Nabaz-e-punjab.com

ਗੰਨੇ ਦਾ ਝਾੜ 100 ਕੁਇੰਟਲ ਪ੍ਰਤੀ ਏਕੜ ਹੋਰ ਵਧਾਉਣ ਲਈ ਯੋਜਨਾ ਉਲੀਕੀ: ਸੁਖਜਿੰਦਰ ਰੰਧਾਵਾ

ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਅਲੀਵਾਲ ਨੇ ਅਹੁਦਾ ਸੰਭਾਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਦਾਅਵਾ ਕੀਤਾ ਕਿ ਗੰਨੇ ਦਾ ਝਾੜ 100 ਕੁਇੰਟਲ ਪ੍ਰਤੀ ਏਕੜ ਹੋਰ ਵਧਾਉਣ ਅਤੇ ਕਾਸ਼ਤਕਾਰਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰਨ ਲਈ ਸਹਿਕਾਰਤਾ ਵਿਭਾਗ ਵੱਲੋਂ ਵਿਸਥਾਰਤ ਯੋਜਨਾ ਉਲੀਕੀ ਗਈ ਹੈ। ਉਹ ਅੱਜ ਇੱਥੋਂ ਦੇ ਫੇਜ਼-2 ਸਥਿਤ ਸ਼ੂਗਰਫੈੱਡ ਪੰਜਾਬ ਦੇ ਨਵ-ਨਿਯੁਕਤ ਅਮਰੀਕ ਸਿੰਘ ਅਲੀਵਾਲ ਨੂੰ ਅਹੁਦਾ ਸੰਭਾਲਣ ਮੌਕੇ ਵਧਾਈ ਦੇਣ ਆਏ ਸੀ। ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੀ ਹਾਜ਼ਰ ਸਨ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਸੂਬੇ ਦੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿਚ ਵਾਧੇ ਲਈ ਸ਼ੂਗਰਫ਼ੈੱਡ ਵੱਲੋਂ ਉਲੀਕੀ ਯੋਜਨਾ ਤਹਿਤ ਕਾਸ਼ਤਕਾਰਾਂ ਨੂੰ ਪ੍ਰਵਾਨਿਤ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਲਈ ਸਮਾਂਬੱਧ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਸ ਤਹਿਤ ਪੰਜਾਬ ਦੀ ਹਰੇਕ ਸਹਿਕਾਰੀ ਖੰਡ ਮਿੱਲ ਵਿੱਚ ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਉਤਮ ਕਿਸਮਾਂ ਦੇ ਬੀਜ ਨਰਸਰੀ ਵਿੱਚ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਜਾਣਗੇ। ਗੰਨਾ ਕਾਸ਼ਤਕਾਰਾਂ ਨੂੰ ਪ੍ਰਵਾਨਿਤ ਅਤੇ ਸਾਫ਼-ਸੁਥਰਾ ਬੀਜ ਉਪਲਬਧ ਹੋਣ ਨਾਲ ਗੰਨੇ ਦੇ ਝਾੜ ਵਿੱਚ 100 ਕੁਇੰਟਲ ਪ੍ਰਤੀ ਏਕੜ ਹੋਰ ਵਾਧਾ ਕਰਨ ਦੇ ਯਤਨ ਕੀਤੇ ਜਾਣਗੇ, ਜਿਸ ਨਾਲ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿੱਚ 30 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਦਾ ਵਾਧਾ ਹੋਵੇਗਾ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਵਿੱਚ ਮਿਥਿਆ ਗਿਆ ਟੀਚਾ ਦੋ ਸਾਲਾਂ ਵਿਚ ਪੂਰਾ ਕੀਤਾ ਜਾਵੇਗਾ। ਇਸੇ ਯੋਜਨਾ ਤਹਿਤ ਗੰਨੇ ਦਾ ਪ੍ਰਵਾਨਿਤ ਬੀਜ ਮੁਹੱਈਆ ਕਰਾਉਣ ਅਤੇ ਕਾਸ਼ਤਕਾਰਾਂ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣ ਲਈ ਇੱਕ ਵਿਲੱਖਣ ਸੰਸਥਾ ਕਲਾਨੌਰ (ਗੁਰਦਾਸਪੁਰ) ਵਿੱਚ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਪੰਜਾਬ ਰਾਜ ਮੱਧਮ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਸ਼ੂਗਰਫੈੱਡ ਦੇ ਐਮਡੀ ਪੁਨੀਤ ਗੋਇਲ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਡਾਇਰੈਕਟਰ ਰਛਪਾਲ ਸਿੰਘ ਤਲਵਾੜਾ, ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਸਵਰਨ ਸਿੰਘ, ਬਲੌਰ ਸਿੰਘ ਭੁੱਲਰ, ਹਰਪਾਲ ਸਿੰਘ ਹੰਸ, ਕੁਲਦੀਪ ਗੁੱਜਰਵਾਲ, ਪਾਲ ਸਿੰਘ ਗਰੇਵਾਲ, ਕੁਲਦੀਪ ਸਿੰਘ, ਦਰਸ਼ਨ ਸਿੰਘ ਬੀਰਮੀ, ਇੰਦਰਮੋਹਨ ਕਾਦੀਆਂ, ਸਿਮਰਜੀਤ ਢਿੱਲੋਂ, ਸਿਮਰਜੀਤ ਗਿੱਲ, ਜਗਦੇਵ ਸਿੰਘ ਸਰਪੰਚ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਕੈਪਟਨ ਸੁਖਚੈਨ ਸਿੰਘ, ਸੁਰੇਸ਼ ਕੁਮਾਰ, ਪਰਵਿੰਦਰ ਸਿੰਘ ਸਰਪੰਚ, ਗੋਬਿੰਦ ਸਿੰਘ ਗਰੇਵਾਲ, ਪਰਵਿੰਦਰ ਚਾਵਲਾ ਸਰਪੰਚ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ ਮਹਿਲਾ ਪ੍…