ਸੁਖਬੀਰ ਬਾਦਲ ਨੇ ਐਨਆਰਆਈ ਭਾਈਚਾਰੇ ਨੂੰ ਅਤਿਵਾਦੀ ਦੱਸ ਕੇ ਪਰਵਾਸੀ ਪੰਜਾਬੀਆਂ ਦਾ ਅਪਮਾਨ ਕੀਤਾ: ਸੰਜੇ ਸਿੰਘ

ਜੂਨੀਅਰ ਬਾਦਲ ਦੀ ਟਿੱਪਣੀ ਅਤਿ ਘਟੀਆ ਦਰਜੇ ਅਤੇ ਬੌਖਲਾਹਟ ਦਾ ਪ੍ਰਤੀਕ: ਕੰਵਰ ਸੰਧੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਜਨਰਲ ਸਕੱਤਰ ਸੰਜੇ ਸਿੰਘ ਅਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਸ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਮੁੱਚੇ ਐਨਆਰਆਈ ਭਾਈਚਾਰੇ ਨੂੰ ਅਤਿਵਾਦੀ ਦੱਸਦਿਆਂ ਆਮ ਆਦਮੀ ਪਾਰਟੀ ’ਤੇ ਕੱਟੜਵਾਦੀਆਂ ਤੋਂ ਫੰਡ ਲੈਣ ਦਾ ਦੋਸ਼ ਲਗਾਇਆ ਹੈ। ਕੈਨੇਡਾ ਤੋਂ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਵੱਡੀ ਵਿੱਚ ਪਹੁੰਚੇ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਪ੍ਰਵਾਸੀ ਭਾਰਤੀਆਂ ਬਾਰੇ ਉਨਾਂ ਦੀ ਬੋਲੀ ਬੇਬੁਨਿਆਦ ਹੈ ਅਤੇ ਉਨਾਂ ਨੇ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਵਾਸੀਆਂ ਨੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਮਾਨਸਿਕ ਅਤੇ ਵਿੱਤੀ ਸਮਰਥਨ ਦਿੱਤਾ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਦੋਸ਼ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਅਤਿਵਾਦੀਆਂ ਕੋਲੋਂ ਫੰਡ ਲੈ ਰਹੀ ਹੈ।
ਸ੍ਰੀ ਸੰਜੇ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਪੰਜਾਬ ਵਿੱਚ 100 ਤੋਂ ਜਿਆਦਾ ਸੀਟਾਂ ਉਤੇ ਜਿੱਤ ਹਾਸਲ ਕਰੇਗੀ ਅਤੇ ਦੋਵੇਂ ਬਾਦਲ ਲੰਬੀ ਅਤੇ ਜਲਾਲਾਬਾਦ ਤੋਂ ਵੱਡੇ ਫਰਕ ਨਾਲ ਹਾਰਨਗੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਚੋਣ ਲੜ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਐਨਾ ਹੀ ਭਰੋਸਾ ਹੈ ਤਾਂ ਉਹ ਦੋ ਸੀਟਾਂ ਉਤੇ ਚੋਣ ਕਿਓਂ ਲੜ ਰਹੇ ਹਨ, ਸਿਰਫ ਲੰਬੀ ਤੋਂ ਹੀ ਚੋਣ ਕਿਓਂ ਨਹੀਂ ਲੜਦੇ।
ਇਸ ਮੌਕੇ ਖਰੜ ਤੋਂ ਆਪ ਦੇ ਉਮੀਦਵਾਰ ਕੰਵਰ ਸੰਧੂ ਨੇ ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਟਿੱਪਣੀ ਹੱਦ ਦਰਜੇ ਦੀ ਘਟੀਆ ਹੈ ਅਤੇ ਇਸ ਤੋਂ ਉਸ ਦੀ ਅਕਾਲੀਆਂ ਦੀ ਸਾਫ਼ ਬੌਖਲਾਹਟ ਝਲਕਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਚਾਹੁੰਦੇ ਹਨ ਕਿ ਪੰਜਾਬ ਵਿੱਚ ਵਸਦੇ ਲੋਕ ਨੂੰ ਅਜਿਹੀਆਂ ਸਹੂਲਤਾਂ ਮਿਲਣ ਜਿਵੇਂ ਵਿਦੇਸ਼ਾਂ ਵਿੱਚ ਮਿਲਦੀਆਂ ਹਨ। ਉਨਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਚੰਗੀਆਂ ਸਰਕਾਰਾਂ ਅਤੇ ਸਖਤ ਮਿਹਨਤ ਕਾਰਨ ਉਥੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਉਹ ਅੱਤਵਾਦੀ ਬਣਨ ਬਾਰੇ ਕਿਵੇਂ ਸੋਚ ਸਕਦੇ ਹਨ। ਕੰਵਰ ਸੰਧੂ ਨੇ ਕਿਹਾ ਕਿ ਬਾਦਲ ਪਰਿਵਾਰ ਕੋਲੋਂ ਐਨਆਰਆਈ ਭਾਈਚਾਰੇ ਦੀ ਬੇਇਜਤੀ ਦਾ ਬਦਲਾ ਪੰਜਾਬ ਦੇ ਲੋਕ ਬਾਦਲਾਂ ਨੂੰ ਹਰਾ ਕੇ ਲੈਣਗੇ।
ਸ੍ਰੀ ਸੰਧੂ ਨੇ ਕਿਹਾ ਕਿ ਐਨਆਰਆਈ ਭਾਈਚਾਰਾ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਅਤੇ ਆਪਣੀ ਮਾਤ੍ਰ ਭੂਮੀ ਦੇ ਵਿਕਾਸ ਲਈ ਬਰਾਬਰ ਦਾ ਹਿੱਸੇਦਾਰ ਹੈ। ਉਨਾਂ ਨੇ ਐਨਆਰਆਈ ਭਾਈਚਾਰੇ ਦਾ ਬਿਨਾਂ ਕਿਸੇ ਸ਼ਰਤ ਤੋਂ ਸਮਰਥਨ ਦੇਣ ਲਈ ਧੰਨਵਾਦ ਕੀਤਾ। ਐਨਆਰਆਈ ਭਾਈਚਾਰੇ ਨੂੰ ਪੰਜਾਬ ਲਿਆਉਣ ਲਈ ਜੋਰ ਲਗਾਉਣ ਵਾਲੇ ਜਸਕਿਰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਟਿੱਪਣੀਆਂ ਕਾਰਨ ਐਨਆਰਆਈ ਭਾਈਚਾਰੇ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਉਨਾਂ ਕਿਹਾ ਕਿ ਅਕਾਲੀ ਆਗੂ ਜਿਹੜੇ ਪਿਛਲੇ ਸਾਲ ਯੂਐਸਏ ਅਤੇ ਕੈਨੇਡਾ ਗਏ ਸਨ, ਪੰਜਾਬ ਨੂੰ ਨਸ਼ਾ ਕਲਚਰ ਰਾਹੀਂ ਬਰਬਾਦ ਕਰਨ ਕਰਕੇ ਉਨਾਂ ਨੂੰ ਪੰਜਾਬੀ ਭਾਈਚਾਰੇ ਦੇ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਆਮ ਆਦਮੀ ਪਾਰਟੀ ਦੇ ਐਨਆਰਆਈ ਸੈਲ ਦੇ ਮੁਖੀ ਜਗਤਾਰ ਸਿੰਘ ਸੰਘੇੜਾ ਨੇ ਵੀ ਜੂਨੀਅਰ ਬਾਦਲ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਉਨਾਂ ਕਿਹਾ ਕਿ ਐਨਆਰਆਈ ਭਾਈਚਾਰੇ ਵੱਲੋਂ 2007 ਵਿੱਚ ਅਕਾਲੀ ਦਲ ਦੀ ਮਦਦ ਕੀਤੀ ਗਈ ਸੀ ਅਤੇ ਚੋਣ ਪ੍ਰਚਾਰ ਲਈ ਫੰਡ ਵੀ ਦਿੱਤੇ ਗਏ ਸਨ ਤਾਂਕਿ ਉਹ ਚੰਗੀ ਸਰਕਾਰ ਦੇ ਸਕਣ। ਬਾਦਲ ਪਰਿਵਾਰ ਨੇ ਸੋਚਿਆ ਕਿ ਪੰਜਾਬ ਉਨਾਂ ਦੀ ਕਲੋਨੀ ਹੈ ਅਤੇ ਉਸਨੇ ਸਿਰਫ ਆਪਣੇ ਪਰਿਵਾਰਿਕ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ। ਉਨਾਂ ਕਿਹਾ ਕਿ ਅਕਾਲੀ ਆਗੂ ਨਸ਼ਾ ਵਿਕ੍ਰੇਤਾ ਬਣ ਗਏ ਅਤੇ ਡਰੱਗ ਮਾਫੀਆ ਵਿੱਚ ਸ਼ਾਮਿਲ ਹੋ ਗਏ। ਉਨਾਂ ਕਿਹਾ ਕਿ ਐਨਆਰਆਈ ਭਾਈਚਾਰੇ ਵੱਲੋਂ ਘਰ-ਘਰ ਜਾ ਕੇ ਅਕਾਲੀ ਸਰਕਾਰ ਦੇ ਬੁਰੇ ਕੰਮਾਂ ਨੂੰ ਉਜਾਗਰ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਰਾਘਵ ਚੱਡਾ ਵੱਲੋਂ ਵੀ ਐਨਆਰਆਈ ਵਫਦ ਨੂੰ ਸੰਬੋਧਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…