ਵਿਦਿਆਰਥੀਆਂ ਨੂੰ ਪ੍ਰਮੁੱਖ ਸੰਸਥਾਵਾਂ ਵਿੱਚ ਪ੍ਰਵੇਸ਼ ਲਈ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਨ ’ਤੇ ਜ਼ੋਰ
ਸਕੂਲੀ ਵਿਦਿਆਰਥੀਆਂ ਵਿੱਚ ਸਾਇੰਸ ਸਿੱਖਣ ਲਈ ਉਤਸ਼ਾਹ ਕਰਨ ਲਈ ਆਈਸਰ ਤੋਂ ਮਦਦ ਦੀ ਮੰਗ
ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਨੇ ਸਾਇੰਸ ਫੈਸਟ ਦੇਖਿਆ
ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ:
ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਵਿੱਖ ਦੇ ਵਿਗਿਆਨੀ ਅਤੇ ਖੋਜੀ ਬਣਨ ਲਈ ਪ੍ਰੇਰਿਆ। ਉਹ ਇੱਥੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਵਿਖੇ ਦੋ ਰੋਜ਼ਾ ਸਾਇੰਸ ਫੈਸਟ ਤਤਵਾ ਦਾ ਉਦਘਾਟਨ ਕਰਨ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ’ਤੇ ਧਿਆਨ ਦੇ ਕੇ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਆਈਆਈਐਸਈਆਰ, ਆਈਆਈਟੀ ਅਤੇ ਆਈਆਈਐਮ ਵਿੱਚ ਦਾਖ਼ਲਾ ਲੈਣ ਲਈ ਤਿਆਰੀ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ ਅਤੇ ਇਨ੍ਹਾਂ ਵਰਤਾਰਿਆਂ ਨਾਲ ਸਬੰਧਤ ਵਿਗਿਆਨ ਨੂੰ ਦੇਖਣਾ ਚਾਹੀਦਾ ਹੈ। ਇਹ ਦਿਲਚਸਪੀ ਵਿਗਿਆਨ ਸਿੱਖਣ ਲਈ ਮੋਹ ਪੈਦਾ ਕਰੇਗੀ।
ਪਹੀਏ ਅਤੇ ਅੱਗ ਦੀ ਕਾਢ ਤੋਂ ਲੈ ਕੇ ਮੋਬਾਈਲ ਫੋਨ ਦੇ ਯੁੱਗ ਅਤੇ ਹਾਈ ਸਪੀਡ ਟਰੇਨਾਂ, ਹਵਾਈ ਜਹਾਜ਼, ਮੈਡੀਕਲ ਸਾਇੰਸਜ਼ ਵਿੱਚ ਤਰੱਕੀ ਅਤੇ ਹੁਣ ਚੈਟ ਜੀਪੀਟੀ ਅਤੇ ਹੋਰ ਏਆਈ ਟੂਲਜ਼ ਦੀ ਕਾਢ ਤੋਂ ਮਨੁੱਖਜਾਤੀ ਵਿੱਚ ਆਏ ਬਦਲਾਅ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਭ ਕੁਝ ਹਰ ਘਟਨਾ ਦੇ ਪਿੱਛੇ ਕਾਰਨ ਜਾਣਨ ਦੀ ਉਤਸੁਕਤਾ ਕਾਰਨ ਸੰਭਵ ਹੋਇਆ ਹੈ। ਲਿਹਾਜ਼ਾ ਸਾਨੂੰ ਇਨ੍ਹਾਂ ਵਿਗਿਆਨੀਆਂ ਨੂੰ ਆਪਣੇ ਆਦਰਸ਼ ਅਤੇ ਲਾਇਬ੍ਰੇਰੀਆਂ ਵਿਚਲੀਆਂ ਕਿਤਾਬਾਂ ਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ ਹੈ ਤਾਂ ਜੋ ਕੌਮ ਦੀ ਸੇਵਾ ਲਈ ਰਾਹ ਪੱਧਰਾ ਕਰਨ ਲਈ
ਆਪਣੇ ਜੀਵਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਮਰਹੂਮ ਅਬਦੁਲ ਕਲਾਮ ਦੀ ਉਦਾਹਰਨ ਦਿੱਤੀ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅੌਕੜਾਂ ਦੇ ਬਾਵਜੂਦ ਸਿੱਖਣ ਦੀ ਇੱਛਾ ਅਤੇ ਪੜ੍ਹਾਈ ਦੇ ਮਾਰਗ ਰਾਹੀਂ ਉੱਚਾ ਅਹੁਦਾ ਹਾਸਲ ਕੀਤਾ।
ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੁਨਿਆਦੀ ਢਾਂਚੇ ਅਤੇ ਮਿਆਰੀ ਸਿੱਖਿਆ ਬਾਬਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਇਸ ਲਈ ਉਨ੍ਹਾਂ ਨੂੰ ਰਾਸ਼ਟਰ ਦੇ ਭਵਿੱਖ ਦੇ ਵਿਗਿਆਨੀ ਬਣਨ ਲਈ ਆਈਆਈਟੀ, ਆਈਆਈਐਮ ਅਤੇ ਆਈਆਈਐਸਈਆਰ ਵਰਗੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਪ੍ਰਵੇਸ਼ ਲਈ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਆਈਸਰ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਤ੍ਰਿਪਾਠੀ ਨੂੰ ਪੇਂਡੂ ਵਿਦਿਆਰਥੀਆਂ ਨੂੰ ਸਾਇੰਸ ਦੀ ਪੜ੍ਹਾਈ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਦੀ ਪੇਂਡੂ ਪੱਟੀ ਵਿੱਚ ਆਈਸਰ ਦਾ ਇੱਕ ਇੰਸਟੀਚਿਊਟ (ਪਸਾਰ/ਆਊਟਰੀਚ) ਕੈਂਪਸ ਸਥਾਪਿਤ ਕਰਨ ’ਤੇ ਜ਼ੋਰ ਦਿੱਤਾ। ਇਸ ਸਬੰਧੀ ਸਰਕਾਰ ਸਾਈਟ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਦਾ ਸਵਾਗਤ ਕਰਦਿਆਂ ਆਈਸਰ ਦੇ ਡਾਇਰੈਕਟਰ ਡਾ. ਅਨਿਲ ਤ੍ਰਿਪਾਠੀ ਨੇ ਉਨ੍ਹਾਂ ਦੇ ਪ੍ਰਸਤਾਵ ਬਾਰੇ ਹਾਂ-ਪੱਖੀ ਵਿਚਾਰ ਕਰਕੇ ਪੰਜਾਬ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ, ਦੇਹਰਾਦੂਨ ਦੇ ਸਾਬਕਾ ਡਾਇਰੈਕਟਰ ਡਾ. ਅੰਜਨ ਰੇਅ, ਡਾ. ਜਗਦੀਪ ਸਿੰਘ, ਰਜਿਸਟਰਾਰ ਡਾ. ਅਮਿਤ, ਡੀਨ ਆਊਟਰੀਚ ਅਤੇ ਅੰਤਰਰਾਸ਼ਟਰੀ ਸਬੰਧਾਂ ਦੀ ਮੌਜੂਦਗੀ ਵਿੱਚ ਸਾਇੰਸ ਮੈਗਜ਼ੀਨ ਵੀ ਜਾਰੀ ਕੀਤਾ।