
ਗੰਨਾ ਕਾਸ਼ਤਕਾਰਾਂ ਦੇ 100 ਕਰੋੜ ਜਾਰੀ ਕਰਕੇ ‘ਆਪ’ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ: ਬੱਬੀ ਬਾਦਲ
ਪੰਜਾਬ ਦੀ ਆਪ ਸਰਕਾਰ ਨੇ ਹੁਣ ਤੱਕ ਕਿਸਾਨ ਪੱਖੀ ਫ਼ੈਸਲਿਆਂ ’ਤੇ ਮੋਹਰ ਲਾਈ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਗੰਨਾਂ ਕਾਸ਼ਤਕਾਰਾਂ ਲਈ 100 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਜਦੋਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਸਮੇਂ ਕਿਸਾਨ ਅਤੇ ਕਾਸ਼ਤਕਾਰ ਗੰਨੇ ਦੀ ਬਕਾਇਆ ਰਾਸੀ ਲਈ ਖੱਜਲਖੁਆਰ ਹੋ ਰਹੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ।
ਆਪ ਆਗੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨ ਪੁੱਤਾਂ ਵਾਂਗ ਪਾਲੀ ਗੰਨੇ ਦੀ ਫ਼ਸਲ ਜੋ ਕਿ ਸਰਕਾਰੀ ਅਤੇ ਗੈਰ ਸਰਕਾਰੀ ਖੰਡ ਮਿੱਲਾਂ ਵੱਲੋਂ ਖ਼ਰੀਦੀ ਗਈ ਸੀ ਪ੍ਰੰਤੂ ਗੰਨੇ ਦੀ ਬਕਾਇਆ ਰਾਸੀ ਲੈਣ ਲਈ ਕਿਸਾਨ ਸਰਕਾਰੀ ਦਫ਼ਤਰਾਂ ਵਿੱਚ ਖੱਜਲਖੁਆਰ ਹੋ ਰਹੇ ਸਨ। ਮੁੱਖ ਮੰਤਰੀ ਮਾਨ ਨੇ ਕਿਸਾਨਾਂ ਦੀ ਨਬਜ਼ ਪਛਾਣਦੇ ਹੋਏ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਕਿਸਾਨਾਂ ਦਾ ਸੱਚਾ ਹਮਦਰਦ ਹੋਣ ਦਾ ਸਬੂਤ ਦਿੱਤਾ ਹੈ। ਇਹੀ ਨਹੀਂ ਮੁੱਖ ਮੰਤਰੀ ਨੇ ਦੂਜੀ ਤੇ ਆਖ਼ਰੀ ਕਿਸ਼ਤ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਇਸ ਮੌਕੇ ਕੰਵਲਜੀਤ ਸਿੰਘ ਪੱਤੋਂ, ਜਸਵੰਤ ਸਿੰਘ, ਅਮਰਿੰਦਰ ਸਿੰਘ ਕੰਡਾਲਾ, ਇਕਬਾਲ ਸਿੰਘ ਢਿੱਲੋਂ, ਤਰਨਜੀਤ ਸਿੰਘ, ਅਵਤਾਰ ਸਿੰਘ ਨੰਡਿਆਲੀ, ਜਗਦੀਪ ਸਿੰਘ ਗੀਗੇਮਾਜਰਾ, ਕੁਲਵਿੰਦਰ ਸਿੰਘ, ਸਵਰਨ ਸਿੰਘ, ਹਰਨੇਕ ਸਿੰਘ ਮੌਜਪੁਰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਗਜੀਤ ਸਿੰਘ ਤੰਗੌਰੀ, ਬਚਿੱਤਰ ਸਿੰਘ ਸੇਖਨਮਾਜਰਾ, ਜ਼ੋਰਾ ਸਿੰਘ ਕੁਰੜਾ, ਹਰਬੰਸ ਸਿੰਘ ਚਾਹਲ, ਸੁਰਿੰਦਰ ਸਿੰਘ, ਗੁਰਨਾਮ ਸਿੰਘ ਵੀ ਹਾਜ਼ਰ ਸਨ।