nabaz-e-punjab.com

ਡੀਏਵੀ ਕਾਲਜ ਬੰਦ ਕਰਨ ਦੇ ਮਾਮਲੇ ਨੂੰ ਲੈ ਕੇ ਵਿਦਿਆਰਥਣਾਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਮੁਜ਼ਾਹਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਅਗਸਤ:
ਇੱਥੋਂ ਦੇ ਬਲਵੰਤ ਰਾਏ ਡੀਏਵੀ ਕਾਲਜ (ਲੜਕੀਆਂ) ਨੂੰ ਪ੍ਰਬੰਧਕਾਂ ਵੱਲੋਂ ਅਚਾਨਕ ਬੰਦ ਕੀਤੇ ਜਾਣ ਕਾਰਨ ਕਾਲਜ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਲਜ ਬੰਦ ਕਰਨ ਨੂੰ ਲੈ ਕੇ ਰੋਹ ਵਿਚ ਆਏ ਮਾਪਿਆਂ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਾਲਜ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ, ਪ੍ਰਦੀਪ ਕੌਰ, ਪਵਨਦੀਪ ਕੌਰ, ਸ਼ਬਨਮ, ਲਵਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਅਨੀਤਾ ਰਾਠੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਕਾਲਜ ‘ਚ ਬੀ. ਏ. ਤੇ ਬੀ. ਕਾਮ ਦੀ ਪੜ੍ਹਾਈ ਲਈ ਦਾਖ਼ਲਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਕਾਲਜ ਪ੍ਰਬੰਧਕਾਂ ਵੱਲੋਂ ਦਾਖ਼ਲਾ ਦੇਣ ਸਮੇਂ ਉਨ੍ਹਾਂ ਨੂੰ ਕਾਲਜ ਬੰਦ ਕਰਨ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਗੋਂ ਕਈ ਮਹੀਨਿਆਂ ਦੀ ਫੀਸ ਵੀ ਇਕੱਠੀ ਹੀ ਲੈ ਲਈ ਗਈ। ਵਿਦਿਆਰਥਣਾਂ ਨੇ ਦੱਸਿਆ ਕਿ ਕੁਝ ਸਮਾਂ ਕਾਲਜ ਆਮ ਵਾਂਗ ਲਗਾਉਣ ਉਪਰੰਤ ਕਾਲਜ ਪ੍ਰਬੰਧਕ ਕਮੇਟੀ ਨੇ ਅਚਾਨਕ ਹੀ ਕਾਲਜ ਦੇ ਅਧਿਆਪਕਾਂ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਹੈ। ਵਿਦਿਆਰਥਣਾਂ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵੱਲੋਂ ਕਾਲਜ ਕੰਪਲੈਕਸ ‘ਚ ਹੀ ਹੋਰ ਪ੍ਰੋਫੈਸ਼ਨਲ ਸੰਸਥਾਵਾਂ ਜਿਨ੍ਹਾਂ ਵਿਚ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਚਲਾਏ ਜਾ ਰਹੇ ਹਨ, ਜਦਕਿ ਕਾਲਜ ਨੂੰ ਬੰਦ ਕੀਤਾ ਜਾ ਰਿਹਾ ਹੈ। ਵਿਦਿਆਰਥਣਾਂ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੀ ਬੀ. ਏ. ਤੇ ਬੀ. ਕਾਮ ਦੀ ਪੜ੍ਹਾਈ ਠੱਪ ਹੋ ਗਈ ਹੈ ਤੇ ਉਨ੍ਹਾਂ ਦਾ ਭਵਿੱਖ ਹਨ੍ਹੇਰੇ ‘ਚ ਪਿਆ ਜਾਪਦਾ ਹੈ। ਵਿਦਿਆਰਥਣਾਂ ਨੇ ਇਸ ਮਾਮਲੇ ਵਿੱਚ ਪੰਜਾਬ ਯੂਨੀਵਰਸਿਟੀ, ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਉਨ੍ਹਾਂ ਦੀ ਪੜ੍ਹਾਈ ਦਾ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਰਾਹੀਂ ਹੀ ਕਰਵਾਏ ਜਾਣ ਦੀ ਮੰਗ ਕੀਤੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਸ਼ੀਲ ਕੌਸ਼ਲ ਨੇ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੂੰ ਹਾਲ ਦੀ ਘੜੀ ਚਕਵਾਲ ਸਕੂਲ ‘ਚ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਦਿਆਰਥਣਾਂ ਦੀ ਗਿਣਤੀ ਘੱਟ ਰਹਿਣ ਦੀ ਸੂਰਤ ਵਿਚ ਇਸ ਨੂੰ ਬੰਦ ਕਰਨ ਸਬੰਧੀ ਵਿਦਿਆਰਥਣਾਂ ਨੂੰ ਦਾਖ਼ਲੇ ਵੇਲੇ ਹੀ ਸੁਚੇਤ ਕੀਤਾ ਗਿਆ ਸੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥਣਾਂ ਦੀ ਫੀਸ ਮੋੜਨ ਦੀ ਵੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਸੁਸ਼ੀਲ ਕੌਸ਼ਲ ਨੇ ਕਿਹਾ ਕਿ ਇਸੇ ਸਬੰਧ ਵਿਚ ਕਾਲਜ ਪ੍ਰਬੰਧਕ ਕਮੇਟੀ ਦੀ ਮੀਟਿੰਗ ਵੀ ਕੀਤੀ ਜਾ ਰਹੀ ਹੈ। ਜਿਸ ਵਿੱਚ ਇਸ ਮਾਮਲੇ ਸਬੰਧੀ ਅੰਤਿਮ ਫ਼ੈਸਲਾ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…