Share on Facebook Share on Twitter Share on Google+ Share on Pinterest Share on Linkedin ਢੀਂਡਸਾ ਪਰਿਵਾਰ ’ਚ ਪੁਆੜਾ ਪਵਾ ਕੇ ਸੁਖਬੀਰ ਨੇ ਪਿਊ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕੀਤਾ: ਬੀਰਦਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੌੜੀ ਰਾਜਨੀਤੀ ਨੇ ਸਭ ਤੋਂ ਪਹਿਲਾਂ ਤਾਂ ‘ਪਾਸ਼ ਤੇ ਦਾਸ’ ਭਾਵ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਦੇ ਰਿਸ਼ਤੇ ਦੀ ਬਲੀ ਲਈ। ਉਸ ਤੋਂ ਪਿੱਛੋਂ ਗੁਰੁ ਗ੍ਰੰਥ ਅਤੇ ਪੰਥ ਦੀ ਮਰਿਆਦਾ ਦਾ ਘਾਣ ਕੀਤਾ, ਸਿੱਖ ਤਖ਼ਤਾਂ ਦਾ ਮਾਣ-ਸਨਮਾਨ ਅਤੇ ਸ਼ਾਨਾ-ਮੱਤੀ ਮਰਿਆਦਾ ਦੀ ਬਲੀ ਦੇ ਕੇ ਡੇਰਾ ਸਿਰਸੇ ਨਾਲ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ, ਅਨੈਤਿਕ ਸੌਦੇਬਾਜ਼ੀ ਕੀਤੀ ਗਈ ਅਤੇ ਹੁਣ ਢੀਂਡਸਾ ਪਰਿਵਾਰ ਵਿੱਚ ਪੁਆੜਾ ਪੁਆ ਕੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਪਿਊ ਪੁੱਤ ਦੇ ਰਿਸ਼ਤੇ ਦੀ ਸਿੱਕੇਬੰਦ ਮਰਿਆਦਾ ਨੂੰ ਤਾਰ ਤਾਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਾਰਾ ਜਹਾਨ ਜਾਣਦਾ ਹੈ ਕਿ ਵੱਡੇ ਢੀਂਡਸਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਾਦਲਾਂ ਦਾ ਸਿਧਾਂਤਕ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਪੰਥ ਦੀ ਅਜੋਕੀ ਰਾਜਨੀਤੀ ਵਿੱਚ ਇਹ ਪਹਿਲਾ ਸਮਾਂ ਹੈ ਕਿ ਅਕਾਲੀ ਦਲ (ਬਾਦਲ) ਦੀ ਪਹਿਲੀ ਕਤਾਰ ਦੇ ਕਿਸੇ ਸੀਨੀਅਰ ਆਗੂ ਨੇ ਪੰਥ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਸਿੱਖ ਸਿਧਾਂਤਾਂ ਦੀ ਦ੍ਰਿਸ਼ਟੀ ਵਿੱਚ ਇੱਕ ਸਾਫ਼ ਤੇ ਪੁਖਤਾ ਨਜ਼ਰੀਆਂ ਅਖ਼ਤਿਆਰ ਕੀਤਾ ਹੈ। ਬੀਰਦਵਿੰਦਰ ਨੇ ਕਿਹਾ ਕਿ ਉਨ੍ਹਾਂ ਇਹ ਗੱਲ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਲਗਭਗ ਅੱਧੀ ਸਦੀ ਦੇ ਆਪਣੇ ਰਾਜਨੀਤਕ ਜੀਵਨ ਵਿੱਚ ਕਦੇ ਵੀ ਆਪਣੀ ਸਿਆਸੀ ਛਵੀ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਵੱਲੋਂ ਛੇ ਮਹੀਨੇ ਪਹਿਲਾਂ ਆਪਣੇ ਅਮਲੀ ਸਿਧਾਂਤਾਂ ਦੇ ਮੱਦੇਨਜ਼ਰ, ਅਕਾਲੀ ਦਲ (ਬਾਦਲ) ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਖ਼ਾਮੋਸ਼ੀ ਧਾਰ ਲੈਣ ਨਾਲ ਬਾਦਲਾਂ ਨੂੰ ਇੱਕ ਵੱਡਾ ਝਟਕਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਦੀ ਦ੍ਰਿਸ਼ਟੀ ਵਿੱਚ ਸ੍ਰੀ ਢੀਂਡਸਾ ਦੇ ਸਿਧਾਂਤਕ ਇਤਰਾਜ਼ਾਂ ਨੂੰ ਦਰਕਿਨਾਰ ਕਰਕੇ ਪੰਥਕ ਹਿੱਤਾਂ ’ਤੇ ਪਹਿਰਾ ਦੇਣ ਦੀ ਬਜਾਏ, ਕੇਵਲ ਆਪਣੇ ਪੁੱਤਰ ਸੁਖਬੀਰ ਬਾਦਲ ਦੀ ਹਿੰਡ ਪੁਗਾਉਣਣ ਨੂੰ ਹੀ ਤਰਜ਼ੀਹ ਦਿੱਤੀ ਗਈ। ਜਿਸ ਕਾਰਨ ਮੌਜੂਦਾ ਸਮੇਂ ਵਿੱਚ ਬਾਦਲ ਦਲ ਸਿਆਸੀ ਖੇਤਰ ਵਿੱਚ ਇੱਕ ਹਾਸ਼ੀਏ ’ਤੇ ਆਣ ਖੜਾ ਹੋਇਆ ਹੈ। ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਇਹ ਗੱਲ ਸਪੱਸ਼ਟ ਹੈ ਕਿ ਵੱਡੇ ਢੀਂਡਸਾ ਨੇ ਆਪਣੇ ਇਕਲੋਤੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ ਸੰਗਰੂਰ ਤੋਂ ਚੋਣ ਲੜਨ ਤੋਂ ਸਾਫ਼ ਮਨਾਂ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਇਸਦੇ ਬਾਵਜੂਦ ਉਨ੍ਹਾਂ ਦਾ ਬੇਟਾ ਚੋਣ ਲੜਦਾ ਹੈ ਤਾਂ ਉਹ ਬਾਦਲ ਪਰਿਵਾਰ ਨਾਲ ਸਿਧਾਂਤਕ ਮਤਭੇਦ ਹੋਣ ਕਾਰਨ ਕਿਸੇ ਵੀ ਕੀਮਤ ’ਤੇ ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਦੇ ਅਕਾਲੀ ਦਲ (ਬਾਦਲ) ਦੀ ਉਪਰਲੀ ਲੀਡਰਸ਼ਿਪ ਭਾਵ ਬਾਦਲ ਪਰਿਵਾਰ ਨਾਲ ਮਤਭੇਦ ਕੇਵਲ ਸਿਧਾਂਤਕ ਵਖਰੇਵਿਆਂ ਕਾਰਨ ਹੀ ਹਨ ਜੋ ਸਿੱਖ ਪੰਥ ਦੇ ਵਡੇਰੇੇ ਹਿੱਤਾਂ ਦੀ ਦ੍ਰਿਸ਼ਟੀ ਅਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਅਤੇ ਬਾਦਲਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਅਪਣਾਏ ਗਏ ਸਿੱਖ ਵਿਰੋਧੀ ਪੈਂਤੜਿਆਂ ’ਤੇ ਅਧਾਰਿਤ ਹਨ, ਪ੍ਰੰਤੂ ਬਾਦਲਾਂ ਨੇ ਹੁਣ ਇੱਕ ਹੋਰ ਸਿਆਸੀ ਪੈਂਤੜਾਂ ਖੇਡਦਿਆਂ ਢੀਂਡਸਾ ਪਿਓ-ਪੁੱਤਰ ਦੀ ਜੋੜੀ ਵਿੱਚ ਬਖੇੜਾ ਖੜਾ ਕਰ ਦਿੱਤਾ ਹੈ ਲੇਕਿਨ ਸਿੱਖ ਨੁਮਾਇੰਦੇ ਬਾਦਲ ਪਰਿਵਾਰ ਦੀ ਡੂੰਘੀ ਸਾਜ਼ਿਸ਼ ਨੂੰ ਬੂਰ ਨਹੀਂ ਪੈਣ ਦੇਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ