Nabaz-e-punjab.com

ਸ਼ਾਸਤਰੀ ਮਾਡਲ ਸਕੂਲ ਵਿੱਚ ਵੋਟਾਂ ਬਾਰੇ ਜਾਣਕਾਰੀ ਦੇਣ ਲਈ ਵਿਦਿਆਰਥੀਆਂ ਦੀਆਂ ਚੋਣਾਂ ਕਰਵਾਈਆਂ

ਵਿਦਿਆਰਥੀਆਂ ਦੇ ਚਾਰ ਹਾਊਸ ਬਣਾਏ ਗਏ ਅਤੇ ਚੋਣ ਨਿਸ਼ਾਨ ਅਲਾਟ ਕਰ ਕੇ ਵੋਟਾਂ ਪਾਈਆਂ ਗਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਇੱਥੋਂ ਦੇ ਸ਼ਾਸਤਰੀ ਮਾਡਲ ਸਕੂਲ ਫੇਜ਼-1 ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਕੂਲੀ ਬੱਚਿਆਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਸਕੂਲ ਦੇ ਵਿਹੜੇ ਵਿੱਚ ਪੋਲਿੰਗ ਬੂਥ ਬਣਾ ਕੇ ਵਿਦਿਆਰਥੀਆਂ ਨੇ ਆਪੋ-ਆਪਣੇ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਦੀ ਚੋਣ ਲਈ ਵੋਟਾਂ ਪਾਈਆਂ। ਮਤਦਾਨ ਕਰਨ ਦਾ ਹੱਕ ਭਾਵੇਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੁੰਦਾ ਹੈ, ਪਰ ਇਸ ਗਤੀਵਿਧੀ ਦਾ ਮੰਤਵ ਵਿਦਿਆਰਥੀਆਂ ਨੂੰ ਪ੍ਰਯੋਗੀ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਸੀ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀ ਇਸ ਦਿਨ ਲਈ ਦੋ ਹਫ਼ਤੇ ਤੋਂ ਤਿਆਰੀਆਂ ਕਰ ਰਹੇ ਸਨ। ਵਿਦਿਆਰਥੀਆਂ ਵਿੱਚ ਮਤਦਾਨ ਲਈ ਬੜਾ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਸਾਰੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ (ਟੈਗੋਰ ਹਾਊਸ, ਆਜ਼ਾਦ ਹਾਊਸ, ਸ਼ਾਸਤਰੀ ਹਾਊਸ ਅਤੇ ਕਲਾਮ ਹਾਊਸ) ਵਿੱਚ ਵੰਡਿਆ ਗਿਆ। ਜਿਸ ਰਾਹੀਂ ਉਹ ਖੇਡਾਂ/ਨਾਟਕ/ਕਵਿਤਾਵਾਂ/ ਨਾਚ/ਭਾਸ਼ਣ/ਪੋਸਟਰ ਮੁਕਾਬਲੇ ਅਤੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਵਿੱਚ ਵਾਰੋ-ਵਾਰੀ ਡਿਊਟੀਆਂ ਦਿੰਦੇ ਹਨ।
ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਆਪੋ-ਆਪਣੇ ਹਾਊਸ ਵਿੱਚ ਪੰਜ-ਪੰਜ ਬੱਚੇ ਉਮੀਦਵਾਰ ਵਜੋਂ ਚੁਣੇ। ਜਿਨ੍ਹਾਂ ਨੂੰ ਵੱਖ-ਵੱਖ ਚੋਣ ਨਿਸ਼ਾਨ ਵੀ ਦਿੱਤੇ ਗਏ। ਵਿਦਿਆਰਥੀਆਂ ਨੇ ਵੱਖ-ਵੱਖ ਢੰਗ ਨਾਲ ਚੋਣ ਪ੍ਰਚਾਰ ਰਾਹੀਂ ਬਾਕੀ ਵਿਦਿਆਰਥੀਆਂ ਨੂੰ ਆਪਣੇ ਚੋਣ ਨਿਸ਼ਾਨ ’ਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਲਈ ਕੁੱਝ ਚੰਗਾ ਕਰ ਦਿਖਾਉਣ ਲਈ ਆਪੋ-ਆਪਣੇ ਵਿਚਾਰ ਵੀ ਪੇਸ਼ ਕੀਤੇ। ਹਰੇਕ ਜਮਾਤ ਦੇ ਵਿਦਿਆਰਥੀ ਨੇ ਬੈਲਟ ਪੇਪਰ ’ਤੇ ਆਪਣੇ ਵੱਲੋਂ ਚੁਣੇ ਉਮੀਦਵਾਰ ਦੇ ਚੋਣ ਨਿਸ਼ਾਨ ’ਤੇ ਮੋਹਰ ਲਗਾ ਕੇ ਉਸ ਨੂੰ ਬਾਕਸੇ ਵਿੱਚ ਪਾਇਆ। ਵੋਟ ਪਾਉਣ ਵਾਲੇ ਵਿਦਿਆਰਥੀ ਦੀ ਉੱਗਲੀ ’ਤੇ ਸਿਆਹੀ ਵੀ ਲਗਾਈ ਗਈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪੱਖਾਂ ਤੋਂ ਚੋਣ ਪ੍ਰਕਿਰਿਆ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਅਜੇ ਉਮਰ ਵਿੱਚ ਛੋਟੇ ਹਨ ਪਰ ਮਤਦਾਨ ’ਤੇ ਸਾਡਾ ਸਾਰਿਆਂ ਦਾ ਬਰਾਬਰ ਦਾ ਹੱਕ ਹੈ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਤੋਂ ਬਾਅਦ ਜਦੋਂ ਉਹ ਆਪਣੀ ਵੋਟ ਪਾਉਣ ਤਾਂ ਹਮੇਸ਼ਾ ਦੇਸ਼ ਤੇ ਪੰਜਾਬ ਦੀ ਤਰੱਕੀ ਅਤੇ ਸਮਾਜ ਦੇ ਕਲਿਆਣ ਦੀ ਭਾਵਨਾ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਉਹ ਆਪਣੇ ਮਾਪਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਵੋਟ ਪਾਉਣ ਲਈ ਅਪੀਲ ਕਰਨ ਤਾਂ ਜੋ ਨਿਰਣਾਇਕ ਅਤੇ ਨਿਰਪੱਖ ਸਰਕਾਰ ਚੁਣੀ ਜਾ ਸਕੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…