
ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੀ ਸਬ ਕਮੇਟੀ ਦਾ ਗਠਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ
ਗੁਰਦੁਆਰਾ ਤਾਲਮੇਲ ਕਮੇਟੀ ਐਸ ਏ ਐਸ ਨਗਰ ਦੀ ਇੱਕ ਮੀਟਿੰਗ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਦੀ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਮੈਂਬਰ ਜੋਗਿੰਦਰ ਸਿੰਘ ਸੋਂਧੀ ਪ੍ਰਧਾਨ ਤਾਲਮੇਲ ਕਮੇਟੀ, ਬਲਵਿੰਦਰ ਸਿੰਘ ਟੌਹੜਾ ਜਨਰਲ ਸਕੱਤਰ ਗੁਰਦੁਆਰਾ ਤਾਲਮੇਲ ਕਮੇਟੀ, ਅਮਰਜੀਤ ਸਿੰਘ ਪਾਹਵਾ ਪ੍ਰਧਾਨ ਗੁਰਦੁਆਰਾ ਸਾਹਿਬ ਫੇਜ਼-4, ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਹਿਬ ਫੇਜ਼-3ਬੀ1, ਕਰਮ ਸਿੰਘ ਭੰਵਰਾ ਜਨਰਲ ਸਕੱਤਰ ਲੋਕ ਕਲਿਆਣ ਕੇਂਦਰ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਸੁਸਾਇਟੀ, ਬਲਵਿੰਦਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਸਾਹਿਬ ਫੇਜ਼-10 ਲਏ ਗਏ ਹਨ। ਉਹਨਾਂ ਦੱਸਿਆ ਕਿ 25 ਜੁਲਾਈ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋੱ ਆਰੰਭ ਕੀਤੀ ਧਰਮ ਪ੍ਰਚਾਰ ਲਹਿਰ ਦਾ ਦੂਜਾ ਪੜਾਅ ਸ਼ੁਰੂ ਹੋਣਾ ਹੈ, ਜਿਸ ਦੇ ਮੱਦੇਨਜਰ ਇਹ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵੱਧ ਤੋੱ ਵੱਧ ਹੋ ਸਕੇ।