ਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗਾ ਗੰਨਾ ਪਿੜਾਈ ਸੀਜ਼ਨ: ਡਾ. ਸੇਨੂ ਦੁੱਗਲ

ਸ਼ੂਗਰਫੈੱਡ ਦੇ ਐਮਡੀ ਸੇਨੂ ਦੁੱਗਲ ਨੇ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨਾਲ ਕੀਤੀ ਸਮੀਖਿਆ ਮੀਟਿੰਗ

ਗੰਨੇ ਦੀ ਪਿੜਾਈ ਸੀਜ਼ਨ ਦੌਰਾਨ ਕਾਸ਼ਤਕਾਰਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ

ਨਬਜ਼-ਏ-ਪੰਜਾਬ, ਮੁਹਾਲੀ, 7 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਖੰਡ ਮਿੱਲਾਂ ਦਾ ਸਾਲ 2024-25 ਦਾ ਪਿੜਾਈ ਸੀਜ਼ਨ 25 ਨਵੰਬਰ ਤੋਂ ਸ਼ੁਰੂ ਕਰਨ ਸਬੰਧੀ ਕੀਤੇ ਐਲਾਨ ਦੇ ਮੱਦੇਨਜ਼ਰ ਅੱਜ ਸ਼ੂਗਰਫੈੱਡ ਦੇ ਐਮਡੀ ਡਾ. ਸੇਨੂ ਦੁੱਗਲ ਨੇ ਸੂਬੇ ਦੀਆਂ ਸਮੂਹ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰਾਂ ਨਾਲ ਵਰਚੂਅਲ ਮੀਟਿੰਗ ਕੀਤੀ। ਉਨ੍ਹਾਂ ਗੰਨੇ ਦੀ ਪਿੜਾਈ ਸੀਜ਼ਨ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਜਨਰਲ ਮੈਨੇਜਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਮਿੱਲਾਂ ਨੂੰ ਅਗਲੇ ਪਿੜਾਈ ਸੀਜ਼ਨ ਲਈ ਸਮੇਂ-ਸਿਰ ਪੂਰਨ ਰੂਪ ਵਿੱਚ ਤਿਆਰ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਮਿੱਲਾਂ ਦੀ ‘ਰਿਪੇਅਰ ਅਤੇ ਮੈਂਟੀਨੈਂਸ’ ਤਸੱਲੀਬਖ਼ਸ਼ ਢੰਗ ਨਾਲ ਕੀਤੀ ਜਾਵੇ।
ਡਾ. ਸੇਨੂ ਦੁੱਗਲ ਨੇ ਕਿਹਾ ਕਿ ਸੀਜ਼ਨ ਦੌਰਾਨ ਗੰਨੇ ਦੀ ਪਿੜਾਈ ਅਤੇ ਖੰਡ ਦੇ ਉਤਪਾਦਨ ਦਾ ਕੰਮ ਨਿਰਵਿਘਨ ਚਲਾਉਣ ਲਈ ਮਿੱਲ ਮਸ਼ੀਨਰੀ ਦਾ ਚਾਲੂ ਹਾਲਤ ਵਿੱਚ ਲਾਜ਼ਮੀ ਬਣਾਇਆ ਜਾਵੇ ਅਤੇ ਗੰਨਾ ਕਾਸ਼ਤਕਾਰਾਂ ਨੂੰ ਅਦਾਇਗੀ ਸਮੇਂ ਸਿਰ ਕਰਨ ਲਈ ਕਿਹਾ ਗਿਆ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੰਡ ਦਾ ਉਤਪਾਦਨ ਬਹੁਤ ਹੀ ਸੁਚੱਜੇ ਅਤੇ ਸਾਫ਼-ਸਫ਼ਾਈ ਵਾਲੇ ਢੰਗ ਨਾਲ ਕੀਤਾ ਜਾਵੇ, ਤਾਂ ਜੋ ਵਧੀਆ ਕੁਆਲਿਟੀ ਦੀ ਖੰਡ ਤਿਆਰ ਕੀਤੀ ਜਾ ਸਕੇ। ਉਨ੍ਹਾਂ ਨੇ ਮਿੱਲ ਅਧਿਕਾਰੀਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਮਿੱਲ ਵਿੱਚ ਗੰਨੇ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਕਿਸਾਨ ਵਿਸ਼ਰਾਮ ਘਰਾਂ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਚਾਹ-ਪਾਣੀ ਅਤੇ ਖਾਣੇ ਦੇ ਪ੍ਰਬੰਧ ਲਈ ਵਧੀਆ ਕੰਟੀਨ ਚਲਾਈ ਜਾਵੇ ਅਤੇ ਗੰਨੇ ਦੇ ਯਾਰਡ ਵਿੱਚ ਉਡੀਕ ਦਾ ਸਮਾਂ ਘੱਟ ਤੋਂ ਘੱਟ ਰੱਖਿਆ ਜਾਵੇ।
ਉਨ੍ਹਾਂ ਨੇ ਇਹ ਵੀ ਦਿਸ਼ਾ-ਨਿਰਦੇਸ਼ ਦਿੱਤੇ ਕਿ ਗੰਨੇ ਦੀ ਸਪਲਾਈ ਲਈ ਮਿੱਲ ਕਲੰਡਰ ਅਨੁਸਾਰ ਹੀ ਪਰਚੀ ਜਾਰੀ ਕੀਤੀ ਜਾਵੇ ਤਾਂ ਜੋ ਮਿੱਲ ਦੇ ਹਰ ਪ੍ਰਕਾਰ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਖੰਡ ਮਿੱਲਾਂ ਨੂੰ ਪਰਚੀ ’ਤੇ ਦਿੱਤੀ ਗੰਨੇ ਦੀ ਕਿਸਮ ਅਨੁਸਾਰ ਸਾਫ਼ ਸੁਥਰਾ, ਆਗ-ਖੋਰੀ ਤੋਂ ਰਹਿਤ ਪਰਾਲੀ ਨਾਲ ਬੰਨ੍ਹ ਕੇ ਗੰਨਾ ਸਪਲਾਈ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਵਿੱਚ ਸ਼ੂਗਰਫੈੱਡ ਆਪਣੀਆਂ ਮਿੱਲਾਂ ਦੇ ਖੇਤਰ ਅਧੀਨ ਪੈਂਦੇ ਪੂਰੇ ਗੰਨੇ ਦੀ ਖਰੀਦ ਕਰਨ, ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਭੁਗਤਾਨ ਕਰਨ, ਗੰਨੇ ਦੀ ਕਾਸ਼ਤ ਰਾਹੀ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨ ਦੀ ਆਮਦਨ ਵਿੱਚ ਸੁਧਾਰ ਕਰਨ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…