Share on Facebook Share on Twitter Share on Google+ Share on Pinterest Share on Linkedin ਸੁਖਬੀਰ ਬਾਦਲ ਨੇ ਟਕਸਾਲੀ ਅਕਾਲੀ ਆਗੂਆਂ ਦੀ ਪੁਰਾਣੇ ਖੁੰਢੇ ਹਥਿਆਰਾਂ ਨਾਲ ਕੀਤੀ ਤੁਲਨਾ ਪੁਰਾਣੇ ਤੇ ਖੁੰਢੇ ਹਥਿਆਰਾਂ ਨਾਲ ਕਦੇ ਕੋਈ ਜੰਗ ਨਹੀਂ ਜਿੱਤੀ ਜਾ ਸਕਦੀ: ਸੁਖਬੀਰ ਬਾਦਲ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਈ ਥਾਵਾਂ ’ਤੇ ਨਵੇਂ ਚਿਹਰੇ ਮੈਦਾਨ ਵਿੱਚ ਉਤਾਰੇ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬਾਗੀਆਂ ਨੂੰ ਘੂਰਕੀ ਦਿੰਦਿਆਂ ਸਪੱਸ਼ਟ ਸ਼ਬਦਾ ਵਿੱਚ ਆਖਿਆ ਹੈ ਕਿ ਪਾਰਟੀ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਵਿਰੋਧ ਕਰਨ ਵਾਲਿਆਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਇੱਥੋਂ ਦੇ ਸਿਸਵਾਂ ਮਾਰਗ ’ਤੇ ਸਥਿਤ ਫਤਹਿਗੜ੍ਹ ਪੈਲੇਸ ਵਿੱਚ ਸ੍ਰੀ ਗਿੱਲ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜੂਨੀਅਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਕਿਸੇ ਆਗੂ ਦੀ ਨਿੱਜੀ ਜਗੀਰ ਨਹੀਂ ਹੈ। ਉਹ ਪਾਰਟੀ ਦੇ ਪ੍ਰਧਾਨ ਹਨ, ਹੋ ਸਕਦਾ ਹੈ ਕਿ ਕੱਲ੍ਹ ਨੂੰ ਕੋਈ ਨਵਾਂ ਪ੍ਰਧਾਨ ਆ ਜਾਵੇ। ਉਨ੍ਹਾਂ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲ ਸਿੱਧਾ ਇਸ਼ਾਰਾ ਕਰਦਿਆਂ ਕਿਹਾ ਕਿ 10 ਸਾਲ ਸਰਕਾਰ ਵਿੱਚ ਸੱਤਾ ਦਾ ਨਿੱਘ ਮਾਣਨ ਵਾਲਿਆਂ ਵੱਲੋਂ ਹੁਣ ਬਗਾਵਤ ਦਾ ਝੰਡਾ ਚੁੱਕਣਾ ਬਿਲਕੁਲ ਗ਼ੈਰ ਵਾਜ਼ਬ ਹੈ। ਉਨ੍ਹਾਂ ਟਕਸਾਲੀ ਆਗੂਆਂ ਦੀ ਪੁਰਾਣੇ ਤੇ ਖੁੰਢੇ ਹਥਿਆਰਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਪੁਰਾਣੇ ਤੇ ਖੁੰਢੇ ਹਥਿਆਰਾਂ ਨਾਲ ਕਦੇ ਜੰਗ ਨਹੀਂ ਲੜੀ ਜਾ ਸਕਦੀ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਗਿੱਲ ਨੂੰ ਟਿਕਟ ਬਹੁਤ ਸੋਚ ਸਮਝ ਕੇ ਦਿੱਤੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਣਜੀਤ ਗਿੱਲ ਉਨ੍ਹਾਂ ਕੋਲ ਟਿਕਟ ਲੈਣ ਨਹੀਂ ਆਏ ਸੀ ਸਗੋਂ ਉਨ੍ਹਾਂ ਨੇ ਖ਼ੁਦ ਗਿੱਲ ਨੂੰ ਚੋਣ ਲੜਨ ਲਈ ਰਾਜ਼ੀ ਕੀਤਾ ਹੈ। ਇਸ ਲਈ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਿੱਲ ਉਨ੍ਹਾਂ ਦਾ ਦੂਜਾ ਰੂਪ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਨੇ ਚੋਣਾਂ ਜਿੱਤਣ ਲਈ ਨਵੇਂ ਚਿਹਰੇ ਮੈਦਾਨ ਵਿੱਚ ਉਤਾਰੇ ਤਾਂ ਜੋ ਮੁੜ ਪੰਜਾਬ ਵਿੱਚ ਅਕਾਲੀ-ਭਾਜਪਾ ਬਣਾ ਕੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ਼ ’ਤੇ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਸੁਖਬੀਰ ਨੇ ਸ੍ਰੀ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੱਪਾਂ ਮਾਰ ਕੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੂਬੇ ਦੇ ਲੋਕ ਬੇਗਾਨਿਆਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਦਿੱਲੀ ਵਿੱਚ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਸੂਬੇ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਵਿੱਚ ਮੁੱਖ ਮੁਕਾਬਲਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਆਪ ਤਾਂ ਕੇਵਲ 21 ਸੀਟਾਂ ’ਤੇ ਤਿਕੋਣੀ ਟੱਕਰ ਦੇ ਰਹੀ। ਇਸ ਤੋਂ ਇਲਾਵਾ ਉਕਤ ਪਾਰਟੀ ਦਾ ਸੂਬੇ ’ਚੋਂ ਸਫਾਇਆ ਹੋ ਜਾਵੇਗਾ। ਇਸ ਮੌਕੇ ਹਲਕਾ ਖਰੜ ਤੋਂ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ। ਉਹ ਇਸ ਨੂੰ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਇਸ ਮੌਕੇ ਐਸਜੀਪੀਸੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਓਐਸਡੀ ਚਰਨਜੀਤ ਸਿੰਘ ਬਰਾੜ, ਨੌਜਵਾਨ ਆਗੂ ਦਵਿੰਦਰ ਸਿੰਘ ਬਾਜਵਾ, ਜਰਨੈਲ ਸਿੰਘ ਬਾਜਵਾ, ਦਰਸ਼ਨ ਸਿੰਘ ਸ਼ਿਵਜੋਤ, ਚੌਧਰੀ ਅਰਜਨ ਸਿੰਘ ਕਾਂਸਲ, ਗੁਰਧਿਆਨ ਸਿੰਘ ਨਵਾਂ ਗਰਾਓਂ, ਦੀਪ ਢਿੱਲੋਂ, ਚੇਅਰਮੈਨ ਬਲਵਿੰਦਰ ਸਿੰਘ ਕਾਕਾ, ਰਣਧੀਰ ਸਿੰਘ ਧੀਰਾ, ਢਾਡੀ ਮਲਕੀਤ ਸਿੰਘ ਪਪਰਾਲੀ, ਮਨਜੀਤ ਸਿੰਘ ਮੁੰਧਂੋ, ਹਰਜਿੰਦਰ ਸਿੰਘ ਮੁੰਧੋਂ, ਹਰਦੀਪ ਸਿੰਘ ਖਿਜਰਾਬਾਦ, ਹਰਜੀਤ ਸਿੰਘ ਟੱਪਰੀਆਂ, ਸਰਬਜੀਤ ਸਿੰਘ ਕਦੀਮਾਜਰਾ, ਅੰਜੂ ਚੰਦਰ, ਬਿੱਟੂ ਖੁੱਲਰ, ਦਿਲਬਾਗ ਸਿੰਘ ਮੀਆਂਪੁਰ, ਕੁਲਦੀਪ ਸਿੰਘ ਤਕੀਪੁਰ, ਵਿਸ਼ੂ ਗੁਪਤਾ, ਰਣਜੀਤ ਸਿੰਘ, ਹਰਨੇਕ ਸਿੰਘ ਨੇਕੀ, ਕੁਲਵੰਤ ਸਿੰਘ ਕਾਂਤਾ ਸਰਪੰਚ, ਕਮਲ ਕਿਸ਼ੋਰ ਕਾਲਾ, ਅਮਨ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ