nabaz-e-punjab.com

ਆਈਟੀਆਈਜ ਤੇ ਇੰਜੀਨੀਅਰ ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਕਾਰੀਆਂ ਨੂੰ ਰੁੱਖਾਂ ਦੀ ਸੰਭਾਲ ਕਰਨ ਦਾ ਸੱਦਾ

ਸਾਧੂ ਸਿੰਘ ਧਰਮਸੋਤ ਵੱਲੋਂ ਮੁਹਿੰਮ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਜੂਨ:
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ‘ਹਰ ਵਿਦਿਆਰਥੀ ਤੇ ਅਧਿਆਪਕ ਪਾਲੇ ਇੱਕ ਰੁੱਖ’ ਮੁਹਿੰਮ ਦਾ ਆਗਾਜ਼ ਕਰਦਿਆਂ ਐਲਾਨ ਕੀਤਾ ਕਿ ਸੂਬੇ ਦੇ ਸਾਰੀਆਂ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਨਾ ਸਿਰਫ ਬੂਟੇ ਲਾਉਣਗੇ ਬਲਕਿ ਇੰਨਾ ਨੂੰ ਪਾਲ ਕੇ ਰੁੱਖ ਬਣਾਉਣ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।
ਅੱਜ ਪੰਜਾਬ ਸਕੱਤਰੇਤ ਵਿਖੇ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨਾਲ ਮੀਟਿੰਗ ਦੌਰਾਨ ਸ੍ਰੀ ਚੰਨੀ ਨੇ ਦੱਸਿਆ ਕਿ ਜੰਗਲਾਤ ਮਹਿਕਮੇ ਦੀ ਮਦਦ ਨਾਲ ਚਲਾਈ ਜਾਣ ਵਾਲੀ ਇਸ ਮੁਹਿੰਮ ਦਾ ਮੁੱਖ ਮਕਸਦ ਵੱਧ-ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਯਕੀਨੀ ਬਨਾਉਣਾ ਹੈ ਤਾਂ ਜੋ ਇਹ ਰੁੱਖ ਬਣ ਕੇ ਵਾਤਾਵਰਣ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਦੇ ਸਾਰੇ ਸਰਕਾਰੀ ਅਤੇ ਨਿੱਜੀ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਨੂੰ ਲਿਖਿਆ ਜਾ ਚੁੱਕਾ ਹੈ ਅਤੇ ਉਹ ਨਿੱਜੀ ਤੌਰ ’ਤੇ ਇਸ ਮੁਹਿੰਮ ਦੀ ਕਾਮਯਾਬੀ ਲਈ ਹਰ ਸੰਭਵ ਯਤਨ ਕਰਨਗੇ।
ਸ੍ਰੀ ਚੰਨੀ ਨੇ ਕਿਹਾ ਕਿ ਆਮ ਤੌਰ ’ਤੇ ਦੇਖਣ ਵਿੱਚ ਆਇਆ ਹੈ ਕਿ ਬੂਟੇ ਤਾਂ ਲਗਾ ਦਿੱਤੇ ਜਾਂਦੇ ਹਨ ਪਰ ਸਾਂਭ-ਸੰਭਾਲ ਨਾ ਹੋਣ ਕਾਰਨ ਉਹ ਜਲਦੀ ਹੀ ਸੁੱਕ-ਸੜ ਜਾਂਦੇ ਹਨ ਜਿਸ ਸਿਰਫ ਨਾਲ ਸਮਾਂ, ਬੂਟਿਆਂ ਅਤੇ ਸਾਧਨਾਂ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਇੰਨ੍ਹਾਂ ਬੂਟਿਆਂ ਨੂੰ ਗੋਦ ਲੈ ਕੇ ਇੰਨ੍ਹਾਂ ਦੀ ਸਾਂਭ-ਸੰਭਾਲ ਯਕੀਨੀ ਬਨਾਉਣਗੇ।
ਮੀਟਿੰਗ ਦੌਰਾਨ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ‘ਹਰ ਵਿਦਿਆਰਥੀ ਤੇ ਅਧਿਆਪਕ ਪਾਲੇ ਇੱਕ ਰੁੱਖ’ ਮੁਹਿੰਮ ਤਹਿਤ ਲੋੜੀਂਦੇ ਰੁੱਖਾਂ ਦੇ ਬੂਟੇ ਜੰਗਲਾਤ ਮਹਿਕਮੇ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦਾ ਸਰਵੇਖਣ ਇੱਕ ਹਫਤੇ ਅੰਦਰ ਕਰਵਾ ਲਿਆ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਆਈ.ਟੀ.ਆਈਜ਼, ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਕੋਲ ਖਾਲੀ ਪਏ ਵੱਧ ਤੋਂ ਵੱਧ ਥਾਵਾਂ ’ਤੇ ਰੁੱਖ ਲਗਾਏ ਜਾਣ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜੰਗਲਾਤ ਮਹਿਕਮੇ ਵੱਲੋਂ ਇਸ ਮੁਹਿੰਮ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…