Nabaz-e-punjab.com

ਸੁਖਬੀਰ ਨੇ ਸਿਆਸੀ ਮੌਕਾ ਪ੍ਰਸਤੀ ਲਈ ਬਸਪਾ ਵਰਕਰਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ: ਬੱਬੀ ਬਾਦਲ

ਬਸਪਾ ਦੇ ਕਾਡਰ ਨੂੰ ਸੁਖਬੀਰ ਬਾਦਲ ਤੋਂ ਚੌਕੰਨਾ ਰਹਿਣ ਦੀ ਲੋੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਤਾਜ਼ਾ ਘਟਨਾਕ੍ਰਮ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਿਆਸੀ ਮੌਕਾ ਪ੍ਰਸਤੀ ਲਈ ਬਸਪਾ ਵਰਕਰਾਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ। ਅੱਜ ਇੱਥੇ ਬੱਬੀ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਗਲਤ ਪਿਰਤ ਪਾਉਣ ਵਾਲੇ ਪਹਿਲੇ ਸਿਆਸੀ ਆਗੂ ਹਨ, ਜੋ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਬਸਪਾ ਲਈ ਛੱਡੀਆਂ ਸੀਟਾਂ ’ਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਲੁਕਵੇਂ ਢੰਗ ਨਾਲ ਖੜ੍ਹੇ ਕਰਨ ਜਾ ਰਹੇ ਹਨ। ਅਜਿਹਾ ਕਰਕੇ ਸੁਖਬੀਰ ਬਾਦਲ ਨੇ ਬਸਪਾ ਦੇ ਕਾਡਰ ਨਾਲ ਧੋਖਾ ਕੀਤਾ ਹੈ ਅਤੇ ਬਸਪਾ ਵਰਕਰ ਅਤੇ ਹੋਰ ਗਰੀਬ ਪਰਿਵਾਰ ਬਾਦਲ ਦੀ ਇਸ ਪੈਂਤੜੇਬਾਜ਼ੀ ਤੋਂ ਬੇਹੱਦ ਤੰਗ ਪ੍ਰੇਸ਼ਾਨ ਹਨ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਸਿਆਸੀ ਸਮਝੌਤੇ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦੇ ਕਈ ਆਗੂ ਬਸਪਾ ਵਿੱਚ ਸ਼ਾਮਲ ਕਰਵਾ ਉਨ੍ਹਾਂ ਨੂੰ ਭਾਈਵਾਲ ਪਾਰਟੀ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸੁਖਬੀਰ ਨੇ ਬਸਪਾ ਹਮਾਇਤੀਆਂ ਨਾਲ ਬੇਈਮਾਨੀ ਕੀਤੀ ਹੈ। ਜਿਸ ਤੋਂ ਬਸਪਾ ਕਾਡਰ ਅਤੇ ਦਲਿਤ ਸਮਾਜ ਨੂੰ ਚੌਕੰਨਾ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਇਸ ਕਦਮ ਨਾਲ ਇੱਕ ਗੱਲ ਸਾਫ਼ ਹੋ ਗਈ ਹੈ ਕਿ ਸੁਖਬੀਰ ਬਸਪਾ ਨੂੰ ਖੋਖਲਾ ਕਰਨ ਦੀ ਰਣਨੀਤੀ ਘੜ ਰਹੇ ਹਨ। ਜਿਸਦਾ ਬਸਪਾ ਦੇ ਕਾਡਰ ਅਤੇ ਵੋਟ ਬੈਂਕ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅਕਾਲੀ ਦਲ ਨੇ ਭਾਜਪਾ ਨਾਲੋਂ ਤਾੜਾ ਤੋੜ ਲਿਆ ਸੀ ਅਤੇ ਕੁੱਝ ਦਿਨ ਪਹਿਲਾਂ ਮਿਸ਼ਨ-2022 ਫਤਿਹ ਕਰਨ ਲਈ ਬਸਪਾ ਨਾਲ ਸਿਆਸੀ ਗੱਠਜੋੜ ਕੀਤਾ ਗਿਆ ਸੀ। ਅਕਾਲੀ ਦਲ ਨੇ ਮੁਹਾਲੀ ਹਲਕੇ ਦੀ ਸੀਟ ਸਮਝੌਤੇ ਬਸਪਾ ਨੂੰ ਦਿੱਤੀ ਸੀ ਪ੍ਰੰਤੂ ਬਾਅਦ ਵਿੱਚ ਆਪਣੇ ਨੇੜਲੇ ਅਕਾਲੀ ਆਗੂ ਗੁਰਮੀਤ ਸਿੰਘ ਬਾਕਰਪੁਰ ਨੂੰ ਬਸਪਾ ਵਿੱਚ ਸ਼ਾਮਲ ਕਰਵਾ ਕੇ ਉਨ੍ਹਾਂ ਨੂੰ ਟਿਕਟ ਵੀ ਦਿਵਾ ਦਿੱਤੀ ਲੇਕਿਨ ਹੁਣ ਅਕਾਲੀ ਦਲ ਨੇ ਇਹ ਸੀਟ ਵਾਪਸ ਲੈ ਕੇ ਆਪਣਾ ਉਮੀਦਵਾਰ ਖੜਾ ਕਰਨ ਦੀ ਵਿਊਂਤਬੰਦੀ ਕੀਤੀ ਜਾ ਰਹੀ ਹੈ।

Load More Related Articles

Check Also

ਮੁਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ

ਮੁਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ ਫਾਈਨਲ…