Nabaz-e-punjab.com

ਮੁਹਾਲੀ ਵਿੱਚ ਕਾਰੋਬਾਰੀ ਨੌਜਵਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਮਨਦੀਪ ਸਰਾਂ, ਲਾਂਡਰਾਂ ਸਰਹਿੰਦ ਸੜਕ ’ਤੇ ਮਰਸੀਡੀਜ ਕਾਰ ’ਚੋਂ ਮਿਲੀ ਲਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਇੱਥੋਂ ਦੇ ਨਜ਼ਦੀਕੀ ਪਿੰਡ ਲਾਂਡਰਾਂ ਤੋਂ ਸਰਹਿੰਦ ਸੜਕ ’ਤੇ ਮੁਹਾਲੀ ਦੇ ਇਕ ਕਾਰੋਬਾਰੀ ਨੌਜਵਾਨ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੁੜਪੜੀ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਲਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਸਰਾਂ (38) ਉਰਫ਼ ਅਮਨ ਸਰਾਂ ਪੁੱਤਰ ਮੇਵਾ ਸਿੰਘ ਵਾਸੀ ਟੀਡੀਆਈ ਸਿਟੀ (ਭਾਗੋਮਾਜਰਾ) ਵਜੋਂ ਹੋਈ ਹੈ। ਉਹ ਆਈਏਐਸ (ਸੇਵਾਮੁਕਤ) ਕਰਮਜੀਤ ਸਿੰਘ ਸਰਾਂ ਦਾ ਭਤੀਜਾ ਹੈ ਜਦੋਂਕਿ ਮ੍ਰਿਤਕ ਨੌਜਵਾਨ ਦੇ ਪਿਤਾ ਮੇਵਾ ਸਿੰਘ ਗਮਾਡਾ ਦੇ ਐਕਸੀਅਨ ਦੇ ਅਹੁਦੇ ਤੋਂ ਸੇਵਾਮੁਕਤ ਹਨ। ਉਹ ਆਪਣੇ ਪਿੱਛੇ ਪਤਨੀ, ਦੋ ਬੱਚੇ ਇਕ ਲੜਕਾ ਅਤੇ ਲੜਕੀ ਛੱਡ ਗਿਆ ਹੈ। ਦੱਸਿਆ ਗਿਆ ਹੈ ਅਮਨ ਸਰਾਂ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਇਹ ਘਟਨਾ ਵੀਰਵਾਰ ਸਵੇਰੇ ਤੜਕੇ ਵਾਪਰੀ ਦੱਸੀ ਗਈ ਹੈ। ਉਂਜ ਸੋਹਾਣਾ ਪੁਲੀਸ ਨੂੰ ਇਸ ਹਾਦਸੇ ਅੱਜ ਸਵੇਰੇ 6 ਕੁ ਵਜੇ ਇਤਲਾਹ ਮਿਲੀ ਸੀ। ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੇ ਐਸਐਚਓ ਮਨਫੂਲ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਕਾਰੋਬਾਰੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਅਮਰਦੀਪ ਸਿੰਘ ਕਾਫ਼ੀ ਪੈਸੇ ਵਾਲਾ ਵਿਅਕਤੀ ਸੀ ਅਤੇ ਉਸ ਦੇ ਕਈ ਕਾਰੋਬਾਰ ਚੱਲਦੇ ਸੀ। ਲਾਂਡਰਾਂ ਵਿੱਚ ਉਸ ਦਾ ਮਾਰਬਲ ਦਾ ਕਾਰੋਬਾਰ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਲਾਂਡਰਾਂ ਤੋਂ ਸਰਹਿੰਦ ਸੜਕ ’ਤੇ ਫਲੈਟਾਂ ਦੀ ਉਸਾਰੀ ਦਾ ਕੰਮ ਕਰਵਾ ਰਿਹਾ ਸੀ। ਪੁਲੀਸ ਨੇ ਉਸ ਦੀ ਲਾਸ਼ ਨਵ ਨਿਰਮਾਣ ਅਧੀਨ ਕਲੋਨੀ ਦੇ ਰਸਤੇ ਵਿੱਚ ਮਰਸੀਡੀਜ਼ ਕਾਰ ’ਚੋਂ ਬਰਾਮਦ ਕੀਤੀ।
ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਣਕਾਰੀ ਸਵੇਰੇ 6 ਕੁ ਵਜੇ ਮਿਲੀ। ਘਟਨਾ ਵਾਲੇ ਸਥਾਨ ’ਤੇ ਪਾਣੀ ਦਾ ਟਿਊਬਵੈਲ ਚਲਾਉਣ ਲਈ ਆਉਣ ਵਾਲੇ ਇਕ ਵਿਅਕਤੀ ਨੇ ਉੱਥੇ ਖੜੀ ਇਕ ਮਰਸੀਡੀਜ਼ ਕਾਰ ਵਿੱਚ ਅਮਨਦੀਪ ਦੀ ਦੀ ਖੂਨ ਨਾਲ ਲਥਪਥ ਲਾਸ਼ ਦੇਖੀ। ਮ੍ਰਿਤਕ ਨੌਜਵਾਨ ਮਰਸੀਡੀਜ ਕਾਰ ਦੀ ਡਰਾਈਵਰ ਵਾਲੀ ਸੀਟ ’ਤੇ ਬੈਠਾ ਹੋਇਆ ਸੀ ਅਤੇ ਕਾਰ ਵੀ ਸਟਾਰਟ ਸੀ ਅਤੇ ਏਸੀ ਵੀ ਚਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੀ ਮਰਸੀਡੀਜ਼ ਕਾਰ ਵਿੱਚ ਇਕੱਲਾ ਸੀ ਅਤੇ ਉਸ ਦਾ .32 ਬੋਰ ਲਾਇਸੈਂਸੀ ਰਿਵਾਲਵਰ ਵੀ ਮੌਕੇ ਤੋਂ ਪੁਲੀਸ ਨੇ ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਇਹੀ ਜਾਪਦਾ ਹੈ ਕਿ ਜਿਵੇਂ ਉਸ ਨੇ ਖ਼ੁਦ ਨੂੰ ਗੋਲੀ ਮਾਰੀ ਲਈ ਹੋਵੇ। ਮ੍ਰਿਤਕ ਦੇ ਸੱਜੇ ਪਾਸੇ ਸਿਰ ਤੋਂ ਥੋੜ੍ਹਾ ਹੇਠਾਂ ਪੁੜਪੜੀ ਵਿੱਚ ਗੋਲੀ ਲੱਗੀ ਹੋਈ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਫਿਲਹਾਲ ਮ੍ਰਿਤਕ ਨੌਜਵਾਨ ਦੇ ਪਿਤਾ ਮੇਵਾ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸੀਆਰਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਦੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਮੇਵਾ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਅਮਨਦੀਪ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਦਾ ਚੰਡੀਗੜ੍ਹ ਵਿੱਚ ਕਿਸੇ ਡਾਕਟਰ ਕੋਲੋਂ ਦਿਮਾਗੀ ਇਲਾਜ ਵੀ ਚਲ ਰਿਹਾ ਸੀ। ਪੁਲੀਸ ਨੇ ਪਰਿਵਾਰ ਦੇ ਹਵਾਲੇ ਨਾਲ ਦੱਸਿਆ ਕਿ ਹੋ ਸਕਦਾ ਹੈ ਕਿ ਮਾਨਸਿਕ ਪ੍ਰੇਸ਼ਾਨੀ ਕਰਕੇ ਅਮਨਦੀਪ ਨੇ ਖ਼ੁਦ ਨੂੰ ਗੋਲੀ ਮਾਰ ਲਈ ਹੋਵੇ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…