ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ ਮੁਹਾਲੀ ਵਿੱਚ ਵਿਸ਼ਵ ਦਾ ਪਹਿਲਾ ਏਸੀ ਬੱਸ ਅੱਡਾ ਹੋਇਆ ਚਾਲੂ

ਕੌਮਾਂਤਰੀ ਏਅਰਪੋਰਟ ਤੋਂ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਦੁਨੀਆ ਭਰ ਵਿੱਚ ਬਣੀ ਮੁਹਾਲੀ ਦੀ ਪਛਾਣ

ਭਾਰਤ ਦੇ ਪਹਿਲੇ ਕਿਸਾਨ ਵਿਕਾਸ ਚੈਂਬਰ, ਮੈਡੀਕਲ ਸਿੱਖਿਆ ਤੇ ਖੋਜ਼ ਭਵਨ, ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਹੋਏ ਉਦਘਾਟਨ

ਮੁੱਖ ਮੰਤਰੀ ਬਾਦਲ ਨੇ ਮੁਹਾਲੀ ਵਿੱਚ ਬਣਨ ਵਾਲੇ ਵਿਸ਼ਵ ਦੇ ਪਹਿਲੇ ਐਡਵਾਂਸ ਅੋਟਿਜ਼ਮ ਰਿਸਰਚ ਤੇ ਕੇਅਰ ਸੈਂਟਰ ਦਾ ਨੀਂਹ ਪੱਥਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਅਕਾਲੀ-ਭਾਜਪਾ ਸਰਕਾਰ ਦੀ ਪਹਿਲਕਦਮੀ ਸਦਕਾ ਸਾਲ 2016 ਮੁਹਾਲੀ ਵਾਸੀਆਂ ਲਈ ਕਾਫੀ ਖੁਸ਼ਗਵਾਰ ਰਿਹਾ ਹੈ। ਮੁਹਾਲੀ ਨੂੰ ਪੰਜਾਬ ਦਾ ਮਾਡਲ ਸ਼ਹਿਰ ਬਣਾਉਣ ਲਈ ਹੁਕਮਰਾਨਾਂ ਨੇ ਕੋਈ ਕਸਰ ਨਹੀਂ ਛੱਡੀ ਗਈ। ਉਂਜ ਵਿਧਾਨ ਸਭਾ ਚੋਣਾਂ ਦੇ ਅਖੀਰਲੇ ਵਰ੍ਹੇ ਸੂਬਾ ਸਰਕਾਰ ਮੁਹਾਲੀ ’ਤੇ ਕੁੱਝ ਜ਼ਿਆਦਾ ਮਿਹਰਬਾਨ ਰਹੀ ਹੈ। ਸਰਕਾਰ ਦਾ ਆਖਰੀ ਵਰ੍ਹਾ ਸਰਕਾਰੀ ਤੋਹਫ਼ਿਆਂ ਵਾਲਾ ਰਿਹਾ ਹੈ। ਹਾਲਾਂਕਿ ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਕਾਰਨ ਸ਼ਹਿਰ ਦੀ ਵਿਸ਼ਵ ਭਰ ਵਿੱਚ ਪਛਾਣ ਬਣੀ ਹੋਈ ਹੈ ਲੇਕਿਨ ਨੇੜਲੇ ਪਿੰਡ ਝਿਊਰਹੇੜੀ ਦੀ ਜ਼ਮੀਨ ਵਿੱਚ ਬਣੇ ਕੌਮਾਂਤਰੀ ਏਅਰਪੋਰਟ ਤੋਂ ਇੰਟਰ ਨੈਸ਼ਨਲ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਮੁਹਾਲੀ ਦੁਨੀਆ ਭਰ ਦੇ ਨਕਸ਼ੇ ’ਤੇ ਛਾ ਗਿਆ ਹੈ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਮੁਹਾਲੀ ਵਿੱਚ ਵਿਸ਼ਵ ਦਾ ਪਹਿਲਾ ਏਸੀ ਬੱਸ ਟਰਮੀਨਲ ਵੀ ਸ਼ੁਰੂ ਹੋ ਗਿਆ ਹੈ। ਕਰੀਬ ਬੀਤੀ 16 ਦਸੰਬਰ ਨੂੰ 500 ਕਰੋੜੀ ਇਸ ਵਕਾਰੀ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਖ਼ੁਦ ਜੂਨੀਅਰ ਬਾਦਲ ਨੇ ਕੀਤਾ ਹੈ। ਉਂਜ ਸਰਕਾਰ ਦੀ ਬੇਧਿਆਨੀ ਕਾਰਨ ਇਹ ਪ੍ਰਾਜਕੈਟ ਸੱਤ ਸਾਲਾਂ ਬਾਅਦ ਨੇਪਰੇ ਚੜ੍ਹਿਆ ਹੈ। ਉਧਰ, ਮੰਡੀ ਬੋਰਡ ਦੇ ਸਕੱਤਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਨਿੱਜੀ ਦਿਲਚਸਪੀ ਲੈਣ ਕਾਰਨ ਹਵਾਈ ਅੱਡੇ ਨੇੜੇ 21 ਕਰੋੜੀ ਵਿਸ਼ਵ ਦਾ ਪਹਿਲਾ ਕਿਸਾਨ ਵਿਕਾਸ ਚੈਂਬਰ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਕੰਮ ਮਿਥੇ ਸਮੇਂ ਤੋਂ ਪਹਿਲਾਂ ਛੇ ਮਹੀਨੇ ਵਿੱਚ ਹੀ ਮੁਕੰਮਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦਾ ਇਹ ਇੱਕੋ ਇੱਕ ਪਹਿਲਾਂ ਅਜਿਹਾ ਪ੍ਰਾਜੈਕਟ ਹੈ, ਜੋ ਮਿਥੇ ਸਮੇਂ ਤੋਂ ਪਹਿਲਾਂ ਨੇਪਰੇ ਚਾੜ੍ਹ ਕੇ ਕੈਪਟਨ ਸਿੱਧੂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਜਿਸ ਦਾ ਉਦਘਾਟਨ ਬੀਤੀ 15 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਸ੍ਰੀ ਬਾਦਲ ਨੇ ਰੱਖਿਆ ਸੀ।
ਇਸੇ ਤਰ੍ਹਾਂ ਮੁਹਾਲੀ ਵਿੱਚ ਵਿਸ਼ਵ ਦੇ ਪਹਿਲੇ 24 ਕਰੋੜੀ ਐਡਵਾਂਸ ਅੋਟਿਜ਼ਮ ਰਿਸਰਚ ਤੇ ਕੇਅਰ ਸੈਂਟਰ ਦਾ ਨੀਂਹ ਪੱਥਰ 26 ਨਵੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਹੈ। ਇਸ ਸੈਂਟਰ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਮਿਆਰੀ ਸਿੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਕਟਰ-69 ਵਿੱਚ ਮੈਡੀਕਲ ਸਿੱਖਿਆ ਤੇ ਖੋਜ਼ ਭਵਨ, ਸੈਕਟਰ-82 ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਕਾਇਰੋਪਰੈਕਟਿਕ ਤੇ ਇੰਟਰ ਨੈਸ਼ਨਲ ਮੈਡੀਕਲ ਮੈਸਾਜ ਥਰੈਪੀ ਇੰਸਟੀਚਿਊਟ, ਸੈਕਟਰ-82 ਵਿੱਚ ਹੀ ਆਟੋ ਮੈਟਿਡ ਡਰਾਈਵਿੰਗ ਟੈਸਟ ਸੈਂਟਰ, ਫੇਜ਼-6 ਵਿੱਚ ਅਪਗਰੇਡਿੰਗ ਅਤਿ ਆਧੁਨਿਕ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇੱਥੋਂ ਦੇ ਸੈਕਟਰ-76 ਵਿੱਚ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜੁਝਾਰ ਨਗਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਨਵੀਂ ਇਮਾਰਤ ਦਾ ਉਦਘਾਟਨ ਕ੍ਰਮਵਾਰ ਜੂਨੀਅਰ ਬਾਦਲ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕੀਤਾ ਗਿਆ ਹੈ। ਇੰਝ ਹੀ ਫੇਜ਼-10 ਵਿੱਚ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਵੱਲੋਂ ਕਿਰਤ ਭਵਨ ਦਾ ਉਦਘਾਟਨ ਕੀਤਾ ਗਿਆ ਹੈ। ਇਸੇ ਸਾਲ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੁਲੀਸ ਦੇ ਸਾਂਝ ਕੇਂਦਰ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਫੇਜ਼-8 ਵਿੱਚ ਰੈਪਿਡ ਰੂਰਲ ਰਿਸਪਾਂਸ ਸਿਸਟਮ ਅਤੇ ਸੈਕਟਰ-66 ਵਿੱਚ ਰਿਹੈਬਿਲੀਟੇਸ਼ਨ ਸੈਂਟਰ (ਸਰਕਾਰੀ ਨਸ਼ਾ ਛੁਡਾਊ ਕੇਂਦਰ) ਸਮੇਤ 18 ਸਰਕਾਰੀ ਹਾਈ ਅਤੇ ਐਲੀਮੈਂਟਰੀ ਸਕੂਲਾਂ ਨੂੰ ਅਪਗਰੇਡ ਕੀਤਾ ਗਿਆ ਹੈ।
(ਬਾਕਸ ਆਈਟਮ) :
ਮੁਹਾਲੀ ਵਿੱਚ ਸਰਕਾਰ ਦੀ ਬੇਧਿਆਨੀ ਕਾਰਨ ਅੱਧ ਵੱਟੇ ਪਏ ਅਹਿਮ ਪ੍ਰਾਜੈਕਟ:
ਮੁਹਾਲੀ ਸ਼ਹਿਰੀ ਖੇਤਰ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਦੀ ਪਿਆਸ ਬੁੱਝਣ ਲਈ ਕਜੌਲੀ ਤੋਂ ਪਾਣੀ ਦੀ ਸਿੱਧੀ ਸਪਲਾਈ ਲਈ 80 ਐਮਜੀਡੀ ਸਮਰੱਥਾ ਵਾਲੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਅਜੇ ਤਾਈਂ ਨੇਪਰੇ ਨਹੀਂ ਚੜ੍ਹ ਸਕਿਆ ਹੈ। ਇਸ ਪ੍ਰਾਜੈਕਟ ਦਾ ਕੰਮ ਕਾਫੀ ਸਮੇਂ ਤੋਂ ਸੁਸਤ ਚਾਲ ਚਲ ਰਿਹਾ ਹੈ। ਹਾਲਾਂਕਿ ਗਮਾਡਾ ਨੇ ਟਰੀਟਮੈਂਟ ਪਲਾਂਟ ਲਈ ਪਿੰਡ ਜੰਡਪੁਰ ਵਿੱਚ ਲੋੜੀਂਦੀ ਜ਼ਮੀਨ ਐਕਵਾਇਰ ਕਰ ਲਈ ਹੈ ਪ੍ਰੰਤੂ ਪਰਨਾਲ ਉਥੇ ਦਾ ਉਥੇ ਹੈ। ਇਸੇ ਤਰ੍ਹਾਂ ਦਾਰਾ ਸਟੂਡੀਓ ਤੋਂ ਖਾਨਪੁਰ ਚੌਕ ਤੱਕ ਬਾਈਪਾਸ ਬਣਾਉਣ ਦਾ ਪ੍ਰਾਜੈਕਟ ਵੀ ਸਰਕਾਰੀ ਫਾਈਲਾਂ ਵਿੱਚ ਦਫ਼ਨ ਹੋ ਗਿਆ ਹੈ। ਮਰਹੂਮ ਅਕਾਲੀ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਸਾਲ 1997 ਵਿੱਚ ਵਿੱਤ ਮੰਤਰੀ ਹੁੰਦਿਆਂ ਬਾਈਪਾਸ ਬਣਾਉਣ ਦਾ ਐਲਾਨ ਕੀਤਾ ਸੀ।
ਹੁਣ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸੂਬਾ ਸਰਕਾਰ ਨਾਲ ਮਿਲ ਕੇ ਬਲੌਂਗੀ ਤੋਂ ਖਾਨਪੁਰ ਤੱਕ ਫਲਾਈਓਵਰ ਅਤੇ ਛੇ ਮਾਰਗੀ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ, ਪ੍ਰੰਤੂ ਇਹ ਪ੍ਰਾਜੈਕਟ ਜਲਦੀ ਕਿਤੇ ਬਣਨ ਵਾਲਾ ਨਹੀਂ ਹੈ। ਇਸ ਦੀ ਉਸਾਰੀ ਲਈ ਕਾਫੀ ਸਮਾਂ ਲੱਗੇਗਾ। ਇੰਝ ਹੀ ਸੈਕਟਰ-62 ਵਿੱਚ ਸਿਟੀ ਸੈਂਟਰ, ਟਰਾਈਸਿਟੀ ਦਾ ਸਭ ਤੋਂ ਵੱਡਾ ਸਰਕਾਰੀ ਮਾਲ, ਸਿਟੀ ਬੱਸ ਸਰਵਿਸ, ਮੈਟਰੋ ਰੇਲ, ਸੋਹਾਣਾ-ਸਰਹਿੰਦ ਤੱਕ ਵਾਇਆ ਲਾਂਡਰਾਂ ਫੋਰਲੇਨ ਸੜਕ, ਲਾਂਡਰਾਂ ਟੀ-ਪੁਆਇੰਟ ’ਤੇ ਫਲਾਈ ਓਵਰ ਸਮੇਤ ਹੋਰ ਕਈ ਛੋਟੇ ਪ੍ਰਾਜੈਕਟ ਅਧੂਰੇ ਪਏ ਹਨ।

Load More Related Articles

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…