Nabaz-e-punjab.com

ਉੱਘੇ ਵਿਦਵਾਨ ਤੇ ਲੇਖਕ ਬੀਰ ਦਵਿੰਦਰ ਸਿੰਘ ਦਾ ਅਚਾਨਕ ਦੇਹਾਂਤ

ਪੀਜੀਆਈ ਹਸਪਤਾਲ ਵਿੱਚ ਸਵੇਰੇ 11 ਵਜੇ ਲਿਆ ਆਖ਼ਰੀ ਸਾਹ

ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਉੱਘੇ ਵਿਦਵਾਨ ਤੇ ਲੇਖਕ ਬੀਰ ਦਵਿੰਦਰ ਸਿੰਘ (75) ਅੱਜ ਅਚਾਨਕ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਤਿੰਨ ਕੁ ਦਿਨ ਪਹਿਲਾਂ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬੈਸਟ ਪਾਰਲੀਮੈਂਟਰੀ ਐਵਾਰਡ ਨਾਲ ਸਨਮਾਨਿਤ ਬੀਰ ਦਵਿੰਦਰ ਸਿੰਘ ਦੀ ਮੈਡੀਕਲ ਜਾਂਚ ਦੌਰਾਨ ਉਨ੍ਹਾਂ ਖ਼ੁਰਾਕ ਵਾਲੀ ਨਾਲੀ ਵਿੱਚ ਕੈਂਸਰ ਹੋਣ ਦੀ ਪੁਸ਼ਟੀ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਕੀਮੋਥੈਰੇਪੀ ਹੋਈ। ਇਸ ਮਗਰੋਂ ਉਨ੍ਹਾਂ ਦੀ ਸਿਹਤ ਵਿੱਚ ਕਾਫ਼ੀ ਕਮਜ਼ੋਰੀ ਆ ਗਈ ਸੀ। ਅੱਜ ਪੀਜੀਆਈ ਹਸਪਤਾਲ ਵਿੱਚ ਸਵੇਰੇ 11 ਕੁ ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਅੰਤਿਮ ਸਮੇਂ ਉਨ੍ਹਾਂ ਕੋਲ ਬੇਟਾ ਅਨੰਤਵੀਰ ਸਿੰਘ ਸਰਾਓ ਅਤੇ ਬੇਟੀ ਵਿੰਕੂ ਸਰਾਓ ਮੌਜੂਦ ਸਨ।
ਬੀਰ ਦਵਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਵਜੋਂ ਸਿਆਸਤ ਵਿੱਚ ਪੈਰ ਰੱਖਿਆ। ਉਹ 1971 ਤੋਂ 1977 ਤੱਕ ਫੈਡਰੇਸ਼ਨ ਵਿੱਚ ਰਹੇ ਅਤੇ 1980 ਵਿੱਚ ਉਨ੍ਹਾਂ ਨੇ ਸਰਹਿੰਦ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਆਸੀ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। ਉਹ 1978 ਤੋਂ 86 ਅਤੇ 1999 ਤੋਂ 2008 ਅਤੇ ਫਿਰ 2014 ਤੋਂ 2016 ਤੱਕ ਕਾਂਗਰਸ ਵਿੱਚ ਰਹੇ।
ਲੰਬੀ ਚੁੱਪੀ ਤੋਂ ਬਾਅਦ ਸਾਲ 2002 ਵਿੱਚ ਉਨ੍ਹਾਂ ਖਰੜ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਅਤੇ ਵਿਧਾਇਕ ਚੁਣੇ ਗਏ ਸਨ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ। ਆਪਣੇ ਜੀਵਨ ਕਾਲ ਦੌਰਾਨ ਉਹ ਸਰਬੋਤਮ ਬੁਲਾਰੇ ਹੋਣ ਦੇ ਨਾਲ-ਨਾਲ ਵਧੀਆ ਹਾਜ਼ਰ-ਜਵਾਬੀ ਲਈ ਵੀ ਜਾਣੇ ਜਾਂਦੇ ਸਨ।
ਬੀਰ ਦਵਿੰਦਰ ਸਿੰਘ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਛੱਡ ਕੇ ਲਗਪਗ ਸਾਰੀਆਂ ਰਾਜਸੀ ਪਾਰਟੀਆਂ ਵਿੱਚ ਸਰਗਰਮ ਆਗੂ ਵਜੋਂ ਵਿਚਰੇ ਹਨ। ਉਂਜ ਉਹ ਜ਼ਿਆਦਾਤਰ ਸਮਾਂ ਕਾਂਗਰਸ ਨਾਲ ਜੁੜੇ ਰਹੇ। ਸਾਲ 2007 ਵਿੱਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਟਿਕਟ ਦੇ ਦਿੱਤੀ। ਜਿਸ ਕਾਰਨ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਆਖ ਦਿੱਤੀ। ਉਹ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਵਿੱਚ ਸਾਲ 2010 ਤੋਂ 2012 ਤੱਕ ਵੀ ਸਰਗਰਮ ਰਹੇ ਅਤੇ ਮੁਹਾਲੀ ਤੋਂ ਚੋਣ ਲੜੀ। ਸਾਲ 2008 ਤੋਂ 2010 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਲੇਕਿਨ ਇੱਥੇ ਉਨ੍ਹਾਂ ਨੂੰ ਲੋੜੀਂਦਾ ਮਾਣ ਸਨਮਾਨ ਨਹੀਂ ਮਿਲਿਆ।
ਬਾਦਲ ਪਰਿਵਾਰ ਖ਼ਿਲਾਫ਼ ਵਿਰੋਧੀ ਸੁਰਾਂ ਉੱਠਣ ਕਾਰਨ ਉਹ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਇੱਥੇ ਉਹ 5 ਫਰਵਰੀ 2019 ਤੋਂ 20 ਜੁਲਾਈ 2020 ਤੱਕ ਰਹੇ। ਇਸ ਦੌਰਾਨ ਬਾਦਲ ਪਰਿਵਾਰ ਖ਼ਿਲਾਫ਼ ਬਗਾਵਤ ਕਰਨ ਵਾਲੇ ਸੀਨੀਅਰ ਆਗੂਆਂ ਦੇ ਇੱਕ ਵੱਡੇ ਗਰੁੱਪ ਨੇ ਰਾਜ ਸਭਾ ਦੇ ਮੈਂਬਰ ਰਹੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ 20 ਜੁਲਾਈ 2010 ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਜਾ ਰਲੇ। ਹੁਣ ਕਾਫ਼ੀ ਸਮੇਂ ਢਿੱਲੇ ਮੱਠੇ ਹੋਣ ਕਾਰਨ ਉਹ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਸਨ। ਉਂਜ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਹ ਆਪਣੇ ਪੁਰਾਣੇ ਵਿਧਾਨ ਸਭਾ ਹਲਕਾ ਖਰੜ ਵਿੱਚ ਸਰਗਰਮ ਹੋ ਗਏ। ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਫ਼ੀ ਨਜ਼ਦੀਕੀ ਹੋਣ ਕਾਰਨ ਬੀਰ ਦਵਿੰਦਰ ਸਿੰਘ ਨੂੰ ਖਰੜ ਤੋਂ ਉਮੀਦਵਾਰ ਬਣਾਉਣ ਦੇ ਚਰਚੇ ਸ਼ੁਰੂ ਹੋ ਗਏ। ਲੇਕਿਨ ਇਸ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਕਾਫ਼ੀ ਸਮਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਰਹਿਣਾ ਪਿਆ। ਹਾਲਾਂਕਿ ਚੋਣਾਂ ਤੋਂ ਪਹਿਲਾਂ ਉਹ ਠੀਕ ਹੋ ਗਏ ਸੀ ਪ੍ਰੰਤੂ ਡਾਕਟਰਾਂ ਦੀ ਸਲਾਹ ਮੰਨ ਕੇ ਉਨ੍ਹਾਂ ਨੇ ਰਾਜਨੀਤੀ ਵਿੱਚ ਸਰਗਰਮ ਹੋਣ ਦੀ ਥਾਂ ਆਪਣੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਹ ਬਿਲਕੁਲ ਤੰਦਰੁਸਤ ਹੋ ਕੇ ਮੁੜ ਲੋਕਾਂ ਵਿੱਚ ਵਿਚਰਣੇ ਸ਼ੁਰੂ ਹੋ ਗਏ ਲੇਕਿਨ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਦੁਬਾਰਾ ਵਿਗੜ ਗਈ ਅਤੇ ਉਹ ਕੈਂਸਰ ਨਾਲ ਲੜਦੇ ਹੋਏ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਏ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…