nabaz-e-punjab.com

ਸੁਖਬੀਰ ਬਾਦਲ ਦੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਅਪੀਲ ਮਹਿਜ਼ ਡਰਾਮੇਬਾਜ਼ੀ: ਬਡਹੇੜੀ

ਪੰਜਾਬ ਵਿੱਚ ਸਤਾ ਤੋਂ ਲਾਂਭੇ ਹੋਣ ਮਗਰੋਂ ਹੀ ਬਾਦਲ ਪਰਿਵਾਰ ਨੂੰ ਯਾਦ ਆਉਂਦੇ ਨੇ ਗੁੰਝਲਦਾਰ ਮਸਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਸੰਸਦ ਭਵਨ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਜਲਦੀ ਪੰਜਾਬ ਵਿੱਚ ਸ਼ਾਮਲ ਕਰਨ ਦੀ ਦੁਹਾਈ ਦੇਣ ਲਈ ਕੀਤੀ ਭਰਵੀਂ ਬਹਿਸ ’ਤੇ ਟਿੱਪਣੀ ਕਰਦਿਆਂ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਇਹ ਮਹਿਜ਼ ਇਕ ਡਰਾਮੇਬਾਜ਼ੀ ਹੈ ਜਦੋਂਕਿ ਸਚਾਈ ਕੋਹਾਂ ਦੂਰ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਰਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਚੰਡੀਗੜ੍ਹ ਸਮੇਤ ਪੰਜਾਬ ਦੇ ਹੋਰ ਗੁੰਝਲਦਾਰ ਮਸਲੇ ਉਦੋਂ ਹੀ ਯਾਦ ਆਉਂਦੇ ਹਨ ਹੈ ਜਦੋਂ ਉਹ ਪੰਜਾਬ ਵਿੱਚ ਸਤਾ ਤੋਂ ਬਾਹਰ ਹੁੰਦੇ ਹਨ। ਉਨ੍ਹਾਂ ਬਾਦਲ ਨੂੰ ਸਵਾਲ ਕੀਤਾ ਕਿ ਪਿਛਲੇ 10 ਸਾਲ ਉਨ੍ਹਾਂ ਨੇ ਸੂਬੇ ’ਤੇ ਹਕੂਮਤ ਕੀਤੀ ਅਤੇ ਉਦੋਂ ਵੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਨ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਸਨ। ਉਨ੍ਹਾਂ ਨੂੰ ਉਸ ਵੇਲੇ ਇਹ ਮੁੱਦੇ ਕਿਉਂ ਚੇਤੇ ਨਹੀਂ ਆਏ।
ਸ੍ਰੀ ਬਡਹੇੜੀ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਇਹ ਮੰਗ 1966 ਤੋਂ ਲਗਾਤਾਰ ਕੀਤੀ ਜਾਂਦੀ ਰਹੀ ਹੈ ਜੋ ਕਿ ਅਕਾਲੀ ਦਲ ਦੇ 1973 ਦੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸ਼ਾਮਲ ਸੀ। ਉਸ ਬਾਅਦ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਕਦੇ ਵੀ ਇਹ ਮੰਗ ਨਹੀਂ ਕੀਤੀ ਕਿਉਂਕਿ ਉਹ ਕੁਰਸੀ ਖੁੱਸ ਜਾਣ ਤੋਂ ਡਰਦੇ ਸਨ। ਉਨ੍ਹਾਂ ਵਾਂਗ ਹੀ ਸੁਰਜੀਤ ਸਿੰਘ ਬਰਨਾਲਾ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ਖੁੱਸ ਜਾਣ ਤੋਂ ਡਰਦੇ ਸਨ। ਉਹ ਵੀ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਬਾਰੇ ਮੰਗ ਵਿਸਾਰ ਕੇ ਸਮਾਂ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਵਾਕਿਆ ਹੀ ਸੁਹਿਰਦ ਹੈ ਤਾਂ ਤੁਰੰਤ ਭਾਜਪਾ ਨਾਲ ਤੋੜ ਵਿਛੋੜਾ ਕਰਨ ਦਾ ਅਲਟੀਮੇਟਮ ਦੇ ਕੇ ਇਹ ਮੁੱਦਾ ਸੰਸਦ ਵਿੱਚ ਉਠਾਉਣ ਅਤੇ ਇਸ ਮੰਗ ਦੀ ਉਹ ਪੂਰਨ ਰੂਪ ਵਿੱਚ ਹਮਾਇਤ ਕਰਨ ਲਈ ਤਿਆਰ ਹਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…