ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ: ਵਿਸ਼ਵ ਦੇ ਪਹਿਲੇ ਏਸੀ ਬੱਸ ਅੱਡੇ ਦੇ ਪ੍ਰਬੰਧਕ ਨੇਮਾਂ ਮੁਤਾਬਕ ਟੈਕਸ ਭਰਨ ਤੋਂ ਇਨਕਾਰੀ

ਮੁਹਾਲੀ ਨਗਰ ਨਿਗਮ ਨੇ ਕੰਪਨੀ ਨੂੰ ਭੇਜਿਆ 17 ਲੱਖ 83 ਹਜ਼ਾਰ ਟੈਕਸ ਜਮ੍ਹਾਂ ਕਰਵਾਉਣ ਦਾ ਨੋਟਿਸ, ਏਸੀ ਅੱਡਾ ਸੀਲ ਕਰਨ ਦੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਮੁਹਾਲੀ ਵਿੱਚ ਵਿਸ਼ਵ ਪੱਧਰ ਦਾ ਪਹਿਲਾ ਏਅਰ ਕੰਡੀਸ਼ਨ ਬੱਸ ਟਰਮੀਨਲ ਮੁੜ ਵਿਵਾਦਾਂ ਵਿੱਚ ਘਿਰ ਗਿਆ ਹੈ। ਪ੍ਰਾਈਵੇਟ ਕੰਪਨੀ ਦੇ ਪ੍ਰਬੰਧਕ ਨੇਮਾਂ ਮੁਤਾਬਕ ਪੁਰਾ ਟੈਕਸ ਭਰਨ ਤੋਂ ਇਨਕਾਰੀ ਹਨ। ਸੱਤਾ ਪਰਿਵਰਤਨ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਆਪਣੀ ਚੁੱਪੀ ਤੋੜਦਿਆਂ ਕੰਪਨੀ ਦੇ ਅਧਿਕਾਰੀਆਂ ਨੂੰ ਨੋਟਿਸ ਦੇ ਰੂਪ ਵਿੱਚ ਸਖ਼ਤ ਚਿਤਾਵਨੀ ਭਰਿਆ ਪੱਤਰ ਲਿਖ ਕੇ 17 ਲੱਖ 83 ਹਜ਼ਾਰ 882 ਰੁਪਏ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੰਪਨੀ ਨੇ 5 ਮਈ ਤੱਕ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਣਦਾ ਟੈਕਸ ਅਦਾ ਨਹੀਂ ਕੀਤਾ ਤਾਂ ਬੱਸ ਅੱਡੇ ਦੀ ਇਮਾਰਤ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਂਜ ਇਸ ਤੋਂ ਪਹਿਲਾਂ ਵੀ ਕੰਪਨੀ ਨੂੰ ਟੈਕਸ ਵਸੂਲੀ ਲਈ ਤਿੰਨ ਪੱਤਰ ਲਿਖੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਨਿਗਮ ਨੇ ਕੰਪਨੀ ਨੂੰ ਦਸੰਬਰ 2016 ਵਿੱਚ ਪਹਿਲਾ ਪੱਤਰ ਲਿਖ ਕੇ ਸਾਲ 2013 ਤੋਂ ਲੈ ਕੇ ਹੁਣ ਤੱਕ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਆਖਿਆ ਸੀ। ਇਸ ਦੇ ਜਵਾਬ ਵਿੱਚ ਕੰਪਨੀ ਨੇ ਨਿਗਮ ਨੂੰ ਜਵਾਬੀ ਪੱਤਰ ਵਿੱਚ ਆਖਿਆ ਕਿ ਸਾਲ 2013-14 ਦਾ ਸਿਰਫ਼ 1 ਲੱਖ 14 ਹਜ਼ਾਰ 855 ਅਤੇ ਸਾਲ 2014-15 ਦਾ 87 ਹਜ਼ਾਰ 495 ਅਤੇ ਸਾਲ 2015-16 ਦਾ 77 ਹਜ਼ਾਰ 235 ਰੁਪਏ ਟੈਕਸ ਬਣਦਾ ਹੈ ਅਤੇ ਕੰਪਨੀ ਨੇ 2 ਲੱਖ 79 ਹਜ਼ਾਰ 585 ਰੁਪਏ ਦਾ ਬੈਂਕ ਡਰਾਫ਼ਟ ਬਣਾ ਕੇ ਭੇਜ ਦਿੱਤਾ। ਲੇਕਿਨ ਨਗਰ ਨਿਗਮ ਨੇ ਕੰਪਨੀ ਦੀਆਂ ਦਲੀਲਾਂ ’ਤੇ ਇਤਰਾਜ਼ ਬੀਤੀ 30 ਜਨਵਰੀ ਨੂੰ ਦੂਜਾ ਪੱਤਰ ਭੇਜਦਿਆਂ ਕਿਹਾ ਕਿ ਕੰਪਨੀ ਦਾ ਐਸਟੀਮੇਟ ਬਿਲਕੁਲ ਗਲਤ ਹੈ। ਕਿਉਂਕਿ ਨਿਯਮਾਂ ਮੁਤਾਬਕ ਵੱਧ ਟੈਕਸ ਅਦਾ ਕਰਨਾ ਬਣਦਾ ਹੈ। ਨਿਗਮ ਨੇ ਕੰਪਨੀ ਨੂੰ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਟੈਕਸ ਦਿੱਤਾ ਜਾਵੇ। ਕੰਪਨੀ ਨੇ 6 ਫਰਵਰੀ ਨੂੰ ਮੁੜ ਉਹੀ ਜਵਾਬ ਬਣਾ ਕੇ ਵਾਪਸ ਭੇਜ ਦਿੱਤਾ। ਨਿਗਮ ਨੇ ਫਿਰ ਤੋਂ 14 ਫਰਵਰੀ ਨੂੰ ਟੈਕਸ ਵਸੂਲੀ ਲਈ ਪੱਤਰ ਲਿਖਿਆ ਗਿਆ।
ਇਸ ਸਬੰਧੀ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਿਗਮ ਸਟਾਫ਼ ’ਤੇ ਰੋਅਬ ਝਾੜਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੁਖਬੀਰ ਬਾਦਲ ਦਾ ਪ੍ਰਾਜੈਕਟ ਅਤੇ ਕੰਪਨੀ ਨੂੰ ਲੀਜ਼ ’ਤੇ ਜ਼ਮੀਨ ਦਿੱਤੀ ਗਈ ਹੈ ਅਤੇ ਇਸ ਜ਼ਮੀਨ ਦਾ ਅਸਲ ਮਾਲਕ ਕੋਈ ਹੋਰ ਹੈ। ਅਧਿਕਾਰੀ ਦਾ ਕਹਿਣਾ ਸੀ ਕਿ ਬਾਦਲ ਹੁਰਾਂ ਨੇ ਨਿੱਜੀ ਦਿਲਚਸਪੀ ਲੈ ਕੇ ਲੋਕ ਹਿੱਤ ਵਿੱਚ ਇਹ ਬੱਸ ਅੱਡਾ ਬਣਾਇਆ ਹੈ। ‘ਤੁਸੀਂ ਕਿਵੇਂ ਟੈਕਸ ਲੈ ਸਕਦੇ ਹੋ’? ਇਸ ਮਗਰੋਂ ਨਿਗਮ ਨੇ ਬੀਤੀ 20 ਮਾਰਚ ਨੂੰ ਕੰਪਨੀ ਨੂੰ ਟੈਕਸ ਚੋਰੀ ਦੇ ਦੋਸ਼ ਵਿੱਚ ਇੱਕ ਹੋਰ ਚਿੱਠੀ ਜਾਰੀ ਕਰਕੇ ਕਿਹਾ ਗਿਆ ਕਿ ਕੰਪਨੀ ਵੱਲੋਂ ਪੁਰਾ ਟੈਕਸ ਨਹੀਂ ਭਰਿਆ ਜਾ ਰਿਹਾ ਹੈ ਅਤੇ ਜਾਣਬੁੱਝ ਕੇ ਗਲਤ ਐਸਟੀਮੇਟ ਬਣਾਇਆ ਗਿਆ ਹੈ। ਇਸ ਸਬੰਧੀ ਕੰਪਨੀ ਨੂੰ ਬਕਾਇਦਾ ਸਰਕਾਰ ਦੇ ਨੋਟੀਫਿਕੇਸ਼ਨ ਦੀ ਕਾਪੀ ਭੇਜਦਿਆਂ ਸਪੱਸ਼ਟ ਹਦਾਇਤ ਕੀਤੀ ਗਈ ਕਿ ਨੇਮਾਂ ਮੁਤਾਬਕ ਬਣਦਾ ਟੈਕਸ ਅਦਾ ਕੀਤਾ ਜਾਵੇ।
ਨਿਗਮ ਅਧਿਕਾਰੀ ਮੁਤਾਬਕ ਏਸੀ ਬੱਸ ਅੱਡੇ ਦੀ ਇਮਾਰਤ ਦਾ ਸਾਲ 2013-14 ਦਾ 3 ਲੱਖ 49 ਹਜ਼ਾਰ 382 ਅਤੇ ਸਾਲ 2014-15 ਦਾ ਵੀ ਏਨਾ ਹੀ ਅਤੇ ਸਾਲ 2015-16 ਵਿੱਚ ਵਧ ਕੇ ਕੁੱਲ ਰਾਸ਼ੀ 17 ਲੱਖ 83 ਹਜ਼ਾਰ 882 ਬਣਦੀ ਹੈ। ਕੰਪਨੀ ਨੂੰ ਬੀਤੀ 21 ਅਪਰੈਲ ਨੂੰ ਇੱਕ ਹੋਰ ਤਾੜਨਾ ਪੱਤਰ ਲਿਖ ਕੇ ਹਰ ਹਾਲਤ ਵਿੱਚ 100 ਫੀਸਦੀ ਇਹ ਰਕਮ ਜਮ੍ਹਾਂ ਕਰਵਾਈ ਜਾਵੇ। ਜੇਕਰ 5 ਮਈ ਤੱਕ ਸਾਰੇ ਪੈਸੇ (ਬਣਦਾ ਟੈਕਸ) ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਏਸੀ ਬੱਸ ਅੱਡੇ ਦੀ ਇਮਾਰਤ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Load More Related Articles

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…