ਕਿਸਾਨਾਂ ਲਈ ਰਾਹ ਦਸੇਰਾ ਬਣਿਆ ਸਫ਼ਲ ਮੱਛੀ ਪਾਲਕ ਰਾਜ ਕੁਮਾਰ

12 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਰ ਰਿਹਾ ਹੈ ਮੱਛੀ ਪਾਲਣ ਦਾ ਧੰਦਾ, ਸਾਲਾਨਾ ਕਮਾ ਰਿਹਾ ਹੈ 15 ਲੱਖ ਰੁਪਏ ਦਾ ਮੁਨਾਫਾ

ਕਿਸਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਇੱਕੋਂ ਦੇ ਨੇੜਲੇ ਪਿੰਡ ਤੰਗੌਰੀ ਦੇ ਸਫ਼ਲ ਮੱਛੀ ਪਾਲਕ ਰਾਜ ਕੁਮਾਰ ਵਿੱਤੀ ਸੰਕਟ ਨਾਲ ਜੂਝ ਰਹੇ ਸੂਬੇ ਦੇ ਕਿਸਾਨਾਂ ਲਈ ਰਾਹ ਦਸੇਰਾ ਸਿੱਧ ਹੋ ਰਿਹਾ ਹੈ। ਸੰਨ 2001 ਵਿੱਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਵਾਲਾ ਰਾਜ ਕੁਮਾਰ ਇਸ ਵੇਲੇ 12 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ, ਜਿਸ ਵਿੱਚੋਂ ਉਸ ਨੂੰ ਸਾਰੇ ਖ਼ਰਚੇ ਕੱਢ ਕੇ ਸਾਲਾਨਾ 15 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮੱਛੀ ਪਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਗਾ ਪਾਸੋਂ ਇਸ ਧੰਦੇ ਦੀ ਸਿਖਲਾਈ ਲੈ ਕੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਇਸ ਵੇਲੇ ਉਹ ਮੱਛੀ ਫਾਰਮਾਂ ਵਿੱਚ 5 ਕਿਸਮ ਦੀਆਂ ਮੱਛੀਆਂ ਪਾਲ ਰਿਹਾ ਹੈ। ਜਿਨ੍ਹਾਂ ਵਿੱਚ ਰੋਹੋ, ਕਤਲਾ, ਗੋਲਡਨ ਫਿਸ਼, ਮੁਰਾਖ਼ ਅਤੇ ਗਰਾਸ ਕਾਰਪ ਸ਼ਾਮਲ ਹਨ। ਉਸ ਨੇ ਦੱਸਿਆ ਕਿ ਪ੍ਰਤੀ ਏਕੜ 22-25 ਕੁਇੰਟਲ ਮੱਛੀ ਨਿਕਲਦੀ ਹੈ, ਜੋ ਕਿ ਅੌਸਤਨ 100 ਰੁਪਏ ਕਿੱਲੋ ਵਿਕਦੀ ਹੈ। ਇਸ ਤਰ੍ਹਾਂ ਉਸ ਦੀ ਕੁੱਲ ਆਮਦਨ 2.5 ਲੱਖ ਰੁਪਏ ਪ੍ਰਤੀ ਏਕੜ ਹੁੰਦੀ ਹੈ ਅਤੇ ਠੇਕੇ ’ਤੇ ਜ਼ਮੀਨ ਲੈਣ ਸਮੇਤ ਸਾਰੇ ਖ਼ਰਚੇ ਕੱਢ ਕੇ ਅੌਸਤਨ 01.25 ਲੱਖ ਰੁਪਏ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ। ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਐਸ.ਏ.ਐਸ. ਨਗਰ ਦਫ਼ਤਰ ਵੱਲੋਂ ਉਸ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ ਤੇ ਵਿਭਾਗ ਦੀ ਸਲਾਹ ਨਾਲ ਹੀ ਉਸ ਨੇ ਮੱਛੀ ਦੀ ਇੱਕ ਨਵੀਂ ਕਿਸਮ ਪੰਗਾਸ ਦਾ 40 ਹਜ਼ਾਰ ਸੀਡ ਪਾਇਆ ਹੈ ਤੇ ਵਿਭਾਗ ਮੁਤਾਬਕ ਇਸ ਦੀ ਉਪਜ 50 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਹੈ, ਜੋ ਕਿ ਉਸ ਦੀ ਆਮਦਨ ਵਿੱਚ ਵਾਧੇ ਲਈ ਸਹਾਈ ਸਿੱਧ ਹੋਵੇਗੀ।
ਰਾਜ ਕੁਮਾਰ ਨੇ ਕਿਹਾ ਕਿ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਕਾਂ ਦੀ ਮੰਡੀਕਰਨ ਸਬੰਧੀ ਸਹਾਇਤਾ ਕੀਤੀ ਜਾਂਦੀ ਹੈ ਪਰ ਉਹ ਖ਼ੁਦ ਇਸ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ ਅਤੇ ਖ਼ੁਦ ਮੰਡੀਕਰਨ ਕਰਦਾ ਹੈ। ਉਸ ਦੀ ਸਾਰੀ ਮੱਛੀ ਚੰਡੀਗੜ੍ਹ ਵਿਖੇ ਹੀ ਆਸਾਨੀ ਨਾਲ ਵਿਕ ਜਾਂਦੀ ਹੈ। ਉਸ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਜ਼ਰੂਰ ਅਪਨਾਉਣ। ਇਹ ਧੰਦਾ ਉਨ੍ਹਾਂ ਦੀ ਮਾਲੀ ਹਾਲਤ ਸੁਧਾਰਨ ਵਿੱਚ ਸਹਾਈ ਹੋਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਮੱਛੀ ਪਾਲਣ ਅਫ਼ਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖੇਤੀਬਾੜੀ ਦੇ ਨਾਲ-ਨਾਲ ਕਿਸਾਨਾਂ ਲਈ ਮੱਛੀ ਪਾਲਣ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ। ਜ਼ਿਲ੍ਹੇ ਦੇ ਮੱਛੀ ਪਾਲਕਾਂ ਲਈ ਚੰਡੀਗੜ੍ਹ ਨੇੜੇ ਹੋਣ ਕਾਰਨ ਮੰਡੀਕਰਨ ਦੀ ਵੀ ਵੱਡੀ ਸਹੂਲਤ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਮੱਛੀ ਪਾਲਣ ਦਾ ਕੰਮ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ ਮੁੱਢਲਾ ਗਿਆਨ ਦੇਣ ਲਈ ਹਰ ਮਹੀਨੇ ਮੁਹਾਲੀ ਵਿਖੇ ਪੰਜ ਦਿਨਾਂ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਵਿੱਚ ਮੱਛੀ ਦੀ ਪੈਦਾਵਾਰ ਵਧਾਉਣ ਲਈ ਆਧੁਨਿਕ ਵਿਗਿਆਨਕ ਤਕਨੀਕਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਮੱਛੀ ਪਾਲਣ ਕਿੱਤੇ ਨੂੰ ਸ਼ੁਰੂ ਕਰਨ ਲਈ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਨਵੇਂ ਛੱਪੜ ਦੀ ਪੁਟਾਈ ਲਈ ਪ੍ਰਤੀ ਹੈਕਟਰ 3 ਲੱਖ ਰੁਪਏ ਕਰਜ਼ਾ ਦਿਵਾਉਂਦਾ ਹੈ, ਜਿਸ ਵਿੱਚ ਜਨਰਲ ਸ਼੍ਰੇਣੀ ਨੂੰ 60 ਹਜ਼ਾਰ ਰੁਪਏ ਸਬਸਿਡੀ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਲਈ 75 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੁਰਾਣੇ ਛੱਪੜਾਂ ਦੇ ਸੁਧਾਰ ਲਈ 75 ਹਜ਼ਾਰ ਰੁਪਏ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਸਬੰਧੀ ਜਲਰਲ ਸ਼੍ਰੇਣੀ ਨੂੰ ਪ੍ਰਤੀ ਏਕੜ 15 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ 18 ਹਜ਼ਾਰ 750 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਪਹਿਲੇ ਸਾਲ ਦੀਆਂ ਇਨਪੁਟਸ ਲਈ 50 ਹਜ਼ਾਰ ਰੁਪਏ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਸਬੰਧੀ ਦੋਵੇਂ ਸ਼ੇਣੀਆਂ ਨੂੰ ਕ੍ਰਮਵਾਰ 10 ਹਜ਼ਾਰ ਰੁਪਏ ਅਤੇ 12 ਹਜ਼ਾਰ 500 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…