nabaz-e-punjab.com

ਟੈਂਕੀ ਉਪਰ ਚੜੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮਰਨ ਵਰਤ ਸ਼ੁਰੂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਸੋਹਾਣਾ ਨੇੜੇ ਪਾਣੀ ਦੀ ਟੈਂਕੀ ਉਪਰ ਚੜੇ ਪੰਜ ਬੇਰੁਜ਼ਗਾਰ ਅਧਿਆਪਕਾਂ ਵਲੋੱ ਅੱਜ ਆਪਣੀ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿਤਾ ਗਿਆ। ਟੈਂਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਹਰਵਿੰਦਰ ਸਿੰਘ ਮਾਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੇ ਕੁਮਾਰ ਨਾਭਾ, ਹਰਦੀਪ ਸਿੰਘ ਭੀਖੀ, ਵਰਿੰਦਰਜੀਤ ਕੌਰ ਨਾਭਾ ਨੇ ਇਕ ਸਾਂਝੇ ਬਿਆਨ ਵਿੱਚ ਚਿਤਾਵਨੀ ਦਿੱਤੀ ਕਿ ਜੇ ਉਹਨਾਂ ਨੂੰ ਟੈਂਕੀ ਤੋਂ ਜਬਰਦਸਤੀ ਉਤਾਰਨ ਦਾ ਯਤਨ ਕੀਤਾ ਗਿਆ ਤਾਂ ਉਹ ਖੁਦ ਨੂੰ ਅੱਗ ਲਗਾ ਕੇ ਟੈਂਕੀ ਤੋਂ ਛਾਲਾਂ ਮਾਰ ਦੇਣਗੇ।
ਇਸੇ ਦੌਰਾਨ ਟੈਂਕੀ ਹੇਠਾਂ ਧਰਨਾ ਦੇ ਰਹੇ ਬੇਰੁਜਗਾਰ ਬੀ ਐਡ ਟੈਟ ਅਤੇ ਸਬਜੈਕਟ ਪਾਸ ਯੂਨੀਅਨ ਦੇ ਆਗੂਆਂ ਨੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਮੌਕੇ ਬਾਅਦ ਦੁਪਹਿਰ ਐਸ ਡੀ ਐਮ ਮੁਹਾਲੀ ਨਾਲ ਉਹਨਾਂ ਦੀ ਮੀਟਿੰਗ ਹੋਣ ਸਬੰਧੀ ਸਹਿਮਤੀ ਬਣ ਗਈ। ਅੱਜ ਪਾਣੀ ਵਾਲੀ ਟੈਂਕੀ ਨੇੜੇ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜਮ ਤੈਨਾਤ ਸਨ ਅਤੇ ਕਈ ਪੁਲੀਸ ਮੁਲਾਜਮ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ਉਪਰ ਵੀ ਚੜੇ ਹੋਏ ਸਨ। ਇਸੇ ਦੌਰਾਨ ਪੁਲੀਸ ਨੇ ਟੈਂਕੀ ਉਪਰ ਚੜੇ ਬੇਰੁਜਗਾਰ ਅਧਿਆਪਕਾਂ ਲਈ ਜਾਣ ਵਾਲਾ ਖਾਣਾ ਅਤੇ ਪਾਣੀ ਬੰਦ ਕਰਵਾ ਦਿਤਾ ਅਤੇ ਪੁਲੀਸ ਅਧਿਕਾਰੀਆਂ ਨੇ ਐਲਾਨ ਕਰ ਦਿਤਾ ਕਿ ਇਸ ਦੌਰਾਨ ਜੇ ਕੋਈ ਬੇਰੁਜਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਤੋੱ ਹੇਠਾਂ ਉਤਰ ਆਇਆ ਤਾਂ ਉਸ ਨੂੰ ਮੁੜ ਉਪਰ ਨਹੀਂ ਜਾਣ ਦਿੱਤਾ ਜਾਵੇਗਾ।
ਉਧਰ, ਸ਼ਾਮ ਨੂੰ ਮੁਹਾਲੀ ਦੇ ਐਸਡੀਐਮ ਰੁਪਿੰਦਰਪਾਲ ਸਿੰਘ ਨਾਲ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਹੋਈ। ਹਾਲਾਂਕਿ ਐਸਡੀਐਮ ਨੇ ਯੂਨੀਅਨ ਨੂੰ 23 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੰਦਿਆਂ ਟੈਂਕੀ ਤੋਂ ਥੱਲੇ ਆਉਣ ਦੀ ਅਪੀਲ ਕੀਤੀ ਲੇਕਿਨ ਪ੍ਰਦਰਸ਼ਨਕਾਰੀ ਆਪਣੀ ਜਿੱਦ ’ਤੇ ਅੜੇ ਰਹੇ। ਉਨ੍ਹਾਂ ਸ਼ਰਤ ਰੱਖੀ ਕਿ ਜੇਕਰ ਪ੍ਰਸ਼ਾਸਨ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੰਦਾ ਹੈ ਤਾਂ ਉਹ ਰਾਜ਼ੀ ਹੋ ਸਕਦੇ ਹਨ ਪਰ ਐਸਡੀਐਮ ਵੱਲੋਂ ਲਿਖ ਕੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਯੂਨੀਅਨ ਦੀ ਪ੍ਰਸ਼ਾਸਨ ਨਾਲ ਗੱਲ ਵਿਚਾਲੇ ਹੀ ਟੁੱਟ ਗਈ ਅਤੇ ਧਰਨਾ ਨਿਰੰਤਰ ਜਾਰੀ ਹੈ। ਦੂਜੇ ਪਾਸੇ ਸੰਪਰਕ ਕਰਨ ’ਤੇ ਡੀਐਸਪੀ ਸਿਟੀ 2 ਰਮਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਨੇ ਟੈਂਕੀ ਉੱਤੇ ਚੜੇ ਬੇਰੁਜ਼ਗਾਰ ਅਧਿਆਪਕਾਂ ਨੂੰ ਉਤਾਰਨ ਲਈ ਕੋਈ ਅਲਟੀਮੇਟਮ ਨਹੀਂ ਦਿੱਤਾ ਅਤੇ ਪੁਲੀਸ ਵੱਲੋਂ ਇਨ੍ਹਾਂ ਨੂੰ ਜਬਰਦਸਤੀ ਟੈਂਕੀ ਤੋਂ ਨਹੀਂ ਉਤਾਰਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…