ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਗਾਇਕ ਰਣਜੀਤ ਬਾਵਾ ਦੇ ਘਰਾਂ ’ਤੇ ਛਾਪੇਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਇਨਕਮ ਟੈਕਸ ਵਿਭਾਗ (ਆਈਟੀ) ਦੀਆਂ ਵੱਖ-ਵੱਖ ਟੀਮਾਂ ਨੇ ਸੋਮਵਾਰ ਨੂੰ ਮੁਹਾਲੀ ਵਿੱਚ ਰਹਿੰਦੇ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਕੰਵਰ ਗਰੇਵਾਲ ਅਤੇ ਗਾਇਕ ਰਣਜੀਤ ਬਾਵਾ ਦੇ ਘਰਾਂ ’ਤੇ ਛਾਪੇਮਾਰੀ ਕੀਤੀ। ਇਨ੍ਹਾਂ ਨਾਮੀ ਕਲਾਕਾਰਾਂ ਦੇ ਘਰਾਂ ਦੀ ਛਾਣਬੀਣ ਦੀ ਚਰਚਾ ਪੂਰੇ ਜ਼ੋਰਾਂ ’ਤੇ ਹੈ। ਇਹ ਕਾਰਵਾਈ ਸਵੇਰ ਤੋਂ ਲੈ ਕੇ ਦਿਨ ਭਰ ਜਾਰੀ ਰਹੀ ਹੈ।
ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕੰਵਰ ਗਰੇਵਾਲ ਦੇ ਮੁਹਾਲੀ ਦੇ ਸੈਕਟਰ-104 ਵਿਚਲੇ ਤਾਜ ਟਾਵਰ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮੁਹਾਲੀ ਪੁਲੀਸ ਸਮੇਤ ਸੀਆਰਪੀਐੱਫ਼ ਦੇ ਜਵਾਨ ਵੀ ਤਾਇਨਾਤ ਰਹੇ। ਅਧਿਕਾਰੀਆਂ ਨੇ ਕੰਵਰ ਗਰੇਵਾਲ ਤੋਂ ਪੁੱਛ-ਪੜਤਾਲ ਕੀਤੀ ਗਈ। ਹਾਲਾਂਕਿ ਇਹ ਕਾਰਵਾਈ ਕਾਫ਼ੀ ਸਮੇਂ ਤੱਕ ਜਾਰੀ ਰਹੀ ਪ੍ਰੰਤੂ ਕੋਈ ਵੀ ਅਧਿਕਾਰੀ ਮੀਡੀਆ ਨੂੰ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੋਇਆ। ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਗਾਇਕ ਕੋਲੋਂ ਗੈਂਗਸਟਰਾਂ ਦੇ ਪੰਜਾਬੀ ਸੰਗੀਤ ਇੰਡਸਟਰੀਜ਼ ਵਿੱਚ ਦਖ਼ਲ ਅਤੇ ਕੁੱਝ ਗਾਇਕਾਂ ਨਾਲ ਕਥਿਤ ਸਬੰਧਾਂ ਬਾਰੇ ਉਨ੍ਹਾਂ ਨੂੰ ਮਿਲਦੀਆਂ ਧਮਕੀਆਂ ਸਬੰਧੀ ਸਵਾਲ ਜਵਾਬ ਕੀਤੇ ਗਏ।
ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਉਨ੍ਹਾਂ ਪੰਜਾਬੀ ਗਾਇਕਾਂ ’ਚੋਂ ਇੱਕ ਸਨ, ਜਿਨ੍ਹਾਂ ਨੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਪੰਜਾਬ ਸਮੇਤ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਲੜੀਵਾਰ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਕੀਤੀ ਸੀ। ਇੰਜ ਹੀ ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਰਣਜੀਤ ਬਾਵਾ ਦੇ ਘਰ ਦੀ ਛਾਣਬੀਣ ਕੀਤੀ ਗਈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਜਦੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਰਣਜੀਤ ਬਾਵਾ ਘਰ ਵਿੱਚ ਮੌਜੂਦ ਨਹੀਂ ਸੀ।
ਇਸ ਤੋਂ ਪਹਿਲਾਂ ਵੀ ਕਲਾਕਾਰਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਪੰਜਾਬ ਦੇ ਕਈ ਨਾਮਵਰ ਗਾਇਕਾਂ ਤੋਂ ਕੌਮੀ ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਸਰਕਾਰਾਂ ਅਤੇ ਖੁਫ਼ੀਆ ਏਜੰਸੀਆਂ ਅਤੇ ਜਾਂਚ ਏਜੰਸੀਆਂ ਵੱਲੋਂ ਨਿਰੰਤਰ ਤਿੱਖੀ ਨਿਗ੍ਹਾ ਰੱਖੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …