਸ਼ਿੰਗਾਰ ਸਬਜ਼ੀਆਂ’, ਕੰਪਿਊਟਰ ਫੈਕਲਟੀ ਪੂਜਾ ਬਜਾਜ ਵੱਲੋਂ ਤਿਆਰ ਨਾਟਕ ‘ਕੰਪਿਊਟਰ ਦੀ ਸਹੀ ਵਰਤੋਂ ਕਿਵੇਂ ਕਰੀਏ’ ਖੇਡਿਆ ਗਿਆ।
ਇਸ ਮੌਕੇ ਬਾਰ੍ਹਵੀਂ ਸ਼੍ਰੇਣੀ ਦੀ ਮੈਰਿਟ ਵਿੱਚ ਆਉਣ ਵਾਲੀ ਪਿੰਡ ਖਲੌਰ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਬਾਰ੍ਹਵੀਂ ਸ਼੍ਰੇਣੀ ਵਿੱਚ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਗੁਰਦੀਪ ਕੌਰ, ਸੁਖਜਿੰਦਰ ਸਿੰਘ ਅਤੇ ਕੁਲਵੀਰ ਕੌਰ, ਗੁਰਪ੍ਰੀਤ ਸਿੰਘ, ਦਮਨਪ੍ਰੀਤ ਕੌਰ ਅਤੇ ਦਸਵੀਂ ਸ਼੍ਰੇਣੀ ਦੇ ਹਰਮਨਜੋਤ ਕੌਰ ਪਹਿਲਾ ਸਥਾਨ, ਹਰਸ਼ਦੀਪ ਕੌਰ ਦੂਜਾ ਸਥਾਨ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਨੈਸ਼ਨਲ ਖੇਡਾਂ ਵਿੱਚ ਲਗਾਤਾਰ ਚੌਥੀ ਵਾਰੀ ਮੈਡਲ ਪ੍ਰਾਪਤ ਕਰਨ ਵਾਲੀ ਪਿੰਡ ਬੂਟਾ ਸਿੰਘ ਵਾਲਾ ਦੀ ਖਿਡਾਰਨ ਹਰਮਨਜੋਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਝ ਹੀ ਬੈਲਟ ਰੈਸਲਿੰਗ ਖੇਡ ਦੇ ਵਿੱਚ ਨੈਸ਼ਨਲ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀ ਪਰਮਵੀਰ ਸਿੰਘ, ਗੁਰਜੋਤ ਸਿੰਘ, ਲਵਪ੍ਰੀਤ ਸਿੰਘ ਅਤੇ ਪੰਜਾਬ ਪੱਧਰ ’ਤੇ ਮੈਡਲ ਜਿੱਤਣ ਵਾਲੇ ਅਤੇ ਖੇਡਣ ਵਾਲੇ ਵਿਦਿਆਰਥੀਆਂ ਅਤੇ ਫਿਜ਼ੀਕਲ ਲੈਕਚਰਾਰ ਪ੍ਰਸ਼ੋਤਮ ਸੰਧੂ ਨੂੰ ਸਕੂਲ ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਸਨਮਾਨਿਤ ਕੀਤਾ।
ਇਸ ਦੌਰਾਨ ਪਿਛਲੇ ਸੈਸ਼ਨ ਦੌਰਾਨ 100 ਫੀਸਦੀ ਨਤੀਜਾ ਦੇਣ ਵਾਲੇ ਸਕੂਲ ਦੇ ਲੈਕਚਰਾਰਾਂ, ਵੋਕੇਸ਼ਨਲ ਮਾਸਟਰ ਅਤੇ ਮਿਸਟ੍ਰੈੱਸ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਵੱਲੋਂ ਮੈਗਜ਼ੀਨ ਦੇ ਸੰਪਾਦਕ ਸੁਰਜੀਤ ਕੌਰ ਵੱਲੋਂ ਤਿਆਰ ਕੀਤੇ ਗਏ ਮੈਗਜ਼ੀਨ ‘ਚਾਨਣ ਰਿਸ਼ਮਾਂ’ ਦੀ ਘੁੰਢ ਚੁਕਾਈ ਦੀ ਰਸਮ ਨਿਭਾਈ। ਜਿਸ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣੀਆ ਰਚਨਾਵਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਤੋਂ ਪਹਿਲਾਂ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਕੂਲ ਪ੍ਰਿੰਸੀਪਲ ਨੇ ਦੀਪ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅਖੀਰ ਵਿੱਚ ਲੈਕਚਰਾਰ ਪੂਜਾ ਚੌਧਰੀ ਦੀ ਅਗਵਾਈ ਹੇਠ ਤਿਆਰ ਗਿੱਧੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…