Nabaz-e-punjab.com

ਕੈਪਟਨ ਨੂੰ ਸਲਾਹ ਦੇਣ ਦੀ ਥਾਂ ਸੁਖਬੀਰ ਬਾਦਲ ਖ਼ੁਦ ਕਿਉਂ ਨਹੀਂ ਬੈਠਦੇ ਮਰਨ ਵਰਤ ’ਤੇ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹੱਕ ਵਿੱਚ ਮਰਨ ਵਰਤ ਸ਼ੁਰੂ ਕਰਨ ਦੀ ਸਲਾਹ ਦੇਣ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਨੂੰ ਇਹ ਸਲਾਹ ਦੇਣ ਦੀ ਬਜਾਏ ਉਨ੍ਹਾਂ (ਸੁਖਬੀਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਕਰਕੇ ਖ਼ੁਦ ਮਰਨ ਵਰਤ ’ਤੇ ਬੈਠਣਾ ਚਾਹੀਦਾ ਹੈ। ਇੰਜ ਕਰਨ ਨਾਲ ਸੁਖਬੀਰ ਬਾਦਲ ਦਾ ਅਕਾਲੀ ਦਲ ਦੇ ਕੁਰਬਾਨੀਆਂ ਦੇ ਇਤਿਹਾਸ ਵਿੱਚ ਖਾਤਾ ਖੁੱਲ੍ਹ ਜਾਵੇਗਾ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਨੇਕ ਸਲਾਹ ਦੇਣ ਦਾ ਕੀ ਫਾਇਦਾ ਜਿਸ ਦੀ ‘ਸੰਧੂਰੀ ਸ਼ਾਮ’ ਰੋਜ਼ਾਨਾ ਸੂਰਜ ਦੇ ਛਿਪਣ ਨਾਲ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ‘ਮਹਿਫ਼ਲੀ ਨਿਜ਼ਾਮ’ ਦੀ ਮਰਿਆਦਾ ਨਿਰਵਿਘਨ ਚਲਦੀ ਰਹਿੰਦੀ ਹੈ। ਜਿਸ ਵਿੱਚ ਕਿਸੇ ਕਿਸਮ ਦੇ ਵਿਘਨ ਦੀ ਕੋਈ ਗੁੰਜਾਇਸ਼ ਹੀ ਨਹੀਂ, ਇਸ ਮਹਿਫ਼ਲੀ ਨਿਜ਼ਾਮ ਦੀ ਮਰਿਆਦਾ ਨੂੰ ਰੋਗ ਜਾਂ ਸੋਗ ਵੀ ਖੰਡਿਤ ਨਹੀਂ ਕਰ ਸਕਦਾ। ਨਾ ਹੀ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਨਾ ਹੀ ਨਕਲੀ ਸ਼ਰਾਬ ਪੀਣ ਕਰਕੇ ਮਰਨ ਵਾਲਿਆਂ ਦੇ ਪਰਿਵਾਰਾਂ ਦੀਆਂ ਧਾਹਾਂ ਤੇ ਚੀਖ਼ਾਂ, ਇਸ ਦੀ ਲਗਾਤਾਰਤਾ ਨੂੰ ਭੰਗ ਕਰ ਸਕੀਆਂ ਹਨ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਮਹਿਫ਼ਲੀ ਨਿਜ਼ਾਮ ਦੀ ਸ਼ਾਮ ਦੀ ‘ਸੂਫ਼ੀਆਨਾ ਚੌਂਕੀ’ ਵਿੱਚ, ਉਪਰੋਕਤ ਸਭ ਉਦਾਸੀਆਂ ਦੇ ਬਾਵਜੂਦ ‘ਦਮਾ ਦਮ ਮਸਤ ਕਲੰਦਰ’ ਦੀ ਕਲਾ ਦਾ ਆਵਾਜ਼ਾਂ ਗੂੰਜਦਾ ਰਿਹਾ ਅਤੇ ‘ਅਰੂਸਾ’ ਮਸਤੀ ਦੇ ਆਲਮ ਵਿੱਚ ਆਪਣੇ ਰੰਗ ਬਿਖੇਰਦੀ ਰਹੀ। ਜੇ ਸੁਖਬੀਰ ਨੇ ਕਿਤੇ ‘ਹੀਰ ਵਾਰਿਸ ਸ਼ਾਹ’ ਦੇ ਕਿੱਸਾ, ਸੁਣਿਆ ਜਾਂ ਪੜ੍ਹਿਆ ਹੁੰਦਾ ਤਾਂ ਵਾਰਿਸ ਦੀ ਇਹ ਤੁਕ ਉਸ ਨੂੰ ਜ਼ਰੂਰ ਚੇਤੇ ਹੋਣੀ ਸੀ ਕਿ ‘ਵਾਰਿਸਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ’। ਇਸ ਲਈ ਸੁਖਬੀਰ ਬਾਦਲ ਨੂੰ ਅਜਿਹੀਆਂ ਅਣਹੋਣੀਆਂ ਗੱਲਾਂ ਵਿੱਚ ਵਕਤ ਜ਼ਾਇਆ ਕਰਨ ਦੀ ਬਜਾਏ ਆਪਣੀ ਕੁਰਬਾਨੀ ਦਾ ਸ਼ੱੁਭ ਮਹੂਰਤ ਕਰਨਾ ਚਾਹੀਦਾ ਹੈ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਕ ਤੱਥਾਂ ਦੀ ਦ੍ਰਿਸ਼ਟੀ ਵਿੱਚ, ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਵਿੱਚ ਕੇਵਲ ਇੱਕ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਅਜਿਹਾ ਪ੍ਰਧਾਨ ਹੈ ਜਿਸ ਦੀ ਆਪਣੀ, ਪੰਥ, ਪੰਜਾਬ ਅਤੇ ਸਿੱਖ ਕੌਮ ਲਈ, ਕਤੱਈ ਕੋਈ ਕੁਰਬਾਨੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਮੁੱਲ ਸਭ ਤੋਂ ਵੱਧ ਇਨ੍ਹਾਂ ਨੇ ਵਸੂਲ ਕੀਤਾ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦੇ ਇਤਿਹਾਸ ਦਾ ਇੱਕ ਹੋਰ ਦਿਲਚਸਪ ਅਧਿਆਇ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਸਮੇਂ-ਸਮੇਂ ਅਤੇ ਕੀਤੀ ਗਈ ਜੱਦੋ-ਜਹਿਦ ਅਤੇ ਮੋਰਚਿਆਂ ਵਿੱਚ ਕੀਤੀਆਂ ਗਈਆਂ ਕੁਰਬਾਨੀਆਂ ਦਾ, ਸਭ ਤੋਂ ਵੱਧ ਮੁੱਲ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਟੱਬਰ ਨੇ ਹੀ ਵੱਟਿਆ ਹੈ। ਉਨ੍ਹਾਂ ਕਿਹਾ ਕਿ ਪੰਥ ਦੀਆਂ ਕੁਰਬਾਨੀਆਂ ਦੇ ਰਾਗ ਅਲਾਪ ਕੇ, ਅੱਜ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਧ ਅਮੀਰ, ਕਾਰਪੋਰੇਟ ਘਰਾਣਾ ਬਣ ਗਿਆ ਹੈ, ਪਰ ਜਿਹੜੇ ਕੁਰਬਾਨੀ ਵਾਲੇ ਮਾਸੂਮ ਜਥੇਦਾਰਾਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਜਿਨ੍ਹਾਂ ਅਕਾਲੀ ਪਰਿਵਾਰਾਂ ਦੇ ਸਿੰਘਾਂ ਨੇ ਅਕਾਲੀ ਮੋਰਚਿਆਂ ਵਿੱਚ ਜੇਲ੍ਹਾਂ ਕੱਟੀਆਂ, ਸ਼ਹੀਦੀਆਂ ਦਿੱਤੀਆਂ ਉਨ੍ਹਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਉਨ੍ਹਾਂ ਸ਼ਹੀਦਾਂ ਅਤੇ ਕੁਰਬਾਨੀ ਕਰਨ ਵਾਲੇ ਪਰਿਵਾਰਾਂ ਦੇ ਨਾਮ ਵੀ ਚੇਤੇ ਨਹੀਂ ਹੋਣੇ। ਇਸ ਲਈ ਪੰਥਕ ਰਵਾਇਤਾਂ ਅਨੁਸਾਰ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਦੀ ਬਜਾਏ, ਉਨ੍ਹਾਂ ਨੂੰ ਖ਼ੁਦ ਹੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੇ ਵਾਸਤੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ, ਮਰਨ ਵਰਤ ਉੱਤੇ ਬੈਠ ਜਾਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਗੁਰੂ ਮਹਾਰਾਜ ਦੇ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਹੋਰਾਂ ਨੂੰ ਉਪਦੇਸ਼ ਦੇਣ ਦੀ ਬਜਾਏ, ਖ਼ੁਦ ਕੁਰਬਾਨੀ ਲਈ ਅੱਗੇ ਆਉਣਾ ਚਾਹੀਦਾ ਹੈ। ਉਂਜ ਵੀ ਉਨ੍ਹਾਂ ਲਈ ਕੁਰਬਾਨੀ ਦੇ ਜਜ਼ਬੇ ਨੂੰ ਸੱਚ ਕਰ ਦਿਖਾਉਣ ਲਈ ਇਸ ਤੋਂ ਬਿਹਤਰ ਸਮਾਂ ਹੋਰ ਕੋਈ ਨਹੀਂ ਹੋ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …