ਸੁਖਬੀਰ ਬਾਦਲ ਵੱਲੋਂ 1984 ਸਿੱਖ ਕਤਲੇਆਮ ਦੇ 186 ਕੇਸਾਂ ਨੂੰ ਮੁੜ ਖੋਲ੍ਹਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ

ਕਾਂਗਰਸੀ ਆਗੂ ਤੇ ਜਾਂਚ ਏਜੰਸੀਆਂ ਵਿਚਕਾਰ ਗੰਢਤੁਪ ਦੀ ਜਾਂਚ ਲਈ ਨਵੀਂ ਸਿੱਟ ਦਾ ਘੇਰਾ ਵਿਸ਼ਾਲ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਪਰੀਮ ਕੋਰਟ ਵੱਲੋਂ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਉਹਨਾਂ 186 ਕੇਸਾਂ ਨੂੰ ਦੁਬਾਰਾ ਜਾਂਚ ਕਰਾਉਣ ਬਾਰੇ ਦਿੱਤੇ ਫੈਸਲੇ ਦਾ ਸਵਾਗਤ ਕੀਤਾ ਹੈ, ਜਿਹਨਾਂ ਨੂੰ ਐਸਆਈਟੀ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂਆਂ ਅਤੇ ਜਾਂਚ ਏਜੰਸੀਆਂ ਵਿਚਲੀ ਗੰਢਤੁਪ ਦੀ ਜਾਂਚ ਕਰਨ ਲਈ ਨਵੀਂ ਐਸਆਈਟੀ ਦੀ ਜਾਂਚ ਦਾ ਘੇਰਾ ਵੱਡਾ ਕਰਨ ਲਈ ਵੀ ਆਖਿਆ ਹੈ। ਅੱਜ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1984 ਕਤਲੇਆਮ ਦੇ ਦੌਰਾਨ ਦਿੱਲੀ ਅਤੇ ਮੁਲਕ ਦੇ 40 ਹੋਰ ਸ਼ਹਿਰਾਂ ਵਿਚ 8000 ਸਿੱਖਾਂ ਨੂੰ ਕਤਲ ਕੀਤਾ ਗਿਆ ਸੀ। ਇਸ ਭਿਆਨਕ ਕਤਲੇਆਮ ਦੇ ਪੀੜਤਾਂ ਨੂੰ ਕਾਂਗਰਸੀ ਆਗੂਆਂ ਅਤੇ ਜਾਂਚ ਏਜੰਸੀਆਂ ਵਿਚਲੀ ਗੰਢਤੁਪ ਕਰਕੇ ਪਿਛਲੇ 33 ਸਾਲ ਤੋਂ ਇਨਸਾਫ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਨਵੀਂ ਐਸਆਈਟੀ ਨੂੰ ਦਿੱਲੀ ਪੁਲਿਸ ਦੇ ਉਹਨਾਂ ਅਧਿਕਾਰੀਆਂ ਦੀ ਕੰਮ ਕਾਜ ਦੀ ਜਾਂਚ ਕਰਨੀ ਚਾਹੀਦੀ ਹੈ, ਜਿਹਨਾਂ ਨੇ ਜਾਣਬੁੱਝ ਕੇ ਕੁੱਝ ਆਗੂਆਂ ਖ਼ਿਲਾਫ ਕੇਸਾਂ ਨੂੰ ਕਮਜ਼ੋਰ ਕੀਤਾ ਸੀ। ਉਹਨਾਂ ਕਿਹਾ ਕਿ ਉਹਨਾਂ ਦੂਜੀਆਂ ਜਾਂਚ ਏਜੰਸੀਆਂ ਦੀ ਭੂਮਿਕਾ ਵੀ ਜਾਂਚੀ ਜਾਣੀ ਚਾਹੀਦੀ ਹੈ, ਜਿਹਨਾਂ ਨੇ ਇਸ ਮਾਮਲੇ ਵਿਚ ਢੁੱਕਵੀ ਕਾਰਵਾਈ ਨਹੀਂ ਕੀਤੀ ਸੀ। ਅਧਿਕਾਰੀਆਂ ਤੋਂ ਉਹਨਾਂ ਸਿਆਸੀ ਆਕਾਵਾਂ ਦੇ ਨਾਂ ਪੁੱਛੇ ਜਾਣੇ ਚਾਹੀਦੇ ਹਨ, ਜਿਹਨਾਂ ਨੇ ਕਾਨੂੰਨੀ ਕਾਰਵਾਈ ਵਿਚ ਵਿਘਨ ਪਾਇਆ ਸੀ।
ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਨਵੀਂ ਐਸਆਈਟੀ ਬਣਨ ਨਾਲ ਪਿਛਲੇ 33 ਸਾਲ ਤੋਂ ਕਾਨੂੰਨ ਦੀ ਗ੍ਰਿਫ਼ਤ ਤੋਂ ਬਚਣ ਵਾਲੇ ਅਜਿਹੇ ਬਹੁਤ ਸਾਰੇ ਕਾਂਗਰਸੀ ਆਗੂ ਕਾਬੂ ਵਿਚ ਆ ਜਾਣਗੇ, ਜਿਹਨਾਂ ਨੇ ਦਿੱਲੀ ਅਤੇ ਮੁਲਕ ਦੇ ਦੂਜੇ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਸੀ। ਉਹਨਾਂ ਕਿਹਾ ਕਿ 1984 ਕਤਲੇਆਮ ਵਿਚ ਸ਼ਮੂਲੀਅਤ ਵਾਲੇ ਐਚਕੇਐਲ ਭਗਤ, ਧਰਮ ਦਾਸ ਸਾਸ਼ਤਰੀ, ਅਤੇ ਅਰਜਨ ਦਾਸ ਸਮੇਤ ਬਹੁਤ ਸਾਰੇ ਕਾਂਗਰਸੀ ਆਗੂ ਕੁਦਰਤੀ ਮੌਤ ਮਰ ਚੁੱਕੇ ਹਨ। ਉਹਨਾਂ ਕਿਹਾ ਕਿ ਅਜੇ ਵੀ ਜਗਦੀਸ਼ ਟਾਇਟਲਰ ਅਤੇ ਕਮਲ ਨਾਥ ਵਰਗੇ ਆਜ਼ਾਦ ਘੁੰਮ ਰਹੇ ਹਨ ਅਤੇ ਉਹਨਾਂ ਨੂੰ ਪਿਛਲੀ ਕਾਂਗਰਸ ਸਰਕਾਰ ਵੱਲੋਂ ਉੱਚੇ ਅਹੁਦਿਆਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ 186 ਕੇਸਾਂ ਦੀ ਜਾਂਚ ਤੇਜ਼ੀ ਨਾਲ ਕਰਨਾ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਲਿਆਉਣ ਦੀ ਕਾਰਵਾਈ ਸ਼ੁਰੂ ਕਰਨੀ ਬਹੁਤ ਹੀ ਜ਼ਰੂਰੀ ਹੈ। ਉਹਨਾਂ ਕਿਹਾ ਕਿ 33 ਸਾਲ ਗੁਜ਼ਰ ਚੁੱਕੇ ਹਨ। ਬਹੁਤ ਸਾਰੇ ਗਵਾਹ ਮਰ ਚੁੱਕੇ ਹਨ ਅਤੇ ਬਹੁਤ ਸਾਰੇ ਬਜ਼ੁਰਗ ਹੋ ਚੁੱਕੇ ਹਨ। ਸਾਨੂੰ ਸਿੱਖ-ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੈਰਵੀ ਦੀ ਕਾਰਵਾਈ ਤੇਜ਼ੀ ਨਾਲ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…