ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੀ ਗਲਤੀ ਕਾਰਨ ਭਵਿੱਖ ਖਤਰੇ ਵਿੱਚ ਹੋਣ ਦਾ ਲਾਇਆ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਫਰਵਰੀ:
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਥਿਤ ਗਲਤੀ ਦਾ ਖ਼ਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਮੁਨੀਸ਼ ਕੁਮਾਰ, ਪ੍ਰਿਯੰਕਾ, ਦਿਕਸ਼ਾ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਨਾਲ ਲਗਭਗ 70 ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਲ 2013-14 ਅਤੇ 2014-15 ਵਿੱਚ ਲਗਭਗ 70 ਵਿਦਿਆਰਥੀਆਂ ਨੇ ਬੀਐਡ ਅਤੇ ਐਮਐਡ (ਸਪੈਸ਼ਲ ਐਜੂਕੇਸ਼ਨ ਇਨ ਲਰਨਿੰਗ ਡਿਸੈਬਿਲਿਟੀ) ਕੀਤੀ ਸੀ। ਇਸ ਦੇ ਲਈ ਪੰਜਾਬ ਯੂਨੀਵਰਸਿਟੀ ਕੋਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਫੈਕਲਟੀ ਨਹੀਂ ਸੀ। ਇਸ ਕਾਰਣ ਦੂਸਰੀ ਬਰਾਬਰ ਤਜ਼ੁਰਬੇ ਵਾਲੀ ਫੈਕਲਟੀ ਤੋਂ ਪੜ੍ਹਾਈ ਕਰਵਾਈ ਗਈ। ਇਸ ਦੇ ਚੱਲਦੇ ਵਿਦਿਆਰਥੀਆਂ ਨੂੰ ਰੀਹੈਬਲੀਟੇਸ਼ਨ ਕਾਉਂਸਿਲ ਆਫ ਇੰਡੀਆ (ਆਰਸੀਆਈ) ਵੱਲੋਂ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਕਾਰਣ ਵਿਦਿਆਰਥੀਆਂ ਨੂੰ ਨੌਕਰੀ ਤੱਕ ਨਹੀਂ ਮਿਲ ਰਹੀ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਧਰ ਆਰਟੀਆਈ ਵਿੱਚ ਆਰਸੀਆਈ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ 1 ਲੱਖ ਰੁਪਏ ਪ੍ਰਤੀ ਸੈਸ਼ਨ (ਕੁੱਲ 4 ਲੱਖ ਰੁਪਏ) ਜ਼ੁਰਮਾਨਾ ਕਰ ਦਿੱਤਾ ਹੈ। ਹਾਲਾਂਕਿ ਇਸ ਨਾਲ ਬੱਚਿਆਂ ਦੇ ਭਵਿੱਖ ਦੇ ਬਾਰੇ ਨਾ ਤਾਂ ਆਰਸੀਆਈ ਸੋਚ ਰਹੀ ਹੈ ਅਤੇ ਨਾ ਹੀ ਕੋਰਸ ਲਈ ਭਾਰੀ ਫੀਸਾਂ ਵਸੂਲਨ ਵਾਲੀ ਪੰਜਾਬ ਯੂਨੀਵਰਸਿਟੀ ਕੋਈ ਕਦਮ ਚੁੱਕ ਰਹੀ ਹੈ। ਹਾਲਾਂਕਿ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕਈ ਵਾਰ ਪੱਤਰ ਲਿਖ ਕੇ ਵੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਸੀ। ਇਸਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਵੀ ਸਮੱਸਿਆ ਦਾ ਹਲ ਕੀਤਾ ਜਾ ਰਿਹਾ ਹੈ।
ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਕੋਰਸ ਦੌਰਾਨ ਕਈ ਵਾਰ ਆਰਸੀਆਈ ਦੀ ਟੀਮ ਨੇ ਵਿਜ਼ਿਟ ਕੀਤਾ ਸੀ। ਉਸ ਸਮੇਂ ਵਿਦਿਆਰਥੀਆਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਯੂਨੀਵਰਸਿਟੀ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਕੋਰਸ ਜਾਰੀ ਰੱਖਣ ਜਾਂ ਬੰਦ ਕਰਨ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਦੋਂਕਿ ਵਿਜ਼ਿਟ ਦੌਰਾਨ ਹੀ ਉਨ੍ਹਾਂ ਨੇ ਫੈਕਲਟੀ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕੀਤੀ ਸੀ। ਅਜਿਹੇ ਵਿੱਚ ਲਗਾਤਾਰ ਦੋ ਸੈਸ਼ਨ ਬੀਤ ਜਾਣ ਦੇ ਬਾਦ ਅਤੇ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਭਵਿੱਖ ਵਿੱਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਰਜਿਸਟਰੇਸ਼ਨ ਸਰਟੀਫਿਕੇਟ ਨਾ ਹੋਣ ਕਾਰਣ ਵਿਦਿਆਰਥੀ ਰੁਜਗਾਰ ਪ੍ਰਾਪਤ ਨਹੀਂ ਕਰ ਪਾ ਰਹੇ ਅਤੇ ਅਪਲਾਈ ਵੀ ਨਹੀਂ ਕਰ ਪਾ ਰਹੇ। ਹਾਲਾਂਕਿ ਇਸ ਦੌਰਾਨ ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਚੰਡੀਗੜ੍ਹ ਤੇ ਹੋਰ ਰਾਜਾਂ ਵਿੱਚ ਵੀ ਹਾਲ ਹੀ ਵਿੱਚ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਸਨ। ਪ੍ਰੰਤੂ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਅਪਲਾਈ ਹੀ ਨਹੀਂ ਕਰ ਸਕੇ। ਇਸੇ ਤਰ੍ਹਾਂ ਉਨ੍ਹਾਂ ਨੂੰ ਪ੍ਰਾਈਵੇਟ ਨੌਕਰੀ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਕਾਰਣ ਲਗਭਗ ਸਾਰੇ ਵਿਦਿਆਰਥੀ ਬੇਰੁਜ਼ਗਾਰੀ ਦਾ ਸਾਹਮਣਾ ਕਰਨ ਨੂੰ ਮਜ਼ਬੂਰ ਹਨ।
ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਆਰਸੀਆਈ ਨੇ ਯੂਨੀਵਰਸਿਟੀ ਨੂੰ ਜ਼ੁਰਮਾਨਾ ਹੀ ਲਗਾਉਣਾ ਹੈ ਤਾਂ ਵਿਦਿਆਰਥੀਆਂ ਨੂੰ ਪੂਰੀ ਉਮਰ ਦੇ ਲਈ ਰੁਜ਼ਗਾਰ ਜਾਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ ਖਰਚਾ ਜ਼ੁਰਮਾਨਾ ਕੀਤਾ ਜਾਵੇ ਜਾਂ ਆਰਸੀਆਈ ਵੱਲੋਂ ਸਾਨੂੰ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇੰਸਾਫ ਨਾ ਮਿਲਿਆ ਤਾਂ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਣਗੇ। ਇਸ ਮੌਕੇ ਕਮਲ, ਸ਼ਿਵ ਕੁਮਾਰ, ਬਿਸ਼ੰਬਰ, ਤਜਿੰਦਰ ਕੌਰ, ਹਰਪ੍ਰੀਤ, ਮੇਧਾ, ਮਹਿਕ, ਸਮਰਿਤੀ, ਰਾਜਬੀਰ, ਕਰਮਜੀਤ, ਨਰੇਸ਼, ਉਪਨੀਤ, ਸਤਪਾਲ, ਹਰੀਸ਼ ਕੁਮਾਰ, ਲਖਨ, ਵਰੁਣ, ਸੰਜੈ, ਪੈਰੀ ਤੇ ਗੁਰਮੀਤ ਸਿੰਘ ਮੌਜੂਦ ਸਨ। ਇਸ ਸਬੰਧੀ ਯੂਨੀਵਰਸਿਟੀ ਦੇ ਵੀ ਸੀ ਨਾਲ ਸੰਪਰਕ ਕਾਇਮ ਕਰਨ ਦਾ ਯਤਨ ਕੀਤਾ ਪਰ ਸੰਪਰਕ ਕਾਇਮ ਨਹੀਂ ਹੋ ਸਕਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…